ਅਕਾਲ ਉਸਤਤ

(ਅੰਗ: 25)


ਕਹੂੰ ਜੰਤ੍ਰ ਰੀਤੰ ਕਹੂੰ ਸਸਤ੍ਰ ਧਾਰੰ ॥

ਕਿਤੇ ਯੰਤ੍ਰਾਂ ਦਾ ਗਿਆਨ ਕਰਾਉਣ ਵਾਲੀ ਵਿਦਿਆ ਹੋ ਅਤੇ ਕਿਤੇ ਧਨੁਰ (ਤੀਰ-ਕਮਾਨ) ਵਿਦਿਆ ਨੂੰ ਧਾਰਨ ਕਰਨ ਵਾਲੇ ਹੋ।

ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ॥

ਕਿਤੇ (ਤੁਸੀਂ) ਹੋਮ ਅਤੇ ਪੂਜਾ (ਦੀ ਵਿਦਿਆ ਹੋ ਅਤੇ ਕਿਤੇ) ਦੇਵਤਿਆਂ ਦੇ ਪੂਜਣ (ਦੀ ਵਿਦਿਆ ਹੋ)।

ਕਹੂੰ ਪਿੰਗੁਲਾ ਚਾਰਣੀ ਗੀਤ ਚਰਚਾ ॥੨੭॥੧੧੭॥

ਕਿਤੇ (ਤੁਸੀਂ) ਛੰਦ ਸ਼ਾਸਤ੍ਰ ਹੋ ਅਤੇ ਕਿਤੇ ਸੰਗੀਤ ਦੀ ਚਰਚਾ ਕਰਨ ਵਾਲੇ ਹੋ ॥੨੭॥੧੧੭॥

ਕਹੂੰ ਬੀਨ ਬਿਦਿਆ ਕਹੂੰ ਗਾਨ ਗੀਤੰ ॥

ਕਿਤੇ (ਤੁਸੀਂ) ਵੀਣਾ ਵਜਾਉਣ ਦੀ ਵਿਦਿਆ ਹੋ ਅਤੇ ਕਿਤੇ ਸੰਗੀਤ ਦੀ ਵਿਦਿਆ ਹੋ।

ਕਹੂੰ ਮਲੇਛ ਭਾਖਿਆ ਕਹੂੰ ਬੇਦ ਰੀਤੰ ॥

ਕਿਤੇ (ਤੁਸੀਂ) ਮੁਸਲਮਾਨੀ ਦੇਸਾਂ ਦੀ ਭਾਸ਼ਾ ਹੋ ਅਤੇ ਕਿਤੇ (ਤੁਸੀਂ) ਵੇਦ ਦੀ ਮਰਯਾਦਾ (ਨੂੰ ਕਾਇਮ ਕਰਨ ਵਾਲੀ ਭਾਸ਼ਾ ਹੋ)।

ਕਹੂੰ ਨ੍ਰਿਤ ਬਿਦਿਆ ਕਹੂੰ ਨਾਗ ਬਾਨੀ ॥

ਕਿਤੇ (ਤੁਸੀਂ) ਨਾਚ-ਵਿਦਿਆ ਹੋ ਅਤੇ ਕਿਤੇ ਨਾਗ-ਵੰਸ਼ ਦੀ ਬੋਲੀ ਹੋ।

ਕਹੂੰ ਗਾਰੜੂ ਗੂੜ੍ਹ ਕਥੈਂ ਕਹਾਨੀ ॥੨੮॥੧੧੮॥

ਕਿਤੇ (ਤੁਸੀਂ) ਸੱਪ ਦੀ ਜ਼ਹਿਰ ਨੂੰ ਦੂਰ ਕਰਨ ਵਾਲੀ ਮੰਤ੍ਰ-ਵਿਦਿਆ ਹੋ ॥੨੮॥੧੧੮॥

ਕਹੂੰ ਅਛਰਾ ਪਛਰਾ ਮਛਰਾ ਹੋ ॥

ਕਿਤੇ (ਤੁਸੀਂ) ਇਸ ਲੋਕ ਦੀ ਸੁੰਦਰੀ, ਕਿਤੇ ਸਵਰਗ ਦੀ ਸੁੰਦਰੀ ਅਤੇ ਕਿਤੇ ਪਾਤਾਲ ਦੀ ਸੁੰਦਰੀ ਹੋ।

ਕਹੂੰ ਬੀਰ ਬਿਦਿਆ ਅਭੂਤੰ ਪ੍ਰਭਾ ਹੋ ॥

ਕਿਤੇ (ਤੁਸੀਂ) ਵੀਰ-ਵਿਦਿਆ ਹੋ ਅਤੇ ਕਿਤੇ ਭੌਤਿਕਤਾ ਤੋਂ ਉੱਚੀ ਸੁੰਦਰਤਾ ਵਾਲੇ ਹੋ।

ਕਹੂੰ ਛੈਲ ਛਾਲਾ ਧਰੇ ਛਤ੍ਰਧਾਰੀ ॥

ਕਿਤੇ (ਤੁਸੀਂ) ਸੁੰਦਰ ਨੌਜਵਾਨ ਹੋ, ਕਿਤੇ ਮ੍ਰਿਗਛਾਲਾ (ਧਾਰਨ ਕਰਨ ਵਾਲੇ ਸਾਧੂ ਹੋ) ਅਤੇ ਕਿਤੇ ਛਤ੍ਰ ਧਾਰਨ ਕਰਨ ਵਾਲੇ (ਰਾਜੇ) ਹੋ।

ਕਹੂੰ ਰਾਜ ਸਾਜੰ ਧਿਰਾਜਾਧਿਕਾਰੀ ॥੨੯॥੧੧੯॥

ਕਿਤੇ (ਤੁਸੀਂ) ਸ਼ਾਹੀ ਠਾਠ-ਬਾਠ ਵਾਲੇ ਰਾਜ ਅਧਿਰਾਜ ਹੋ ॥੨੯॥੧੧੯॥

ਨਮੋ ਨਾਥ ਪੂਰੇ ਸਦਾ ਸਿਧ ਦਾਤਾ ॥

ਹੇ ਪੂਰਨ ਸੁਆਮੀ! (ਤੈਨੂੰ) ਨਮਸਕਾਰ ਹੈ, ਤੂੰ ਸਦਾ ਸਿੱਧੀਆਂ ਦਾ ਦਾਤਾ ਹੈਂ,

ਅਛੇਦੀ ਅਛੈ ਆਦਿ ਅਦ੍ਵੈ ਬਿਧਾਤਾ ॥

ਤੂੰ ਅਛੇਦ, ਅਛੈ (ਨਾਸ਼ਹੀਨ) ਮੁੱਢ ਕਦੀਮੀ, ਅਦ੍ਵੈਤ ਸਰੂਪ ਅਤੇ ਸਭ ਦੀ ਸਿਰਜਨਾ ਕਰਨ ਵਾਲਾ ਹੈਂ।

ਨ ਤ੍ਰਸਤੰ ਨ ਗ੍ਰਸਤੰ ਸਮਸਤੰ ਸਰੂਪੇ ॥

(ਹੇ ਪ੍ਰਭੂ!) ਨਾ ਤੂੰ ਡਰਦਾ ਹੈ, ਨਾ ਕਿਸੇ ਤੋਂ ਪਕੜਿਆ ਜਾਂਦਾ ਹੈ ਅਤੇ ਤੇਰੇ ਵਿਚ ਸਾਰਿਆਂ ਦੇ ਸਰੂਪ ਸਮਾਏ ਹੋਏ ਹਨ।

ਨਮਸਤੰ ਨਮਸਤੰ ਤੁਅਸਤੰ ਅਭੂਤੇ ॥੩੦॥੧੨੦॥

ਹੇ ਅਚਰਜ ਰੂਪ ਵਾਲੇ! ਤੈਨੂੰ ਨਮਸਕਾਰ ਹੈ, ਨਮਸਕਾਰ ਹੈ ॥੩੦॥੧੨੦॥

ਤ੍ਵ ਪ੍ਰਸਾਦਿ ॥ ਪਾਧੜੀ ਛੰਦ ॥

ਤੇਰੀ ਕ੍ਰਿਪਾ ਨਾਲ: ਪਾਧੜੀ ਛੰਦ:

ਅਬ੍ਯਕਤ ਤੇਜ ਅਨਭਉ ਪ੍ਰਕਾਸ ॥

(ਹੇ ਪ੍ਰਭੂ! ਤੁਸੀਂ) ਬਿਨਾ ਆਕਾਰ ਦੇ ਤੇਜ ਅਤੇ ਅਨੁਭਵ ਦੁਆਰਾ ਪ੍ਰਾਪਤ ਹੋਣ ਵਾਲੇ ਗਿਆਨ (ਪ੍ਰਕਾਸ਼) ਹੋ,

ਅਛੈ ਸਰੂਪ ਅਦ੍ਵੈ ਅਨਾਸ ॥

ਨਾਸ਼-ਰਹਿਤ, ਅਦ੍ਵੈਤ ਅਤੇ ਆਸ਼ਾ-ਰਹਿਤ ਸਰੂਪ ਵਾਲੇ ਹੋ।

ਅਨਤੁਟ ਤੇਜ ਅਨਖੁਟ ਭੰਡਾਰ ॥

ਤੁਹਾਡਾ ਤੇਜ ਅਟੁਟ ਹੈ ਅਤੇ ਭੰਡਾਰ ਅਖੁਟ ਹੈ

ਦਾਤਾ ਦੁਰੰਤ ਸਰਬੰ ਪ੍ਰਕਾਰ ॥੧॥੧੨੧॥

ਅਤੇ ਹਰ ਤਰ੍ਹਾਂ ਨਾਲ ਬੇਅੰਤ ਦਾਤੇ ਹੋ ॥੧॥੧੨੧॥