ਓਅੰਕਾਰੁ

(ਅੰਗ: 6)


ਵਿਣੁ ਨਾਵੈ ਤੋਟਾ ਸਭ ਥਾਇ ॥

ਨਾਮ ਤੋਂ ਵਾਂਜੇ ਰਿਹਾਂ ਹਰ ਥਾਂ ਘਾਟਾ ਹੀ ਘਾਟਾ ਹੁੰਦਾ ਹੈ (ਭਾਵ, ਮਨੁੱਖ ਪ੍ਰਭੂ ਨੂੰ ਵਿਸਾਰ ਕੇ ਜੋ ਭੀ ਕਿਰਤ-ਕਾਰ ਕਰਦਾ ਹੈ ਉਹ ਖੋਟੀ ਹੋਣ ਕਰ ਕੇ ਉੱਚੇ ਜੀਵਨ ਵਲੋਂ ਹੋਰ ਹੋਰ ਪਰੇ ਲੈ ਜਾਂਦੀ ਹੈ)।

ਲਾਹਾ ਮਿਲੈ ਜਾ ਦੇਇ ਬੁਝਾਇ ॥

ਪਰ ਮਨੁੱਖ ਨੂੰ ਪ੍ਰਭੂ ਦੇ ਨਾਮ ਦੀ ਖੱਟੀ ਤਦੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਗੋਪਾਲ ਆਪ ਇਹ ਸੂਝ ਬਖ਼ਸ਼ਦਾ ਹੈ।

ਵਣਜੁ ਵਾਪਾਰੁ ਵਣਜੈ ਵਾਪਾਰੀ ॥

ਨਾਮ ਤੋਂ ਸੱਖਣਾ ਰਹਿ ਕੇ ਜੀਵ-ਵਣਜਾਰਾ ਹੋਰ ਹੋਰ ਵਣਜ-ਵਪਾਰ ਹੀ ਕਰਦਾ ਹੈ,

ਵਿਣੁ ਨਾਵੈ ਕੈਸੀ ਪਤਿ ਸਾਰੀ ॥੧੬॥

ਤੇ (ਪਰਮਾਤਮਾ ਦੀ ਹਜ਼ੂਰੀ ਵਿਚ) ਇਸ ਦੀ ਚੰਗੀ ਸਾਖ ਨਹੀਂ ਬਣਦੀ ॥੧੬॥

ਗੁਣ ਵੀਚਾਰੇ ਗਿਆਨੀ ਸੋਇ ॥

(ਹੇ ਪਾਂਡੇ!) ਉਹੀ ਮਨੁੱਖ ਗੋਪਾਲ-ਪ੍ਰਭੂ ਨਾਲ ਸਾਂਝ ਵਾਲਾ ਹੁੰਦਾ ਹੈ ਜੋ ਉਸ ਦੇ ਗੁਣਾਂ ਨੂੰ ਆਪਣੇ ਮਨ ਵਿਚ ਥਾਂ ਦੇਂਦਾ ਹੈ;

ਗੁਣ ਮਹਿ ਗਿਆਨੁ ਪਰਾਪਤਿ ਹੋਇ ॥

ਗੋਪਾਲ ਦੇ ਗੁਣਾਂ ਵਿਚ (ਚਿੱਤ ਜੋੜਿਆਂ ਹੀ) ਗੋਪਾਲ ਨਾਲ ਸਾਂਝ ਬਣਦੀ ਹੈ।

ਗੁਣਦਾਤਾ ਵਿਰਲਾ ਸੰਸਾਰਿ ॥

ਪਰ ਜਗਤ ਵਿਚ ਕੋਈ ਵਿਰਲਾ (ਮਹਾ ਪੁਰਖ ਜੀਵ ਦੀ) ਗੋਪਾਲ ਦੇ ਗੁਣਾਂ ਨਾਲ ਜਾਣ-ਪਛਾਣ ਕਰਾਂਦਾ ਹੈ;

ਸਾਚੀ ਕਰਣੀ ਗੁਰ ਵੀਚਾਰਿ ॥

ਗੋਪਾਲ ਦੇ ਗੁਣ ਯਾਦ ਕਰਨ ਦਾ ਸੱਚਾ ਕਰਤੱਬ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਹੀ ਹੋ ਸਕਦਾ ਹੈ।

ਅਗਮ ਅਗੋਚਰੁ ਕੀਮਤਿ ਨਹੀ ਪਾਇ ॥

(ਹੇ ਪਾਂਡੇ!) ਉਹ ਗੋਪਾਲ ਅਪਹੁੰਚ ਹੈ, ਜੀਵ ਦੇ ਗਿਆਨ-ਇੰਦ੍ਰੇ ਉਸ ਤਕ ਨਹੀਂ ਅੱਪੜ ਸਕਦੇ, (ਸਤਿਗੁਰੂ ਦੀ ਦਿੱਤੀ ਸੂਝ ਤੋਂ ਬਿਨਾ) ਉਸ ਦੇ ਗੁਣਾਂ ਦੀ ਕਦਰ ਨਹੀਂ ਪੈ ਸਕਦੀ।

ਤਾ ਮਿਲੀਐ ਜਾ ਲਏ ਮਿਲਾਇ ॥

ਉਸ ਪ੍ਰਭੂ ਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਉਹ (ਸਤਿਗੁਰੂ ਦੀ ਰਾਹੀਂ) ਆਪ ਮਿਲਾ ਲਏ।

ਗੁਣਵੰਤੀ ਗੁਣ ਸਾਰੇ ਨੀਤ ॥

ਕੋਈ ਭਾਗਾਂ ਵਾਲੀ ਜੀਵ-ਇਸਤ੍ਰੀ ਗੋਪਾਲ ਦੇ ਗੁਣ ਸਦਾ ਚੇਤੇ ਰੱਖਦੀ ਹੈ।

ਨਾਨਕ ਗੁਰਮਤਿ ਮਿਲੀਐ ਮੀਤ ॥੧੭॥

ਹੇ ਨਾਨਕ! ਸਤਿਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਹੀ ਮਿਤ੍ਰ-ਪ੍ਰਭੂ ਨੂੰ ਮਿਲ ਸਕੀਦਾ ਹੈ ॥੧੭॥

ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥

ਕਾਮ ਅਤੇ ਕ੍ਰੋਧ (ਮਨੁੱਖ ਦੇ) ਸਰੀਰ ਨੂੰ ਨਿਰਬਲ ਕਰ ਦੇਂਦਾ ਹੈ,

ਜਿਉ ਕੰਚਨ ਸੋਹਾਗਾ ਢਾਲੈ ॥

ਜਿਵੇਂ ਸੋਹਾਗਾ (ਕੁਠਾਲੀ ਵਿਚ ਪਾਏ) ਸੋਨੇ ਨੂੰ ਨਰਮ ਕਰ ਦੇਂਦਾ ਹੈ।

ਕਸਿ ਕਸਵਟੀ ਸਹੈ ਸੁ ਤਾਉ ॥

ਉਹ (ਢਲਿਆ ਹੋਇਆ) ਸੋਨਾ (ਕੁਠਾਲੀ ਵਿਚ) ਸੇਕ ਸਹਿੰਦਾ ਹੈ,

ਨਦਰਿ ਸਰਾਫ ਵੰਨੀ ਸਚੜਾਉ ॥

ਫਿਰ ਕਸਵੱਟੀ ਦੀ ਕੱਸ ਸਹਾਰਦਾ ਹੈ (ਭਾਵ, ਕਸਵੱਟੀ ਤੇ ਘਸਾ ਕੇ ਪਰਖਿਆ ਜਾਂਦਾ ਹੈ), ਤੇ, ਸੋਹਣੇ ਰੰਗ ਵਾਲਾ ਉਹ ਸੋਨਾ ਸਰਾਫ਼ ਦੀ ਨਜ਼ਰ ਵਿਚ ਕਬੂਲ ਪੈਂਦਾ ਹੈ। (ਕਾਮ ਕ੍ਰੋਧ ਨਾਲ ਨਿਰਬਲ ਹੋਇਆ ਜੀਵ ਭੀ ਪ੍ਰਭੂ ਦੀ ਮਿਹਰ ਨਾਲ ਜਦੋਂ ਗੁਰੂ ਦੇ ਦੱਸੇ ਰਾਹ ਦੀ ਘਾਲ-ਕਮਾਈ ਕਰਦਾ ਹੈ, ਤੇ ਗੁਰੂ ਦੀ ਦੱਸੀ ਸਿੱਖਿਆ ਉਤੇ ਪੂਰਾ ਉਤਰਦਾ ਹੈ ਤਾਂ ਉਹ ਸੋਹਣੇ ਆਤਮਾ ਵਾਲਾ ਪ੍ਰਾਣੀ ਅਕਾਲ ਪੁਰਖ ਦੀ ਨਜ਼ਰ ਵਿਚ ਕਬੂਲ ਹੁੰਦਾ ਹੈ)।

ਜਗਤੁ ਪਸੂ ਅਹੰ ਕਾਲੁ ਕਸਾਈ ॥

ਜਗਤ (ਸੁਆਰਥ ਵਿਚ) ਪਸ਼ੂ ਬਣਿਆ ਪਿਆ ਹੈ, ਹਉਮੈ-ਮੌਤ ਇਸ ਦੇ ਆਤਮਕ ਜੀਵਨ ਦਾ ਸੱਤਿਆਨਾਸ ਕਰਦੀ ਹੈ।

ਕਰਿ ਕਰਤੈ ਕਰਣੀ ਕਰਿ ਪਾਈ ॥

ਕਰਤਾਰ ਨੇ ਸ੍ਰਿਸ਼ਟੀ ਰਚ ਕੇ ਇਹ ਮਰਯਾਦਾ ਹੀ ਬਣਾ ਦਿੱਤੀ ਹੈ ਕਿ ਜਿਹੋ ਜਿਹੀ ਕਰਤੂਤ ਕੋਈ ਜੀਵ ਕਰਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ।

ਜਿਨਿ ਕੀਤੀ ਤਿਨਿ ਕੀਮਤਿ ਪਾਈ ॥

ਪਰ ਜਿਸ ਕਰਤਾਰ ਨੇ ਇਹ ਮਰਯਾਦਾ ਬਣਾਈ ਹੈ ਇਸ ਦੀ ਕਦਰ ਉਹ ਆਪ ਹੀ ਜਾਣਦਾ ਹੈ।

ਹੋਰ ਕਿਆ ਕਹੀਐ ਕਿਛੁ ਕਹਣੁ ਨ ਜਾਈ ॥੧੮॥

ਇਸ ਮਰਯਾਦਾ ਵਿਚ ਕੋਈ ਉਕਾਈ ਨਹੀਂ ਦੱਸੀ ਜਾ ਸਕਦੀ ॥੧੮॥