ਹੇ ਮਨ! (ਜੇ ਹਉਮੈ ਦੀ ਚੋਭ ਤੋਂ ਬਚਣਾ ਹੈ, ਤਾਂ) ਗੁਰੂ ਦਾ ਆਸਰਾ ਲੈ, ਆਪਣੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ।
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਸਿੱਖਿਆ ਵੱਸ ਪੈਂਦੀ ਹੈ, ਉਸ ਦੇ ਮੱਥੇ ਉਤੇ ਚੰਗਾ ਲੇਖ (ਉਘੜਿਆ ਸਮਝੋ) ॥੧॥
ਪਉੜੀ
ਹੇ ਧਰਤੀ ਦੇ ਸਾਈਂ! (ਹਉਮੈ ਦੀ ਚੋਭ ਤੋਂ ਬਚਣ ਲਈ ਅਨੇਕਾਂ ਚਤੁਰਾਈਆਂ ਸਿਆਣਪਾਂ ਕੀਤੀਆਂ, ਪਰ ਕੁਝ ਨ ਬਣਿਆ, ਹੁਣ) ਹਾਰ ਕੇ ਤੇਰੀ ਸਰਨ ਪਏ ਹਾਂ।
(ਪੰਡਿਤ ਲੋਕ) ਸਿਮ੍ਰਤੀਆਂ ਸ਼ਾਸਤ੍ਰ ਵੇਦ (ਆਦਿਕ ਧਰਮ-ਪੁਸਤਕ) ਉੱਚੀ ਉੱਚੀ ਪੜ੍ਹਦੇ ਹਨ।
ਪਰ ਬਹੁਤ ਵਿਚਾਰ ਵਿਚਾਰ ਕੇ ਇਸੇ ਨਤੀਜੇ ਤੇ ਅਪੜੀਦਾ ਹੈ,
ਕਿ ਹਰੀ-ਨਾਮ ਦੇ ਸਿਮਰਨ ਤੋਂ ਬਿਨਾ (ਹਉਮੈ ਦੀ ਚੋਭ ਤੋਂ) ਖ਼ਲਾਸੀ ਨਹੀਂ ਹੋ ਸਕਦੀ।
ਹੇ ਗੁਪਾਲ! ਅਸੀਂ ਜੀਵ ਸੁਆਸ ਸੁਆਸ ਭੁੱਲਾਂ ਕਰਦੇ ਹਾਂ।
ਤੂੰ ਸਾਡੀਆਂ ਭੁੱਲਾਂ ਨੂੰ ਬਖ਼ਸ਼ਣ-ਜੋਗ ਹੈਂ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ।
ਹੇ ਦਿਆਲ! ਸਰਨ ਪਿਆਂ ਦੀ ਲਾਜ ਰੱਖ (ਤੇ ਸਾਨੂੰ ਹਉਮੈ ਦੇ ਕੰਡੇ ਦੀ ਚੋਭ ਤੋਂ ਬਚਾਈ ਰੱਖ।)
ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ, ਤੇ ਆਖ-) ਹੇ ਗੋਪਾਲ! ਅਸੀਂ ਤੇਰੇ ਬੱਚੇ ਹਾਂ ॥੪੮॥
ਜਦੋਂ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ (ਜਿਸ ਦੀ ਬਰਕਤਿ ਨਾਲ) ਇਸ ਦਾ ਮਨ ਤੇ ਤਨ ਨਰੋਏ ਹੋ ਜਾਂਦੇ ਹਨ।
ਹੇ ਨਾਨਕ! (ਹਉਮੈ ਮਿਟਿਆਂ ਹੀ) ਮਨੁੱਖ ਨੂੰ ਉਹ ਪਰਮਾਤਮਾ (ਹਰ ਥਾਂ) ਦਿੱਸ ਪੈਂਦਾ ਹੈ ਜੋ ਸਚ-ਮੁਚ ਸਿਫ਼ਤ-ਸਾਲਾਹ ਦਾ ਹੱਕਦਾਰ ਹੈ ॥੧॥
ਪਉੜੀ
ਮੈਂ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਲਾ ਕੇ ਕਰਦਾ ਹਾਂ,
ਜੋ ਇਕ ਖਿਣ ਵਿਚ ਉਹਨਾਂ (ਹਿਰਦਿਆਂ) ਨੂੰ (ਭਲੇ ਗੁਣਾਂ ਨਾਲ) ਨਕਾ-ਨਕ ਭਰ ਦੇਂਦਾ ਹੈ ਜੋ ਪਹਿਲਾਂ (ਗੁਣਾਂ ਤੋਂ) ਸੱਖਣੇ ਸਨ।
(ਖ਼ੁਦੀ ਮਿਟਾ ਕੇ ਜਦੋਂ) ਮਨੁੱਖ ਚੰਗੀ ਤਰ੍ਹਾਂ ਨਿਰ-ਅਹੰਕਾਰ ਹੋ ਜਾਂਦਾ ਹੈ,
ਤਾਂ ਹਰ ਵੇਲੇ ਵਾਸਨਾ-ਰਹਿਤ ਪਰਮਾਤਮਾ ਨੂੰ ਸਿਮਰਦਾ ਹੈ।