ਆਸਾ ਕੀ ਵਾਰ

(ਅੰਗ: 15)


ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥

ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ;

ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥

ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ;

ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥

ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ ਦਿੱਤੇ ਜਾਣ;

ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥

ਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ (ਤਾਂ ਭੀ ਰੱਬ ਦੀ ਦਰਗਾਹ ਵਿਚ ਇਸ ਵਿਚੋਂ ਕੁਝ ਭੀ ਪਰਵਾਨ ਨਹੀਂ ਹੁੰਦਾ)।

ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥

ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਬੂਲ ਪੈਂਦੀ ਹੈ, (ਪ੍ਰਭੂ ਦੀ ਵਡਿਆਈ ਤੋਂ ਬਿਨਾ) ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿਚ ਹੀ ਭਟਕਦੇ ਫਿਰਨਾ ਹੈ ॥੧॥

ਮਃ ੧ ॥

ਲਿਖਿ ਲਿਖਿ ਪੜਿਆ ॥ ਤੇਤਾ ਕੜਿਆ ॥

ਜਿਤਨਾ ਕੋਈ ਮਨੁੱਖ (ਕੋਈ ਵਿੱਦਿਆ) ਲਿਖਣੀ ਪੜ੍ਹਨੀ ਜਾਣਦਾ ਹੈ, ਉਤਨਾ ਹੀ ਉਸ ਨੂੰ ਆਪਣੀ ਵਿੱਦਿਆ ਦਾ ਮਾਣ ਹੈ (ਸੋ ਇਹ ਜ਼ਰੂਰੀ ਨਹੀਂ ਕਿ ਰੱਬ ਦੇ ਦਰ ਤੇ ਪਰਵਾਨ ਹੋਣ ਲਈ ਵਿੱਦਿਆ ਦੀ ਲੋੜ ਹੈ)।

ਬਹੁ ਤੀਰਥ ਭਵਿਆ ॥ ਤੇਤੋ ਲਵਿਆ ॥

ਜਿਤਨਾ ਹੀ ਕੋਈ ਬਹੁਤੇ ਤੀਰਥਾਂ ਦੀ ਯਾਤ੍ਰਾ ਕਰਦਾ ਹੈ, ਉਤਨਾ ਹੀ ਥਾਂ ਥਾਂ ਤੇ ਦੱਸਦਾ ਫਿਰਦਾ ਹੈ (ਕਿ ਮੈਂ ਫਲਾਣੇ ਤੀਰਥ ਤੇ ਇਸ਼ਨਾਨ ਕਰ ਆਇਆ ਹਾਂ। ਸੋ ਤੀਰਥ-ਯਾਤ੍ਰਾ ਭੀ ਅਹੰਕਾਰ ਦਾ ਹੀ ਕਾਰਨ ਬਣਦੀ ਹੈ)।

ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥

ਕਿਸੇ ਨੇ (ਲੋਕਾਂ ਨੂੰ ਪਤਿਆਉਣ ਵਾਸਤੇ, ਧਰਮ ਦੇ) ਕਈ ਚਿਹਨ ਧਾਰੇ ਹੋਏ ਹਨ, ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ,

ਸਹੁ ਵੇ ਜੀਆ ਅਪਣਾ ਕੀਆ ॥

(ਉਸ ਨੂੰ ਭੀ ਇਹੀ ਕਹਿਣਾ ਠੀਕ ਜਾਪਦਾ ਹੈ ਕਿ) ਆਪਣੇ ਕੀਤੇ ਦਾ ਦੁੱਖ ਸਹਾਰ (ਭਾਵ, ਇਹ ਭੇਖ ਧਾਰਨੇ ਸਰੀਰ ਨੂੰ ਦੁੱਖ ਦੇਣੇ ਭੀ ਰੱਬ ਦੇ ਦਰ ਤੇ ਕਬੂਲ ਨਹੀਂ ਹਨ)।

ਅੰਨੁ ਨ ਖਾਇਆ ਸਾਦੁ ਗਵਾਇਆ ॥

(ਹੋਰ ਤੱਕੋ, ਜਿਸ ਨੇ) ਅੰਨ ਛੱਡਿਆ ਹੋਇਆ ਹੈ (ਪ੍ਰਭੂ ਦਾ ਸਿਮਰਨ ਤਾਂ ਨਹੀਂ ਕਰਦਾ, ਸਿਮਰਨ ਤਿਆਗ ਕੇ) ਉਸ ਨੂੰ ਇਹ ਹੋਰ ਹੀ ਕੰਮ ਚੰਗਾ ਲੱਗਾ ਹੋਇਆ ਹੈ,

ਬਹੁ ਦੁਖੁ ਪਾਇਆ ਦੂਜਾ ਭਾਇਆ ॥

ਉਸ ਨੇ ਭੀ ਆਪਣੀ ਜ਼ਿੰਦਗੀ ਤਲਖ਼ ਬਣਾਈ ਹੋਈ ਹੈ ਅਤੇ ਦੁੱਖ ਸਹਾਰ ਰਿਹਾ ਹੈ।

ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥

ਕੱਪੜੇ ਨਹੀਂ ਪਾਂਦਾ, ਤੇ ਦਿਨ ਰਾਤ ਔਖਾ ਹੋ ਰਿਹਾ ਹੈ।

ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥

(ਇੱਕਲਵਾਂਝੇ) ਚੁੱਪ ਵੱਟ ਕੇ (ਅਸਲੀ ਰਾਹ ਤੋਂ) ਖੁੰਝਿਆ ਹੋਇਆ ਹੈ, ਭਲਾ ਦੱਸੋ (ਮਾਇਆ ਦੀ ਨੀਂਦਰ ਵਿਚ) ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ?

ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥

(ਇਕ) ਪੈਰਾਂ ਤੋਂ ਨੰਗਾ ਫਿਰਦਾ ਹੈ, ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ।

ਅਲੁ ਮਲੁ ਖਾਈ ਸਿਰਿ ਛਾਈ ਪਾਈ ॥

(ਸੁੱਚਾ ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿਚ ਸੁਆਹ ਪਾ ਰੱਖੀ ਹੈ,

ਮੂਰਖਿ ਅੰਧੈ ਪਤਿ ਗਵਾਈ ॥

ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ।

ਵਿਣੁ ਨਾਵੈ ਕਿਛੁ ਥਾਇ ਨ ਪਾਈ ॥

ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ ਹੈ।

ਰਹੈ ਬੇਬਾਣੀ ਮੜੀ ਮਸਾਣੀ ॥

ਉਜਾੜਾਂ ਵਿਚ, ਮੜ੍ਹੀਆਂ ਵਿਚ, ਮਸਾਣਾਂ ਵਿਚ ਜਾ ਰਹਿੰਦਾ ਹੈ,

ਅੰਧੁ ਨ ਜਾਣੈ ਫਿਰਿ ਪਛੁਤਾਣੀ ॥

ਅੰਨ੍ਹਾ (ਮੂਰਖ ਰੱਬ ਵਾਲਾ ਰਸਤਾ) ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਂਦਾ ਹੈ।