ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਮੈਂ) ਸਭ ਤੋਂ ਪਹਿਲਾਂ ਓਅੰਕਾਰ ਸਰੂਪ ਨੂੰ ਪ੍ਰਨਾਮ ਕਰਦਾ ਹਾਂ
(ਜਿਸ ਨੇ) ਜਲ, ਥਲ ਅਤੇ ਆਕਾਸ਼ ਦਾ ਪਸਾਰ ਕੀਤਾ ਹੈ।
ਉਹ ਆਦਿ ਪੁਰਖ, ਦੇਹ-ਰਹਿਤ ਅਤੇ ਅਵਿਨਾਸ਼ੀ ਹੈ
ਅਤੇ ਚੌਦਾਂ ਲੋਕਾਂ ਨੂੰ (ਉਸ ਨੇ ਆਪਣੀ) ਜੋਤਿ ਨਾਲ ਪ੍ਰਕਾਸ਼ਮਾਨ ਕਰ ਰਖਿਆ ਹੈ ॥੧॥
ਜੋ ਹਾਥੀ ਤੋਂ ਲੈ ਕੇ ਕੀੜੇ ਤਕ (ਸਭ ਵਿਚ) ਸਮਾਇਆ ਹੋਇਆ ਹੈ
ਅਤੇ ਰਾਜੇ ਤੇ ਭਿਖਾਰੀ ਨੂੰ ਇਕ-ਸਮਾਨ ਸਮਝਦਾ ਹੈ,
ਉਹ ਦ੍ਵੈਤ-ਰਹਿਤ, ਅਦ੍ਰਿਸ਼ ਪੁਰਸ਼ ਵਾਸਤਵਿਕਤਾ ਦਾ ਗਿਆਨਵਾਨ
ਅਤੇ ਹਰ ਇਕ ਦੇ ਦਿਲ ਦੀਆਂ ਜਾਣਨ ਵਾਲਾ ਹੈ ॥੨॥
ਉਹ ਦਿਸਣ ਤੋਂ ਪਰੇ, ਨਾ ਨਸ਼ਟ ਹੋਣ ਵਾਲਾ ਅਤੇ ਭੇਖਾਂ ਤੋਂ ਰਹਿਤ ਹੈ,
ਉਸ ਦਾ ਕਿਸੇ ਪ੍ਰਤਿ ਮੋਹ (ਨਹੀਂ ਹੈ, ਉਸ ਦਾ) ਰੰਗ ਰੂਪ ਜਾਂ ਰੇਖਾ ਨਹੀਂ ਹੈ,
ਉਹ ਵਰਨ, ਚਿੰਨ੍ਹ (ਆਦਿ) ਸਭ ਤੋਂ ਨਿਆਰਾ ਹੈ;