ਆਸਾ ਕੀ ਵਾਰ

(ਅੰਗ: 16)


ਸਤਿਗੁਰੁ ਭੇਟੇ ਸੋ ਸੁਖੁ ਪਾਏ ॥

ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ (ਅਸਲੀ) ਸੁਖ ਉਹੀ ਮਾਣਦਾ ਹੈ,

ਹਰਿ ਕਾ ਨਾਮੁ ਮੰਨਿ ਵਸਾਏ ॥

ਉਹ (ਵਡਭਾਗੀ) ਰੱਬ ਦਾ ਨਾਮ ਆਪਣੇ ਹਿਰਦੇ ਵਿਚ (ਟਿਕਾਂਦਾ) ਹੈ।

ਨਾਨਕ ਨਦਰਿ ਕਰੇ ਸੋ ਪਾਏ ॥

(ਪਰ) ਹੇ ਨਾਨਕ! ਗੁਰੂ ਭੀ ਉਸੇ ਨੂੰ ਹੀ ਮਿਲਦਾ ਹੈ ਜਿਸ ਉੱਤੇ ਆਪ ਦਾਤਾਰ ਮਿਹਰ ਦੀ ਨਜ਼ਰ ਕਰਦਾ ਹੈ।

ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥

ਉਸ ਸੰਸਾਰ ਦੀਆਂ ਆਸਾਂ ਤੇ ਫ਼ਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦੇਂਦਾ ਹੈ ॥੨॥

ਪਉੜੀ ॥

ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥

(ਹੇ ਪ੍ਰਭੂ!) ਤੈਨੂੰ ਆਪਣੇ ਮਨ ਵਿਚ ਭਗਤ ਪਿਆਰੇ ਲਗਦੇ ਹਨ, ਜੋ ਤੇਰੀ ਸਿਫ਼ਤਿ-ਸਾਲਾਹ ਕਰ ਰਹੇ ਹਨ ਤੇ ਤੇਰੇ ਦਰ ਉੱਤੇ ਸੋਭ ਰਹੇ ਹਨ।

ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੑੀ ਧਾਵਦੇ ॥

ਹੇ ਨਾਨਕ! ਭਾਗ-ਹੀਣ ਮਨੁੱਖ ਭਟਕਦੇ ਫਿਰਦੇ ਹਨ, ਉਨ੍ਹਾਂ ਨੂੰ ਪ੍ਰਭੂ ਦੇ ਦਰ ਤੇ ਥਾਂ ਨਹੀਂ ਮਿਲਦੀ,

ਇਕਿ ਮੂਲੁ ਨ ਬੁਝਨਿੑ ਆਪਣਾ ਅਣਹੋਦਾ ਆਪੁ ਗਣਾਇਦੇ ॥

(ਕਿਉਂਕਿ) ਇਹ (ਵਿਚਾਰੇ) ਆਪਣੇ ਅਸਲੇ ਨੂੰ ਨਹੀਂ ਸਮਝਦੇ, (ਰੱਬੀ ਗੁਣ ਦੀ ਪੂੰਜੀ ਆਪਣੇ ਅੰਦਰ) ਹੋਣ ਤੋਂ ਬਿਨਾ ਹੀ ਆਪਣੇ ਆਪ ਨੂੰ ਵੱਡਾ ਜਤਲਾਂਦੇ ਹਨ।

ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥

(ਹੇ ਪ੍ਰਭੂ!) ਮੈਂ ਨੀਵੀਂ ਜਾਤ ਵਾਲਾ (ਤੇਰੇ ਦਰ ਦਾ) ਇਕ ਮਾੜਾ ਜਿਹਾ ਢਾਢੀ ਹਾਂ, ਹੋਰ ਲੋਕ (ਆਪਣੇ ਆਪ ਨੂੰ) ਉੱਤਮ ਜਾਤ ਵਾਲੇ ਅਖਵਾਂਦੇ ਹਨ।

ਤਿਨੑ ਮੰਗਾ ਜਿ ਤੁਝੈ ਧਿਆਇਦੇ ॥੯॥

ਜੋ ਤੇਰਾ ਭਜਨ ਕਰਦੇ ਹਨ, ਮੈਂ ਉਹਨਾਂ ਪਾਸੋਂ (ਤੇਰਾ 'ਨਾਮ') ਮੰਗਦਾ ਹਾਂ ॥੯॥

ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ ॥

ਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ ਤੂੰ ਸਾਡਾ ਸਦਾ ਕਾਇਮ ਰਹਿਣ ਵਾਲਾ ਸ਼ਾਹ ਹੈਂ (ਤੇਰਾ ਪੈਦਾ ਕੀਤਾ ਹੋਇਆ ਇਹ) ਸਾਰਾ ਜਗਤ ਇਥੇ ਤੇਰੇ ਦਿੱਤੇ ਨਾਮ-ਸਰਮਾਏ ਨਾਲ ਨਾਮ ਦਾ ਵਣਜ ਕਰਨ ਆਇਆ ਹੋਇਆ ਹੈ।

ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ ਥਾਰਾ ॥

ਹੇ ਪ੍ਰਭੂ! ਇਹ ਸਾਰੇ ਜੀਵ ਜੰਤ ਤੂੰ ਹੀ ਪੈਦਾ ਕੀਤੇ ਹਨ, ਇਹਨਾਂ ਦੇ ਅੰਦਰ ਤੇਰੀ ਹੀ ਦਿੱਤੀ ਹੋਈ ਜਿੰਦ-ਵਸਤ ਮੌਜੂਦ ਹੈ।

ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥

ਕੋਈ ਵਿਚਾਰਾ ਜੀਵ (ਆਪਣੇ ਉੱਦਮ ਨਾਲ) ਕੁਝ ਭੀ ਨਹੀਂ ਕਰ ਸਕਦਾ, ਜੇਹੜਾ ਕੋਈ (ਗੁਣ ਔਗੁਣ) ਪਦਾਰਥ ਤੂੰ ਇਹਨਾਂ ਸਰੀਰਾਂ ਵਿਚ ਪਾਂਦਾ ਹੈ ਉਹੀ ਉੱਘੜਦਾ ਹੈ।

ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ ॥੨॥

ਹੇ ਹਰੀ! ਆਪਣੇ ਦਾਸ ਨਾਨਕ ਨੂੰ ਭੀ ਤੂੰ ਹੀ (ਮੇਹਰ ਕਰ ਕੇ) ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ਿਆ ਹੈ ॥੨॥

ਸਲੋਕੁ ਮਃ ੧ ॥

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥

ਇਹ ਸਾਰਾ ਜਗਤ ਛਲ ਰੂਪ ਹੈ (ਜਿਵੇਂ ਮਦਾਰੀ ਦਾ ਸਾਰਾ ਤਮਾਸ਼ਾ ਛਲ ਰੂਪ ਹੈ), (ਇਸ ਵਿਚ ਕੋਈ) ਰਾਜਾ (ਹੈ, ਤੇ ਕਈ ਲੋਕ) ਪਰਜਾ (ਹਨ)। ਇਹ ਭੀ (ਮਦਾਰੀ ਦੇ ਰੁਪਏ ਤੇ ਖੋਪੇ ਆਦਿਕ ਵਿਖਾਣ ਵਾਂਗ) ਛਲ ਹੀ ਹਨ।

ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥

(ਇਸ ਜਗਤ ਵਿਚ ਕਿਤੇ ਇਹਨਾਂ ਰਾਜਿਆਂ ਦੇ) ਸ਼ਾਮਿਆਨੇ ਤੇ ਮਹਲ ਮਾੜੀਆਂ (ਹਨ, ਇਹ) ਭੀ ਛਲ ਰੂਪ ਹਨ, ਤੇ ਇਹਨਾਂ ਵਿਚ ਵੱਸਣ ਵਾਲਾ (ਰਾਜਾ) ਭੀ ਛਲ ਹੀ ਹੈ।

ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨੑਣਹਾਰੁ ॥

ਸੋਨਾ, ਚਾਂਦੀ (ਅਤੇ ਸੋਨੇ ਚਾਂਦੀ ਨੂੰ ਪਹਿਨਣ ਵਾਲੇ ਭੀ) ਭਰਮ ਰੂਪ ਹੀ ਹਨ,

ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥

ਇਹ ਸਰੀਰਕ ਅਕਾਰ, (ਸੋਹਣੇ ਸੋਹਣੇ) ਕੱਪੜੇ ਅਤੇ (ਸਰੀਰਾਂ ਦਾ) ਬੇਅੰਤ ਸੋਹਣਾ ਰੂਪ ਇਹ ਭੀ ਸਾਰੇ ਛਲ ਹੀ ਹਨ (ਪ੍ਰਭੂ-ਮਦਾਰੀ ਤਮਾਸ਼ੇ ਆਏ ਜੀਵਾਂ ਨੂੰ ਖ਼ੁਸ਼ ਕਰਨ ਵਾਸਤੇ ਵਿਖਾ ਹਿਹਾ ਹੈ)।

ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥

(ਪ੍ਰਭੂ ਨੇ ਕਿਤੇ) ਮਨੁੱਖ (ਬਣਾ ਦਿੱਤੇ ਹਨ, ਕਿਤੇ) ਇਸਤ੍ਰੀਆਂ; ਇਹ ਸਾਰੇ ਭੀ ਛਲ ਰੂਪ ਹਨ, ਜੋ (ਇਸ ਇਸਤ੍ਰੀ ਮਰਦ ਵਾਲੇ ਸੰਬੰਧ-ਰੂਪ ਛਲ ਵਿਚ) ਖਚਿਤ ਹੋ ਕੇ ਖ਼ੁਆਰ ਹੋ ਰਹੇ ਹਨ।