ਅਕਾਲ ਉਸਤਤ

(ਅੰਗ: 3)


ਸਭਹੂੰ ਸਰਬ ਠੌਰ ਪਹਿਚਾਨਾ ॥੮॥

(ਮੈਂ) ਉਸ ਨੂੰ ਸਭ ਵਿਚ ਅਤੇ ਸਾਰੀਆਂ ਥਾਂਵਾਂ ਵਿਚ (ਵਸਦਾ ਹੋਇਆ) ਪਛਾਣਿਆ ਹੈ ॥੮॥

ਕਾਲ ਰਹਤ ਅਨ ਕਾਲ ਸਰੂਪਾ ॥

ਉਹ ਕਾਲ (ਮ੍ਰਿਤੂ) ਤੋਂ ਪਰੇ ਅਤੇ ਉਸ ਦਾ ਸਰੂਪ ਕਾਲ (ਦੀਆਂ ਸੀਮਾਵਾਂ) ਤੋਂ ਮੁਕਤ ਹੈ;

ਅਲਖ ਪੁਰਖ ਅਬਗਤ ਅਵਧੂਤਾ ॥

ਉਹ ਨਾ ਜਾਣਿਆ ਜਾ ਸਕਣ ਵਾਲਾ, ਅਵਿਅਕਤ, ਮਾਇਆਵੀ ਪ੍ਰਭਾਵ ਤੋਂ ਮੁਕਤ ਪੁਰਸ਼ ਹੈ।

ਜਾਤ ਪਾਤ ਜਿਹ ਚਿਹਨ ਨ ਬਰਨਾ ॥

ਉਸ ਦੀ ਜਾਤਿ, ਬਰਾਦਰੀ, ਚਿੰਨ੍ਹ ਅਤੇ ਵਰਨ ਨਹੀਂ ਹੈ।

ਅਬਗਤ ਦੇਵ ਅਛੈ ਅਨ ਭਰਮਾ ॥੯॥

ਉਹ ਅਵਿਅਕਤ, ਅਵਿਨਾਸ਼ੀ ਅਤੇ ਭਰਮਾਂ ਤੋਂ ਰਹਿਤ ਪਰਮ-ਸੱਤਾ ਹੈ ॥੯॥

ਸਭ ਕੋ ਕਾਲ ਸਭਨ ਕੋ ਕਰਤਾ ॥

ਉਹ ਸਭ ਦਾ ਨਾਸ਼ ਕਰਨ ਵਾਲਾ ਅਤੇ ਸਭ ਦਾ ਸਿਰਜਕ ਹੈ;

ਰੋਗ ਸੋਗ ਦੋਖਨ ਕੋ ਹਰਤਾ ॥

ਉਹ ਰੋਗ, ਸੋਗ ਅਤੇ ਦੋਖਾਂ (ਪਾਪਾਂ) ਨੂੰ ਨਾਸ਼ ਕਰਨ ਵਾਲਾ ਹੈ।

ਏਕ ਚਿਤ ਜਿਹ ਇਕ ਛਿਨ ਧਿਆਇਓ ॥

ਉਸ ਦਾ ਜਿਸ ਨੇ ਇਕਾਗ੍ਰ ਚਿੱਤ ਇਕ ਛਿਣ ਲਈ ਵੀ ਧਿਆਨ ਕੀਤਾ ਹੈ,

ਕਾਲ ਫਾਸ ਕੇ ਬੀਚ ਨ ਆਇਓ ॥੧੦॥

ਉਹ ਫਿਰ ਕਾਲ (ਮ੍ਰਿਤੂ) ਦੇ ਫੰਧੇ ਵਿਚ ਨਹੀਂ ਫਸਦਾ ॥੧੦॥

ਤ੍ਵ ਪ੍ਰਸਾਦਿ ॥ ਕਬਿਤ ॥

ਤੇਰੀ ਕ੍ਰਿਪਾ ਨਾਲ: ਕਬਿਤ:

ਕਤਹੂੰ ਸੁਚੇਤ ਹੁਇ ਕੈ ਚੇਤਨਾ ਕੋ ਚਾਰ ਕੀਓ ਕਤਹੂੰ ਅਚਿੰਤ ਹੁਇ ਕੈ ਸੋਵਤ ਅਚੇਤ ਹੋ ॥

(ਹੇ ਪ੍ਰਭੂ! ਤੂੰ) ਕਿਤੇ ਸੁਚੇਤ ਹੋ ਕੇ ਚੇਤਨਾ ਨੂੰ ਸੁੰਦਰ (ਮਨੋਹਰ) ਬਣਾਇਆ ਹੈ ਅਤੇ ਕਿਤੇ ਨਿਸਚਿੰਤ ਹੋ ਕੇ ਘੂਕ ਸੁੱਤਾ ਹੋਇਆ ਹੈਂ।

ਕਤਹੂੰ ਭਿਖਾਰੀ ਹੁਇ ਕੈ ਮਾਂਗਤ ਫਿਰਤ ਭੀਖ ਕਹੂੰ ਮਹਾ ਦਾਨ ਹੁਇ ਕੈ ਮਾਂਗਿਓ ਧਨ ਦੇਤ ਹੋ ॥

ਕਿਤੇ ਤੂੰ ਭਿਖਾਰੀ ਬਣ ਕੇ ਭਿਖਿਆ ਮੰਗਦਾ ਫਿਰਦਾ ਹੈਂ ਅਤੇ ਕਿਤੇ ਮਹਾਦਾਨੀ ਬਣ ਕੇ ਮੂੰਹ-ਮੰਗਿਆ ਧਨ ਦਿੰਦਾ ਹੈਂ।

ਕਹੂੰ ਮਹਾਂ ਰਾਜਨ ਕੋ ਦੀਜਤ ਅਨੰਤ ਦਾਨ ਕਹੂੰ ਮਹਾਂ ਰਾਜਨ ਤੇ ਛੀਨ ਛਿਤ ਲੇਤ ਹੋ ॥

ਕਿਤੇ ਮਹਾਰਾਜਿਆਂ ਨੂੰ ਵੀ ਅਨੰਤ (ਨਿੱਧੀਆਂ) ਦਾਨ ਦਿੰਦਾ ਹੈਂ ਅਤੇ ਕਿਤੇ ਮਹਾਰਾਜਿਆਂ ਤੋਂ ਧਰਤੀ (ਦੀ ਬਾਦਸ਼ਾਹੀ) ਖੋਹ ਲੈਂਦਾ ਹੈਂ।

ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪ੍ਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸੁਰਗੁਨ ਸਮੇਤ ਹੋ ॥੧॥੧੧॥

ਕਿਤੇ ਤੂੰ ਵੇਦਾਂ ਦੀ ਰੀਤ ਅਨੁਸਾਰੀ ਹੈਂ ਅਤੇ ਕਿਤੇ ਉਨ੍ਹਾਂ ਤੋਂ ਉਲਟ ਹੈਂ, ਕਿਤੇ ਤੂੰ ਤਿੰਨਾਂ ਗੁਣਾਂ ਤੋਂ ਪਰੇ ਅਤੇ ਕਿਤੇ ਸਾਰੇ ਗੁਣਾਂ ਨਾਲ ਯੁਕਤ ਹੈਂ ॥੧॥੧੧॥

ਕਹੂੰ ਜਛ ਗੰਧ੍ਰਬ ਉਰਗ ਕਹੂੰ ਬਿਦਿਆਧਰ ਕਹੂੰ ਭਏ ਕਿੰਨਰ ਪਿਸਾਚ ਕਹੂੰ ਪ੍ਰੇਤ ਹੋ ॥

ਕਿਤੇ ਤੂੰ ਯਕਸ਼, ਗੰਧਰਬ, ਸੱਪ ('ਉਰਗ') ਅਤੇ ਵਿਦਿਆਧਰ ਹੈਂ, ਕਿਤੇ ਕਿੰਨਰ, ਪਿਸ਼ਾਚ ਅਤੇ ਪ੍ਰੇਤ ਆਦਿ ਹੈਂ।

ਕਹੂੰ ਹੁਇ ਕੈ ਹਿੰਦੂਆ ਗਾਇਤ੍ਰੀ ਕੋ ਗੁਪਤ ਜਪਿਓ ਕਹੂੰ ਹੁਇ ਕੈ ਤੁਰਕਾ ਪੁਕਾਰੇ ਬਾਂਗ ਦੇਤ ਹੋ ॥

ਕਿਤੇ ਨੂੰ ਹਿੰਦੂ ਹੋ ਕੇ ਗਾਇਤ੍ਰੀ ਦਾ ਗੁਪਤ ਜਾਪ ਕਰਨ ਵਾਲਾ ਹੈਂ; ਅਤੇ ਕਿਤੇ ਮੁਸਲਮਾਨ ਹੋ ਕੇ ਉੱਚੀ ਆਵਾਜ਼ ਵਿਚ ਬਾਂਗ ਦਿੰਦਾ ਹੈਂ।

ਕਹੂੰ ਕੋਕ ਕਾਬ ਹੁਇ ਕੈ ਪੁਰਾਨ ਕੋ ਪੜਤ ਮਤ ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ ॥

ਕਿਤੇ ਤੂੰ ਕੋਕ ਕਵੀ (ਵਿਦਵਾਨ ਪੰਡਿਤ) ਹੋ ਕੇ ਪੁਰਾਣ ਦੇ ਮਤ ਨੂੰ ਪੜ੍ਹਨ ਵਾਲਾ ਹੈਂ, ਕਦੇ ਕੁਰਾਨ ਦੇ ਤੱਤ੍ਵ-ਸਾਰ ਨੂੰ ਸਮਝਣ ਵਾਲਾ ਹੈਂ।

ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪ੍ਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸੁਰਗੁਨ ਸਮੇਤ ਹੋ ॥੨॥੧੨॥

ਕਿਤੇ ਤੂੰ ਵੇਦ ਦੀ ਮਰਯਾਦਾ (ਰੀਤ) ਹੈਂ ਅਤੇ ਕਿਤੇ ਉਸ ਦੇ ਬਿਲਕੁਲ ਉਲਟ ਹੈਂ। ਕਿਤੇ ਤੂੰ ਤਿੰਨ ਗੁਣਾਂ ਤੋਂ ਪਰੇ ਹੈਂ ਅਤੇ ਕਿਤੇ ਸਾਰੇ ਗੁਣਾਂ ਨਾਲ ਯੁਕਤ ਹੈਂ ॥੨॥੧੨॥

ਕਹੂੰ ਦੇਵਤਾਨ ਕੇ ਦਿਵਾਨ ਮੈ ਬਿਰਾਜਮਾਨ ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ ॥

(ਹੇ ਪ੍ਰਭੂ!) ਕਿਤੇ ਤੁਸੀਂ ਦੇਵਤਿਆਂ ਦੀ ਸਭਾ (ਦੀਵਾਨ) ਵਿਚ ਬਿਰਾਜਮਾਨ ਹੋ ਅਤੇ ਕਿਤੇ ਦੈਂਤਾਂ ਨੂੰ ਹੰਕਾਰ ਦੀ ਸਲਾਹ ਦੇ ਰਹੇ ਹੋ।

ਕਹੂੰ ਇੰਦ੍ਰ ਰਾਜਾ ਕੋ ਮਿਲਤ ਇੰਦ੍ਰ ਪਦਵੀ ਸੀ ਕਹੂੰ ਇੰਦ੍ਰ ਪਦਵੀ ਛਿਪਾਇ ਛੀਨ ਲੇਤ ਹੋ ॥

ਕਿਤੇ ਤੁਸੀਂ ਇੰਦਰ ਰਾਜਾ ਨੂੰ ਇੰਦਰਪਦ ਪ੍ਰਦਾਨ ਕਰ ਰਹੇ ਹੋ ਅਤੇ ਕਿਤੇ ਇੰਦਰ-ਪਦ ਖੋਹ ਕੇ ਲੁਕਾ ਲੈਂਦੇ ਹੋ।