(ਸਤਿਗੁਰੂ ਦੀ ਮੱਤ ਦੀ ਸਹੈਤਾ ਨਾਲ) ਜੋ ਮਨੁੱਖ ਮੁੜ ਮੁੜ (ਆਪਣਾ ਆਪ) ਖੋਜ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ,
ਉਹ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ ਪਕਾ ਲੈਂਦਾ ਹੈ, ਤੇ, ਆਪਣਾ ਮਨ ਆਪਣੇ ਸਤਿਗੁਰੂ ਵਿਚ ਲੀਨ ਕਰ ਦੇਂਦਾ ਹੈ।
ਹਰੇਕ ਜੀਵ ਉਸ ਦੇ ਖਰੇ (ਸੁੱਚੇ) ਜੀਵਨ ਦੀ ਸਲਾਘਾ ਕਰਦਾ ਹੈ,
ਉਹ ਸਦਾ ਲਈ ਸੁੱਚਾ ਸ੍ਰੇਸ਼ਟ ਬਣ ਜਾਂਦਾ ਹੈ।
ਪਰ ਜੋ ਜੀਵ ਦੁਨੀਆ ਦੇ ਭੋਗ ਭੋਗਦੇ ਰਹਿੰਦੇ ਹਨ ਉਹ ਆਤਮਕ ਜੀਵਨ ਵਲੋਂ ਮਰ ਜਾਂਦੇ ਹਨ, ਉਹਨਾਂ ਨੂੰ (ਨਾਮ-ਅੰਮ੍ਰਿਤ ਦੀ) ਸੂਝ ਨਹੀਂ ਪੈਂਦੀ।
(ਉਹੀ ਬੰਦੇ) ਜਦ ਸਤਿਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾਂਦੇ ਹਨ, ਤਾਂ ਉਹ ਇਕ ਪਲਕ ਵਿਚ ਹਉਮੈ ਨੂੰ ਮਾਰ ਮੁਕਾਂਦੇ ਹਨ।
ਉਹਨਾਂ ਦਾ ਮਨ (ਕਾਮ ਕ੍ਰੋਧ ਆਦਿਕ ਵਲੋਂ) ਅਡੋਲ ਹੋ ਜਾਂਦਾ ਹੈ, ਤੇ ਆਪਾ-ਭਾਵ ਵਲੋਂ ਮਰਨ ਵਿਚ ਖ਼ੁਸ਼ ਹੁੰਦਾ ਹੈ।
ਸਤਿਗੁਰੂ ਦੀ ਮੇਹਰ ਨਾਲ ਪਰਮਾਤਮਾ ਦੇ ਨਾਮ ਨਾਲ ਉਹਨਾਂ ਦੀ ਡੂੰਘੀ ਸਾਂਝ ਪੈ ਜਾਂਦੀ ਹੈ ॥੧੯॥
(ਹੇ ਪਾਂਡੇ! ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ, ਉਹ ਗੋਪਾਲ) ਸਰਬ-ਵਿਆਪਕ ਹੈ ਤੇ ਜੀਵਾਂ ਦੇ ਔਗੁਣ ਵੇਖ ਕੇ ਛਿੱਥਾ ਨਹੀਂ ਪੈਂਦਾ। ਜਿਸ ਮਨੁੱਖ ਦਾ ਮਨ ਉਸ ਸਰਬ ਵਿਆਪਕ ਗੋਪਾਲ ਵਿਚ ਟਿਕਦਾ ਹੈ,
ਜੋ ਮਨੁੱਖ ਉਸ ਦੇ ਗੁਣ ਗਾਂਦਾ ਹੈ, ਉਹ ਸ਼ਾਂਤੀ ਅਤੇ ਅਡੋਲਤਾ ਵਿਚ ਟਿਕ ਜਾਂਦਾ ਹੈ।
ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ,
ਸਤਿਗੁਰੂ ਦੀ ਕਿਰਪਾ ਨਾਲ ਉਹ (ਸਰਬ-ਵਿਆਪਕ ਗੋਪਾਲ ਵਿਚ) ਸੁਰਤ ਜੋੜੀ ਰੱਖਦਾ ਹੈ।
ਉਹ ਸਰਬ-ਵਿਆਪਕ ਗੋਪਾਲ ਅਪਹੁੰਚ ਹੈ (ਭਾਵ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ), ਉਸ ਦੇ ਸਿਰ ਉਤੇ ਕਿਸੇ ਦਾ ਕੁੰਡਾ ਨਹੀਂ ਹੈ, ਉਹ ਜੰਮਣ-ਮਰਨ ਤੋਂ ਰਹਿਤ ਹੈ।
ਉਸ ਵਿਚ ਜੋੜੀ ਹੋਈ ਸੁਰਤ ਮਨੁੱਖ ਦੇ ਅੰਦਰ ਗੁਣ ਪੈਦਾ ਕਰਦੀ ਹੈ, ਤੇ ਮਨ ਨੂੰ ਮਾਇਆ ਵਿਚ ਡੋਲਣ ਤੋਂ ਬਚਾ ਲੈਂਦੀ ਹੈ।
(ਹੇ ਪਾਂਡੇ!) ਤੂੰ (ਭੀ) ਉਸ ਹਰਿ-ਗੋਪਾਲ ਦਾ ਨਾਮ ਸਿਮਰ, (ਸਿਮਰਨ ਦੀ ਬਰਕਤਿ ਨਾਲ) ਫਿਰ ਜਨਮ-ਮਰਨ ਵਿਚ ਨਹੀਂ ਪਏਂਗਾ।
(ਹੇ ਪਾਂਡੇ!) ਸਤਿਗੁਰੂ ਦੀ ਮੱਤ ਹੀ (ਜੀਵਨ ਲਈ) ਸ੍ਰੇਸ਼ਟ ਰਸਤਾ ਹੈ, ਹੋਰ ਮੱਤ ਉਸ ਦੇ ਨਾਮ ਤੋਂ ਵਾਂਜਿਆ ਰੱਖਦੀ ਹੈ ॥੨੦॥
(ਹੇ ਪਾਂਡੇ! ਗੁਰੂ ਦੀ ਮੱਤ ਵਾਲਾ ਰਸਤਾ ਫੜਨ ਤੋਂ ਬਿਨਾ) ਜਿੰਦ ਕਈ ਜੂਨਾਂ ਵਿਚ ਭੌਂ ਭੌਂ ਕੇ ਖਪ ਲੱਥਦੀ ਹੈ,
ਇਤਨੀਆਂ ਅਣ-ਗਿਣਤ ਜਾਤੀਆਂ ਵਿਚੋਂ ਲੰਘਦੀ ਹੈ ਜਿਨ੍ਹਾਂ ਦਾ ਅੰਤ ਨਹੀਂ ਪੈ ਸਕਦਾ।
(ਇਹਨਾਂ ਬੇਅੰਤ ਜੂਨਾਂ ਵਿਚ ਭਟਕਦੀ ਜਿੰਦ ਦੇ) ਕਈ ਮਾਂ ਪਿਉ ਪੁੱਤਰ ਧੀਆਂ ਬਣਦੇ ਹਨ,
ਕਈ ਗੁਰੂ ਬਣਦੇ ਹਨ, ਤੇ ਕਈ ਚੇਲੇ ਭੀ ਬਣਦੇ ਹਨ।