ਕਿਸੇ ਨਾਲ ਭੀ (ਕੋਈ) ਵੈਰ ਨਹੀਂ ਕਰਨਾ ਚਾਹੀਦਾ,
ਕਿਉਂਕਿ ਹਰੇਕ ਸਰੀਰ ਵਿਚ ਪਰਮਾਤਮਾ ਸਮਾਇਆ ਹੋਇਆ ਹੈ।
ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਜ਼ੱਰੇ ਜ਼ੱਰੇ ਵਿਚ) ਵਿਆਪਕ ਹੈ,
ਪਰ ਕਿਸੇ ਵਿਰਲੇ ਨੇ ਹੀ ਗੁਰੂ ਦੀ ਕਿਰਪਾ ਨਾਲ (ਉਸ ਪ੍ਰਭੂ ਤਕ) ਪਹੁੰਚ ਹਾਸਲ ਕੀਤੀ ਹੈ।
ਉਹਨਾਂ ਦੇ ਮਨ ਵਿਚੋਂ ਵੈਰ ਵਿਰੋਧ ਮਿਟ ਜਾਂਦੇ ਹਨ,
ਜੋ ਗੁਰੂ ਦੀ ਸ਼ਰਨ ਲੈ ਕੇ ਉਸ ਦੀ ਸਿਫ਼ਤ-ਸਾਲਾਹ ਸੁਣਦੇ ਹਨ।
ਪਰਮਾਤਮਾ ਜਾਤਿ-ਪਾਤਿ, ਰੂਪ-ਰੇਖ ਤੋਂ ਨਿਆਰਾ ਹੈ (ਉਸ ਦੀ ਕੋਈ ਜਾਤਿ-ਪਾਤਿ ਉਸ ਦਾ ਕੋਈ ਰੂਪ-ਰੇਖ ਦੱਸੇ ਨਹੀਂ ਜਾ ਸਕਦੇ)।
(ਪਰ) ਹੇ ਨਾਨਕ! ਜੋ ਜੋ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਹਰੀ ਨੂੰ ਸਿਮਰਦੇ ਹਨ (ਉਨ੍ਹਾਂ ਨੂੰ ਇਹ ਅਵੱਸਥਾ ਪ੍ਰਾਪਤ ਹੁੰਦੀ ਹੈ) ॥੪੬॥
ਮਾਇਆ-ਗ੍ਰਸੇ ਮੂਰਖ ਬੇਸਮਝ ਮਨੁੱਖਾਂ ਦੀ ਉਮਰ ਇਸੇ ਵਹਣ ਵਿਚ ਬੀਤ ਜਾਂਦੀ ਹੈ ਕਿ ਮੈਂ ਹੀ ਵੱਡਾ ਹੋਵਾਂ, ਮੈਂ ਹੀ ਹੋਵਾਂ।
ਹੇ ਨਾਨਕ! ਹਉਮੈ ਦੇ ਆਸਰੇ ਕੀਤੇ ਕੰਮਾਂ (ਦੇ ਸੰਸਕਾਰਾਂ) ਦੇ ਕਾਰਨ, ਹਉਮੈ ਦਾ ਕੰਡਾ ਚੁਭ ਚੁਭ ਕੇ ਹੀ ਉਹਨਾਂ ਦੀ ਆਤਮਕ ਮੌਤ ਹੋ ਜਾਂਦੀ ਹੈ, ਜਿਵੇਂ ਕੋਈ ਤ੍ਰਿਹਾਇਆ (ਪਾਣੀ ਖੁਣੋਂ ਮਰਦਾ ਹੈ, ਉਹ ਆਤਮਕ ਸੁਖ ਬਾਝੋਂ ਤੜਫਦੇ ਹਨ) ॥੧॥
ਪਉੜੀ
(ਮਨੁੱਖ ਦੇ ਅੰਦਰੋਂ ਹਉਮੈ ਦੇ ਕੰਡੇ ਦੀ) ਚੋਭ ਗੁਰੂ ਦੀ ਸੰਗਤਿ ਵਿਚ ਹੀ ਮਿਟਦੀ ਹੈ,
(ਕਿਉਂਕਿ ਸੰਗਤਿ ਵਿਚ ਪ੍ਰਭੂ ਦਾ ਨਾਮ ਮਿਲਦਾ ਹੈ ਤੇ) ਹਰੀ-ਨਾਮ ਦਾ ਸਿਮਰਨ ਸਾਰੇ ਧਾਰਮਿਕ ਕਰਮਾਂ ਦਾ ਨਿਚੋੜ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਸੋਹਣਾ ਪ੍ਰਭੂ ਆ ਵੱਸੇ,
ਉਸ ਦੇ ਅੰਦਰੋਂ ਹਉਮੈ ਦੇ ਕੰਡੇ ਦੀ ਚੋਭ ਜ਼ਰੂਰ ਨਾਸ ਹੋ ਜਾਂਦੀ ਹੈ, ਮਿਟ ਜਾਂਦੀ ਹੈ।
ਇਹ ਹਉਮੈ ਵਾਲੀ ਰੜਕ (ਆਪਣੇ ਅੰਦਰ) ਉਹੀ ਮੂਰਖ ਮਾਇਆ-ਗ੍ਰਸੇ ਬੰਦੇ ਕਾਇਮ ਰੱਖਦੇ ਹਨ,
ਜਿਨ੍ਹਾਂ ਦੇ ਹਿਰਦੇ ਵਿਚ ਹਉਮੈ ਵਾਲੀ ਬੁੱਧੀ ਤੋਂ ਉਪਜੇ ਭੈੜ ਟਿਕੇ ਰਹਿੰਦੇ ਹਨ।
ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਹਉਮੈ ਵਾਲੀ ਚੋਭ ਦੂਰ ਕਰ ਲਈ,
ਹੇ ਨਾਨਕ! ਉਹਨਾਂ ਨੂੰ ਗੁਰੂ ਅੱਖ ਦੇ ਇਕ ਫੋਰ ਵਿਚ ਹੀ ਆਤਮਕ ਆਨੰਦ ਦੀ ਝਲਕ ਵਿਖਾ ਦੇਂਦਾ ਹੈ ॥੪੭॥