ਬਾਵਨ ਅਖਰੀ

(ਅੰਗ: 32)


ਹੇਰਉ ਘਟਿ ਘਟਿ ਸਗਲ ਕੈ ਪੂਰਿ ਰਹੇ ਭਗਵਾਨ ॥

ਮੈਂ ਸਭ ਜੀਵਾਂ ਦੇ ਸਰੀਰ ਵਿਚ ਵੇਖਦਾ ਹਾਂ ਕਿ ਪਰਮਾਤਮਾ ਹੀ ਆਪ ਮੌਜੂਦ ਹੈ।

ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ ॥

ਪਰਮਾਤਮਾ ਸਦਾ ਤੋਂ ਹੀ ਹੋਂਦ ਵਾਲਾ ਚਲਿਆ ਆ ਰਿਹਾ ਹੈ, ਉਹ ਜੀਵਾਂ ਦੇ ਦੁੱਖ ਭੀ ਨਾਸ ਕਰਨ ਵਾਲਾ ਹੈ-ਇਹ ਸੂਝ ਗੁਰੂ ਦਾ ਗਿਆਨ ਦੇਂਦਾ ਹੈ (ਗੁਰੂ ਦੇ ਉਪਦੇਸ਼ ਤੋਂ ਇਹ ਸਮਝ ਪੈਂਦੀ ਹੈ)।

ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ ॥

ਮਨੁੱਖ ਦੀ ਹਉਮੈ ਮੁੱਕ ਜਾਂਦੀ ਹੈ, ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ, ਮਨ ਵਿਚੋਂ ਹਉਮੈ ਦਾ ਅਭਾਵ ਹੋ ਜਾਂਦਾ ਹੈ, ਉਥੇ ਪ੍ਰਭੂ ਆਪ ਆ ਵੱਸਦਾ ਹੈ।

ਹਤੇ ਦੂਖ ਜਨਮਹ ਮਰਨ ਸੰਤਸੰਗ ਪਰਤਾਪ ॥

ਸੰਤਾਂ ਦੀ ਸੰਗਤਿ ਦੀ ਬਰਕਤਿ ਨਾਲ ਮਨੁੱਖ ਦੇ ਜਨਮ ਮਰਨ ਦੇ ਦੁੱਖ ਨਾਸ ਹੋ ਜਾਂਦੇ ਹਨ।

ਹਿਤ ਕਰਿ ਨਾਮ ਦ੍ਰਿੜੈ ਦਇਆਲਾ ॥

ਜੇਹੜਾ ਮਨੁੱਖ ਪ੍ਰੇਮ ਨਾਲ ਦਿਆਲ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਂਦਾ ਹੈ,

ਸੰਤਹ ਸੰਗਿ ਹੋਤ ਕਿਰਪਾਲਾ ॥

ਜੋ ਸੰਤ ਜਨਾਂ ਦੀ ਸੰਗਤਿ ਵਿਚ ਰਹਿੰਦਾ ਹੈ, ਪ੍ਰਭੂ ਉਸ ਉਤੇ ਕਿਰਪਾ ਕਰਦਾ ਹੈ।

ਓਰੈ ਕਛੂ ਨ ਕਿਨਹੂ ਕੀਆ ॥

(ਉਸ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਉਰੇ ਹੋਰ ਕੋਈ ਕੁਝ ਕਰਨ-ਜੋਗਾ ਨਹੀਂ ਹੈ,

ਨਾਨਕ ਸਭੁ ਕਛੁ ਪ੍ਰਭ ਤੇ ਹੂਆ ॥੫੧॥

ਹੇ ਨਾਨਕ! ਇਹ ਸਾਰਾ ਜਗਤ-ਆਕਾਰ ਪਰਮਾਤਮਾ ਤੋਂ ਹੀ ਪਰਗਟ ਹੋਇਆ ਹੈ ॥੫੧॥

ਸਲੋਕੁ ॥

ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥

ਅਸੀਂ ਜੀਵ ਖਿਨ ਖਿਨ ਪਿੱਛੋਂ ਭੁੱਲਾਂ ਕਰਨ ਵਾਲੇ ਹਾਂ, ਜੇ ਸਾਡੀਆਂ ਭੁੱਲਾਂ ਦਾ ਲੇਖਾ ਹੋਵੇ ਤਾਂ ਅਸੀਂ ਕਿਸੇ ਤਰ੍ਹਾਂ ਭੀ ਇਸ ਭਾਰ ਤੋਂ ਸੁਰਖ਼ਰੂ ਨਹੀਂ ਹੋ ਸਕਦੇ।

ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥

ਹੇ ਨਾਨਕ! (ਆਖ-) ਹੇ ਬਖ਼ਸ਼ਿੰਦ ਪ੍ਰਭੂ! ਤੂੰ ਆਪ ਹੀ ਸਾਡੀਆਂ ਭੁੱਲਾਂ ਬਖ਼ਸ਼, ਤੇ ਸਾਨੂੰ (ਵਿਕਾਰਾਂ ਦੇ ਸਮੁੰਦਰ ਵਿਚ ਡੁਬਦਿਆਂ ਨੂੰ) ਪਾਰ ਲੰਘਾ ॥੧॥

ਪਉੜੀ ॥

ਪਉੜੀ

ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ ॥

ਮਨੁੱਖ ਨਾ-ਸ਼ੁਕਰਾ ਹੈ, ਗੁਨਹਗਾਰ ਹੈ, ਹੋਛੀ ਮਤ ਵਾਲਾ ਹੈ, ਪਰਮਾਤਮਾ ਨਾਲੋਂ ਓਪਰਾ ਹੀ ਰਹਿੰਦਾ ਹੈ,

ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ ॥

ਜਿਸ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤੇ ਹਨ, ਉਸ ਅਸਲੇ ਨੂੰ ਪਛਾਣਦਾ ਹੀ ਨਹੀਂ।

ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ ॥

ਮਾਇਆ ਖੱਟਣ ਦੀ ਖ਼ਾਤਰ ਦਸੀਂ ਪਾਸੀਂ ਭਾਲ ਕਰਨ ਤੁਰਿਆ ਫਿਰਦਾ ਹੈ,

ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ ॥

ਪਰ ਜੇਹੜਾ ਪ੍ਰਭੂ ਦਾਤਾਰ ਸਭ ਕੁਝ ਦੇਣ ਜੋਗਾ ਹੈ, ਉਸ ਨੂੰ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਆਪਣੇ ਮਨ ਵਿਚ ਨਹੀਂ ਵਸਾਂਦਾ।

ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥

ਲਾਲਚ, ਝੂਠ, ਵਿਕਾਰ ਤੇ ਮਾਇਆ ਦਾ ਮੋਹ-ਬੱਸ! ਇਹੀ ਧਨ ਮਨੁੱਖ ਆਪਣੇ ਮਨ ਵਿਚ ਸਾਂਭੀ ਬੈਠਾ ਹੈ।

ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥

ਜੋ ਵਿਸ਼ਈ ਹਨ, ਚੋਰ ਹਨ, ਮਹਾ ਨਿੰਦਕ ਹਨ, ਉਹਨਾਂ ਦੇ ਸਾਥ ਵਿਚ ਇਸ ਦੀ ਉਮਰ ਬੀਤਦੀ ਹੈ।

ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ॥

(ਪਰ, ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਆਪ ਹੀ ਖੋਟਿਆਂ ਨੂੰ ਖਰਿਆਂ ਦੀ ਸੰਗਤਿ ਵਿਚ ਰੱਖ ਕੇ ਬਖ਼ਸ਼ ਲੈਂਦਾ ਹੈਂ।

ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥੫੨॥

ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਉਹ (ਵਿਚਾਰਾਂ ਵਿਚ) ਪੱਥਰ-ਦਿਲ ਹੋ ਚੁੱਕੇ ਬੰਦਿਆਂ ਨੂੰ ਨਾਮ-ਅੰਮ੍ਰਿਤ ਦੀ ਦਾਤ ਦੇ ਕੇ (ਵਿਕਾਰਾਂ ਦੀਆਂ ਲਹਿਰਾਂ ਵਿਚ ਡੁਬਣੋਂ) ਬਚਾ ਲੈਂਦਾ ਹੈ ॥੫੨॥