ਉਹ ਆਦਿ ਪੁਰਖ, ਅਦ੍ਵੈਤ-ਸਰੂਪ ਅਤੇ ਵਿਕਾਰਾਂ ਤੋਂ ਰਹਿਤ ਹੈ ॥੩॥
ਜਿਸ ਦੇ ਵਰਨ, ਚਿੰਨ੍ਹ, ਜਾਤਿ ਅਤੇ ਬਰਾਦਰੀ ਨਹੀਂ ਹੈ,
ਜਿਸ ਦੇ ਵੈਰੀ, ਮਿਤਰ, ਮਾਤਾ ਅਤੇ ਪਿਤਾ ਨਹੀਂ ਹਨ,
ਜੋ ਸਭ ਤੋਂ ਦੂਰ ਅਤੇ ਸਭ ਦੇ ਨੇੜੇ ਹੈ,
ਜਿਸ ਦਾ ਜਲ, ਥਲ ਅਤੇ ਆਕਾਸ਼ ਵਿਚ ਨਿਵਾਸ ਹੈ ॥੪॥
ਉਸ ਦਾ ਸਰੂਪ ਸੀਮਾ-ਰਹਿਤ (ਅਪਰ ਅਪਾਰ) ਅਤੇ ਉਸ ਦੀ ਬਾਣੀ ਬਿਨਾ ਕਿਸੇ ਆਘਾਤ ਤੋਂ ਪੈਦਾ ਹੋਣ ਵਾਲੀ ਹੈ।
ਉਸ ਦੇ ਚਰਨਾਂ ਦੀ ਓਟ ਵਿਚ ਮਾਇਆ ('ਭਵਾਨੀ') ਵਸਦੀ ਹੈ।
ਬ੍ਰਹਮਾ ਅਤੇ ਵਿਸ਼ਣੂ ਨੇ ਉਸ ਦਾ ਅੰਤ ਨਹੀਂ ਪਾਇਆ
ਸਗੋਂ (ਬ੍ਰਹਮਾ ਨੇ ਆਪਣੇ) ਚੌਹਾਂ ਮੁੱਖਾਂ ਤੋਂ ਉਸ ਨੂੰ ਬੇਅੰਤ ਬੇਅੰਤ (ਨੇਤਿ ਨੇਤਿ) ਕਿਹਾ ਹੈ ॥੫॥
ਉਸ ਨੇ ਕਰੋੜਾਂ ਇੰਦਰ ਅਤੇ ਉਪਇੰਦਰ (ਵਾਮਨ ਅਵਤਾਰ) ਪੈਦਾ ਕੀਤੇ ਹਨ,
ਉਸ ਨੇ ਬ੍ਰਹਮਾ, ਰੁਦ੍ਰ (ਸ਼ਿਵ) ਨੂੰ ਸਿਰਜਿਆ ਅਤੇ ਸੰਘਾਰਿਆ ਹੈ;
ਉਸ ਨੇ ਚੌਦਾਂ ਲੋਕਾਂ ਦੀ ਖੇਡ ਰਚੀ ਹੋਈ ਹੈ
ਅਤੇ ਫਿਰ ਆਪਣੇ ਵਿਚ ਹੀ ਉਸ ਨੂੰ ਸਮੇਟ ਲੈਂਦਾ ਹੈ ॥੬॥
ਉਸ ਨੇ ਬੇਅੰਤ ਦੈਂਤ, ਦੇਵਤੇ, ਸ਼ੇਸ਼ਨਾਗ,
ਗੰਧਰਬ ਅਤੇ ਸ਼ੁਭ ਆਚਾਰ ਵਾਲੇ ਯਕਸ਼ਾਂ ਦੀ ਰਚਨਾ ਕੀਤੀ;
ਭੂਤ, ਭਵਿਸ਼ ਅਤੇ ਵਰਤਮਾਨ (ਦੀਆਂ ਘਟਨਾਵਾਂ) ਦੀ ਕਥਾ ਕਹਾਣੀ ਵੀ ਉਹ ਆਪ ਹੀ ਹੈ;
ਉਹ ਹਰ ਇਕ ਸ਼ਰੀਰ ਦੀ ਗੁਪਤ ਤੋਂ ਗੁਪਤ ਗੱਲ ਨੂੰ ਜਾਣਦਾ ਹੈ ॥੭॥
ਉਸ ਦਾ ਨਾ ਕੋਈ ਪਿਤਾ ਹੈ, ਨਾ ਮਾਤਾ, ਨਾ ਉਸ ਦੀ ਕੋਈ ਜਾਤਿ ਹੈ ਅਤੇ ਨਾ ਹੀ ਬਰਾਦਰੀ;
ਉਹ ਕਿਸੇ ਇਕ ਨਾਲ (ਵਿਸ਼ੇਸ਼ ਰੂਪ ਵਿਚ) ਸੰਬੰਧਿਤ ਨਹੀਂ ਹੈ।
ਉਹ ਸਭ ਦੀਆਂ ਜੋਤਾਂ ਵਿਚ ਸਮਾਇਆ ਹੋਇਆ ਹੈ;