ਹੇ ਨਾਨਕ! ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾ ਟਿੱਕਾ ਜਨੇਊ ਆਦਿਕ ਧਾਰਮਕ ਭੇਖ ਕਿਸੇ ਅਰਥ ਨਹੀਂ ॥੧॥
ਲੱਖਾਂ ਨੇਕੀ ਦੇ ਤੇ ਚੰਗੇ ਕੰਮ ਕੀਤੇ ਜਾਣ, ਲੱਖਾਂ ਕੰਮ ਧਰਮ ਦੇ ਕੀਤੇ ਜਾਣ, ਜੋ ਲੋਕਾਂ ਦੀਆਂ ਨਜ਼ਰਾਂ ਵਿਚ ਭੀ ਚੰਗੇ ਪ੍ਰਤੀਤ ਹੋਣ;
ਤੀਰਥਾਂ ਉੱਤੇ ਜਾ ਕੇ ਲੱਖਾਂ ਤਪ ਸਾਧੇ ਜਾਣ, ਜੰਗਲਾਂ ਵਿਚ ਜਾ ਕੇ ਸੁੰਨ ਸਮਾਧੀ ਵਿਚ ਟਿਕ ਕੇ ਜੋਗ-ਸਾਧਨ ਕੀਤੇ ਜਾਣ;
ਰਣ-ਭੂਮੀਆਂ ਵਿਚ ਜਾ ਕੇ ਸੂਰਮਿਆਂ ਵਾਲੇ ਬੇਅੰਤ ਬਹਾਦਰੀ ਦੇ ਕਾਰਨਾਮੇ ਵਿਖਾਏ ਜਾਣ, ਜੰਗ ਵਿਚ (ਹੀ ਵੈਰੀ ਦੇ ਸਨਮੁਖ ਹੋ ਕੇ) ਜਾਨ ਦਿੱਤੀ ਜਾਏ,
ਲੱਖਾਂ (ਤਰੀਕਿਆਂ ਨਾਲ) ਸੁਰਤ ਪਕਾਈ ਜਾਵੇ, ਗਿਆਨ-ਚਰਚਾ ਕੀਤੀ ਜਾਏ ਤੇ ਮਨ ਨੂੰ ਇਕਾਗਰ ਕਰਨ ਦੇ ਜਤਨ ਕੀਤੇ ਜਾਣ, ਬੇਅੰਤ ਵਾਰੀ ਹੀ ਪੁਰਾਣ ਆਦਿਕ ਧਰਮ ਪੁਸਤਕਾਂ ਦੇ ਪਾਠ ਪੜ੍ਹੇ ਜਾਣ;
ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜਿਸ ਨੇ ਜੀਵਾਂ ਦਾ ਜੰਮਣਾ ਮਰਨਾ ਨੀਯਤ ਕੀਤਾ ਹੈ (ਉਸ ਦੀ ਬਖ਼ਸ਼ਸ਼ ਦਾ ਪਾਤਰ ਬਣਨ ਲਈ ਉਸ ਦਾ ਨਾਮ ਸਿਮਰਨਾ ਹੀ ਉੱਤਮ ਮੱਤ ਹੈ)
(ਪਰ) ਹੇ ਨਾਨਕ! ਇਹ ਸਾਰੀਆਂ ਸਿਆਣਪਾਂ ਵਿਅਰਥ ਹਨ। (ਦਰਗਾਹ ਵਿਚ ਕਬੂਲ ਪੈਣ ਵਾਸਤੇ) ਉਸ ਪ੍ਰਭੂ ਦੀ ਬਖ਼ਸ਼ਸ਼ ਹੀ ਸੱਚਾ ਪਰਵਾਨਾ ਹੈ ॥੨॥
ਹੇ ਪ੍ਰਭੂ! ਕੇਵਲ ਤੂੰ ਹੀ ਪੂਰਨ ਤੌਰ ਤੇ ਅਡੋਲ ਰਹਿਣ ਵਾਲਾ ਮਾਲਕ (ਪੂਰਨ ਤੌਰ ਤੇ ਖਿੜਿਆ ਹੋਇਆ) ਹੈਂ, ਅਤੇ ਤੂੰ ਆਪ ਹੀ ਆਪਣੀ ਅਡੋਲਤਾ ਦਾ ਗੁਣ (ਜਗਤ ਵਿਚ) ਵਰਤਾ ਦਿੱਤਾ ਹੈ।
(ਪਰ) ਇਹ ਖਿੜਾਉ ਵਾਲਾ ਗੁਣ (ਕੇਵਲ) ਉਸ ਉਸ ਜੀਵ ਨੂੰ ਹੀ ਮਿਲਦਾ ਹੈ ਜਿਸ ਜਿਸ ਨੂੰ ਤੂੰ ਆਪ ਦੇਂਦਾ ਹੈਂ, ਤੇਰੀ ਬਖ਼ਸ਼ਸ਼ ਦੀ ਬਰਕਤਿ ਨਾਲ, ਉਹ ਮਨੁੱਖ ਉਸ ਖਿੜਾਉ ਅਨੁਸਾਰ ਆਪਣਾ ਜੀਵਨ ਬਣਾਉਂਦੇ ਹਨ।
ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹਨਾਂ ਨੂੰ ਇਹ ਪੂਰਨ ਖਿੜਾਉ ਵਾਲੀ ਦਾਤ ਮਿਲਦੀ ਹੈ, ਸਤਿਗੁਰੂ ਉਹਨਾਂ ਦੇ ਹਿਰਦੇ ਵਿਚ ਇਹ ਖਿੜਾਉ ਟਿਕਾ ਦੇਂਦਾ ਹੈ।
ਮੂਰਖਾਂ ਨੂੰ ਇਸ ਖਿੜਾਉ ਦੀ ਸਾਰ ਨਹੀਂ ਆਉਂਦੀ, ਉਹ ਮਨਮੁਖ (ਇਸ ਤੋਂ ਵਾਂਜੇ ਰਹਿ ਕੇ) ਆਪਣਾ ਜਨਮ ਅਜਾਈਂ ਗਵਾਉਂਦੇ ਹਨ,
ਜਗਤ ਵਿਚ ਜਨਮ ਲੈਣ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ ॥੮॥
ਆਤਮਕ ਜੀਵਨ ਦੇਣ ਵਾਲੀ ਪ੍ਰਭੂ ਭਗਤੀ ਦੇ ਖ਼ਜ਼ਾਨੇ ਗੁਰੂ ਸਤਿਗੁਰੂ ਦੇ ਕੋਲ ਹੀ ਹਨ।
ਇਸ ਸਦਾ-ਥਿਰ ਹਰਿ-ਭਗਤੀ ਦੇ ਖ਼ਜ਼ਾਨੇ ਦਾ ਸਾਹੂਕਾਰ ਗੁਰੂ ਸਤਿਗੁਰੂ ਹੀ ਹੈ, ਉਹ ਆਪਣੇ ਸਿੱਖਾਂ ਨੂੰ ਇਹ ਭਗਤੀ-ਸਰਮਾਇਆ ਦੇਂਦਾ ਹੈ।
(ਪ੍ਰਭੂ-ਭਗਤੀ ਦਾ ਵਣਜ) ਸ੍ਰੇਸ਼ਟ ਵਣਜ ਹੈ, ਭਾਗਾਂ ਵਾਲਾ ਹੈ ਉਹ ਮਨੁੱਖ ਜੋ ਇਹ ਵਣਜ ਕਰਦਾ ਹੈ, ਨਾਮ-ਧਨ ਦਾ ਸ਼ਾਹ ਗੁਰੂ ਉਸ ਮਨੁੱਖ ਨੂੰ ਸ਼ਾਬਾਸ਼ ਦੇਂਦਾ ਹੈ।
ਦਾਸ ਨਾਨਕ ਆਖਦਾ ਹੈ, ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ (ਇਸ ਸਰਮਾਏ ਦੀ ਪ੍ਰਾਪਤੀ ਦਾ) ਲੇਖ ਲਿਖਿਆ ਹੈ ਉਹਨਾਂ ਨੂੰ ਹੀ ਮਿਲਦਾ ਹੈ ॥੧॥