(ਹੇ ਭਾਈ! ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤੀ ਹੈ) ਗੁਰੂ ਦੀ (ਇਸ) ਮੂਰਤੀ ਦਾ (ਮੇਰੇ) ਮਨ ਵਿਚ ਧਿਆਨ ਟਿਕਿਆ ਰਹਿੰਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਮੇਰਾ ਮਨ ਨਾਮ-ਮੰਤ੍ਰ ਨੂੰ (ਸਭ ਮੰਤ੍ਰਾਂ ਤੋਂ ਸ੍ਰੇਸ਼ਟ ਮੰਤ੍ਰ) ਮੰਨ ਰਿਹਾ ਹੈ।
(ਤਾਹੀਏਂ, ਹੇ ਭਾਈ!) ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਲੈ ਕੇ ਵਸਾਈ ਰੱਖਦਾ ਹਾਂ।
ਮੈਂ ਤਾਂ ਗੁਰੂ (ਨੂੰ) ਪਰਮਾਤਮਾ (ਦਾ ਰੂਪ ਜਾਣ ਕੇ ਉਸ) ਨੂੰ ਸਦਾ ਨਮਸਕਾਰ ਕਰਦਾ ਹਾਂ ॥੧॥
ਹੇ ਭਾਈ! ਦੁਨੀਆ ਵਿਚ ਕਿਤੇ ਕੋਈ ਮਨੁੱਖ ਭਟਕਣਾ ਵਿਚ ਪੈ ਕੇ (ਇਹ ਗੱਲ) ਨਾਹ ਭੁੱਲ ਜਾਏ,
ਕਿ ਗੁਰੂ ਤੋਂ ਬਿਨਾ ਕੋਈ ਭੀ ਜੀਵ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੇਗਾ ॥੧॥ ਰਹਾਉ ॥
ਹੇ ਭਾਈ! ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ (ਹੀ ਸਹੀ ਜੀਵਨ ਦੇ) ਰਸਤੇ ਉਤੇ (ਸਦਾ) ਪਾਇਆ ਹੈ,
ਹੋਰ (ਦੇਵੀ ਦੇਵਤਿਆਂ ਦੀ ਭਗਤੀ) ਛਡਾ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਿਆ ਹੈ।
(ਤੇ, ਇਸ ਤਰ੍ਹਾਂ ਉਸ ਦੇ ਅੰਦਰੋਂ) ਜਨਮ ਮਰਨ ਦੇ ਗੇੜ ਦਾ ਸਹਿਮ ਮੁਕਾ ਦਿੱਤਾ ਹੈ।
ਹੇ ਭਾਈ! ਪੂਰੇ ਗੁਰੂ ਦੀ ਵਡਿਆਈ ਦਾ ਅੰਤ ਨਹੀਂ ਪੈ ਸਕਦਾ ॥੨॥
ਹੇ ਭਾਈ! (ਮਾਇਆ ਵਲ) ਉਲਟਿਆ ਹੋਇਆ ਹਿਰਦਾ-ਕੌਲ ਗੁਰੂ ਦੀ ਕਿਰਪਾ ਨਾਲ (ਪਰਤ ਕੇ) ਖਿੜ ਪੈਂਦਾ ਹੈ।
(ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ (ਸਹੀ ਉੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।
ਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਜਾਣ-ਪਛਾਣ ਬਣ ਜਾਂਦੀ ਹੈ ਜਿਸ ਨੇ (ਇਹ ਸਾਰਾ ਜਗਤ) ਪੈਦਾ ਕੀਤਾ ਹੈ।
(ਇਹ) ਮੂਰਖ ਮਨ ਗੁਰੂ ਦੀ ਕਿਰਪਾ ਨਾਲ (ਪ੍ਰਭੂ-ਚਰਨਾਂ ਵਿਚ ਜੁੜਨਾ) ਗਿੱਝ ਜਾਂਦਾ ਹੈ ॥੩॥
ਹੇ ਭਾਈ! ਗੁਰੂ (ਆਤਮਕ ਅਵਸਥਾ ਵਿਚ ਕਰਤਾਰ ਨਾਲ ਇਕ-ਸੁਰ ਹੋਣ ਕਰਕੇ ਉਸ) ਕਰਤਾਰ ਦਾ ਰੂਪ ਹੈ ਜੋ ਸਭ ਕੁਝ ਕਰਨ ਦੇ ਸਮਰਥ ਹੈ।
ਗੁਰੂ ਉਸ ਪਰਮੇਸਰ ਦਾ ਰੂਪ ਹੈ, ਜੋ (ਪਹਿਲਾਂ ਭੀ ਮੌਜੂਦ ਸੀ) ਹੁਣ ਭੀ ਮੌਜੂਦ ਹੈ ਅਤੇ ਸਦਾ ਕਾਇਮ ਰਹੇਗਾ।
ਨਾਨਕ ਆਖਦਾ ਹੈ- ਪ੍ਰਭੂ ਨੇ ਮੈਨੂੰ ਇਹੀ ਗੱਲ ਸਮਝਾਈ ਹੈ (ਕਿ)
ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਾਇਆ ਦੇ ਮੋਹ ਦੇ ਅੰਧਕਾਰ ਤੋਂ) ਖ਼ਲਾਸੀ ਨਹੀਂ ਹੋ ਸਕਦੀ ॥੪॥੫॥੭॥
ਗੋਂਡ ਜਿੱਤ ਦਾ ਪ੍ਰਗਟਾਵਾ ਹੈ, ਹਾਲਾਂਕਿ, ਇਹ ਭਾਵਨਾਵਾਂ ਸੰਤੁਲਿਤ ਹਨ ਅਤੇ ਪਰਿਪੇਖ ਵਿੱਚ ਇਹ ਸੁਨਿਸ਼ਚਿਤ ਕਰਦੀਆਂ ਹਨ ਕਿ ਨਿਮਰਤਾ ਦਾ ਇੱਕ ਪਹਿਲੂ ਵੀ ਹੈ.