(ਇਸ ਤਰ੍ਹਾਂ) ਮਨੁੱਖ ਖਸਮ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪ੍ਰਭੂ ਉਸ ਨੂੰ ਆਤਮਕ ਸੁਖ ਬਖ਼ਸ਼ਦਾ ਹੈ।
ਪਾਰਬ੍ਰਹਮ ਬੜਾ ਬੇਅੰਤ ਹੈ (ਬੇ-ਪਰਵਾਹ ਹੈ),
ਉਹ ਜੀਵਾਂ ਦੇ ਅਣਗਿਣਤ ਹੀ ਪਾਪ ਖਿਣ ਵਿਚ ਬਖ਼ਸ਼ ਦੇਂਦਾ ਹੈ।
ਹੇ ਨਾਨਕ! ਮਾਲਕ-ਪ੍ਰਭੂ ਸਦਾ ਹੀ ਦਇਆ ਕਰਨ ਵਾਲਾ ਹੈ ॥੪੯॥
ਹੇ ਮੇਰੇ ਮਨ! ਮੈਂ ਤੈਨੂੰ ਸੱਚੀ ਗੱਲ ਦੱਸਦਾ ਹਾਂ, (ਇਸ ਨੂੰ) ਸੁਣ। ਉਹ ਜੀਵਾਂ ਦੇ ਅਣਗਿਣਤ ਹੀ ਪਾਪ ਖਿਣ ਵਿਚ ਬਖ਼ਸ਼ ਦੇਂਦਾ ਹੈ ਪਰਮਾਤਮਾ ਦੀ ਸਰਨ ਪਉ।
ਹੇ ਨਾਨਕ! ਸਾਰੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ ਦੇ, (ਸਰਲ ਸੁਭਾਵ ਹੋ ਕੇ ਆਸਰਾ ਲਏਂਗਾ, ਤਾਂ) ਪ੍ਰਭੂ ਤੈਨੂੰ ਆਪਣੇ ਚਰਨਾਂ ਵਿਚ ਜੋੜ ਲਏਗਾ ॥੧॥
ਪਉੜੀ
ਹੇ ਮੇਰੇ ਅੰਞਾਣ ਮਨ! ਚਲਾਕੀਆਂ ਛੱਡ।
ਪਰਮਾਤਮਾ ਚਲਾਕੀਆਂ ਨਾਲ ਤੇ ਹੁਕਮ ਕੀਤਿਆਂ (ਭਾਵ, ਆਕੜ ਵਿਖਾਇਆਂ) ਖ਼ੁਸ਼ ਨਹੀਂ ਹੁੰਦਾ।
ਜੇ ਤੂੰ ਹਜ਼ਾਰਾਂ ਕਿਸਮਾਂ ਦੀਆਂ ਚਲਾਕੀਆਂ ਭੀ ਕਰੇਂਗਾ,
ਇੱਕ ਚਲਾਕੀ ਭੀ ਤੇਰੀ ਮਦਦ ਨਹੀਂ ਕਰ ਸਕੇਗੀ (ਪ੍ਰਭੂ ਦੀ ਹਜ਼ੂਰੀ ਵਿਚ ਤੇਰੇ ਨਾਲ ਨਹੀਂ ਜਾਇਗੀ, ਮੰਨੀ ਨਹੀਂ ਜਾ ਸਕੇਗੀ)।
ਹੇ ਮੇਰੀ ਜਿੰਦੇ! ਬੱਸ! ਉਸ ਪ੍ਰਭੂ ਨੂੰ ਹੀ ਦਿਨ ਰਾਤ ਯਾਦ ਕਰਦੀ ਰਹੁ,
ਪ੍ਰਭੂ ਦੀ ਯਾਦ ਨੇ ਹੀ ਤੇਰੇ ਨਾਲ ਜਾਣਾ ਹੈ।
(ਪਰ ਇਹ ਸਿਮਰਨ ਉਹੀ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਗੁਰੂ ਦੇ ਦਰ ਤੇ ਲਿਆਵੇ) ਜਿਸ ਮਨੁੱਖ ਨੂੰ ਪ੍ਰਭੂ ਆਪ ਗੁਰੂ ਦੀ ਸੇਵਾ ਵਿਚ ਜੋੜਦਾ ਹੈ,
ਹੇ ਨਾਨਕ! ਉਸ ਉਤੇ ਕੋਈ ਦੁੱਖ-ਕਲੇਸ਼ ਜ਼ੋਰ ਨਹੀਂ ਪਾ ਸਕਦਾ ॥੫੦॥
ਹਰੀ ਦਾ ਜਾਪ ਮੂੰਹ ਨਾਲ ਕੀਤਿਆਂ ਜਦੋਂ ਉਹ ਮਨ ਵਿਚ ਆ ਵੱਸਦਾ ਹੈ, ਤਾਂ ਆਤਮਕ ਆਨੰਦ ਪੈਦਾ ਹੁੰਦਾ ਹੈ।
ਹੇ ਨਾਨਕ! ਉਹ ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ, ਹਰੇਕ ਥਾਂ ਦੇ ਅੰਦਰ ਮੌਜੂਦ ਹੈ ॥੧॥
ਪਉੜੀ