ਕਿਤੇ ਸੁਵਿਚਾਰਾਂ ਨੂੰ ਅਤੇ ਕਿਤੇ ਕੁਵਿਚਾਰਾਂ ਨੂੰ ਵਿਚਾਰਦੇ ਹੋ ਅਤੇ ਕਿਤੇ ਨਿਜ-ਨਾਰੀ ਅਤੇ ਕਿਤੇ ਪਰ-ਨਾਰੀ ਦੇ (ਪਿਆਰ ਦੇ) ਕੇਂਦਰ (ਘਰ) ਹੋ।
ਕਿਤੇ ਵੇਦਾਂ ਦੀ ਰੀਤ (ਮਰਯਾਦਾ) ਹੋ ਅਤੇ ਕਿਤੇ ਉਸ ਤੋਂ ਉਲਟ ਹੋ, ਕਿਤੇ ਤਿੰਨਾਂ ਗੁਣਾਂ ਤੋਂ ਪਰੇ ਅਤੇ ਕਿਤੇ ਸਾਰੇ ਗੁਣਾਂ ਨਾਲ ਯੁਕਤ ਹੋ ॥੩॥੧੩॥
(ਹੇ ਪ੍ਰਭੂ!) ਕਿਤੇ ਤੁਸੀਂ ਸ਼ਸਤ੍ਰਧਾਰੀ (ਯੋਧਾ) ਹੋ, ਕਿਤੇ ਵਿਦਿਆ ਦਾ ਵਿਚਾਰ ਕਰਨ ਵਾਲੇ (ਵਿਦਵਾਨ) ਹੋ, ਕਿਤੇ ਪੌਣ (ਮਾਰਤ) ਦਾ ਆਹਾਰ ਕਰਨ ਵਾਲੇ (ਸ਼ਿਵ) ਹੋ ਅਤੇ ਕਿਤੇ ਜਲ (ਨਾਰ) ਵਿਚ ਨਿਵਾਸ ਕਰਨ ਵਾਲੇ (ਵਿਸ਼ਣੂ-ਨਾਰਾਇਣ) ਹੋ।
ਕਿਤੇ ਤੁਸੀਂ ਦੇਵ ਬਾਣੀ (ਆਕਾਸ਼ ਬਾਣੀ) ਹੋ, ਕਿਤੇ ਸਰਸਵਤੀ ਅਤੇ ਪਾਰਬਤੀ ਹੋ, ਕਿਤੇ ਦੁਰਗਾ ਅਤੇ ਸ਼ਿਵਾ (ਮ੍ਰਿੜਾਨੀ) ਹੋ ਅਤੇ ਕਿਤੇ ਤੁਸੀਂ ਕਾਲੇ ਰੰਗ ਵਾਲੀ ਹੋ ਅਤੇ ਕਿਤੇ ਸਫ਼ੈਦ ਵਰਣ ਵਾਲੀ ਹੋ।
ਕਿਤੇ ਧਰਮ-ਧਾਮ (ਧਰਮ ਦੀ ਮਰਯਾਦਾ ਰਖਣ ਵਾਲੇ) ਹੋ ਅਤੇ ਕਿਤੇ ਸਭ ਥਾਂ ਵਿਚਰਨ ਕਰਨ ਵਾਲੇ (ਸਰਬ ਵਿਆਪੀ) ਹੋ, ਕਿਤੇ ਜਤ-ਸਤ ਧਾਰਨ ਕਰਨ ਵਾਲੇ ਹੋ ਅਤੇ ਕਿਤੇ ਕਾਮ ਵਿਚ ਖੁਸ਼ (ਉਲਾਸੀ) ਹੋ; ਕਿਤੇ ਦਾਨ ਦੇਣ ਵਾਲੇ ਹੋ ਅਤੇ ਕਿਤੇ ਦਾਨ ਲੈਣ ਵਾਲੇ ਹੋ।
ਕਿਤੇ ਤੁਸੀਂ ਵੇਦ-ਰੀਤ ਨੂੰ ਪਾਲਣ ਵਾਲੇ ਹੋ ਅਤੇ ਕਿਤੇ ਇਸ ਤੋਂ ਉਲਟ ਹੋ, ਕਿਤੇ ਤਿੰਨਾਂ ਗੁਣਾਂ (ਰਜੋ, ਸਤੋ, ਤਮੋ) ਤੋਂ ਪਰੇ ਹੋ ਅਤੇ ਕਿਤੇ ਇੰਨ੍ਹਾਂ ਗੁਣਾਂ ਨਾਲ ਸੰਯੁਕਤ ਹੋ ॥੪॥੧੪॥
(ਹੇ ਪ੍ਰਭੂ!) ਕਿਤੇ ਤੁਸੀਂ ਜਟਾਧਾਰੀ (ਸਾਧੂ) ਹੋ ਅਤੇ ਕਿਤੇ ਗਲ ਵਿਚ ਕੰਠੀ ਧਾਰਨ ਕਰਨ ਵਾਲੇ ਬ੍ਰਹਮਚਾਰੀ (ਰਾਮਾਨੰਦੀ ਸਾਧੂ) ਹੋ, ਕਿਤੇ ਜੋਗ ਨੂੰ ਸਾਧ ਲਿਆ ਹੈ ਅਤੇ ਕਿਤੇ (ਜੋਗ) ਸਾਧਨਾ ਕਰ ਰਹੇ ਹੋ।
ਕਿਤੇ ਤੁਸੀਂ ਕੰਨ ਪਾਟੇ ਜੋਗੀ ਹੋ, ਕਿਤੇ ਡੰਡਾਧਾਰੀ (ਸੰਨਿਆਸੀ) ਹੋ ਕੇ ਵਿਚਰ ਰਹੇ ਹੋ, ਕਿਤੇ ਫੂਕ ਫੂਕ ਕੇ ਪੈਰਾਂ ਨੂੰ ਧਰਤੀ ਉਤੇ ਧਰਨ ਵਾਲੇ (ਜੈਨ ਸਾਧੂ) ਹੋ।
ਕਿਤੇ ਸਿਪਾਹੀ ਹੋ ਕੇ ਸ਼ਸਤ੍ਰਾਂ ('ਸਿਲਾਹਨ') ਦਾ ਅਭਿਆਸ ਕਰ ਰਹੇ ਹੋ ਅਤੇ ਕਿਤੇ ਛਤ੍ਰੀ (ਯੋਧਾ) ਰੂਪ ਹੋ ਕੇ ਵੈਰੀ ਨੂੰ ਮਾਰਦੇ ਅਤੇ ਮਰਦੇ ਹੋ।
ਕਿਤੇ ਮਹਾਰਾਜੇ ਦਾ ਰੂਪ ਧਾਰ ਕੇ ਧਰਤੀ ਉਪਰੋਂ ਜ਼ੁਲਮ ਦੇ ਭਾਰ ਨੂੰ ਉਤਾਰਦੇ ਹੋ ਅਤੇ ਕਿਤੇ ਜਗਤ ਦੇ ਜੀਵਾਂ ਦੀ ਇੱਛਾਂ ਨੂੰ ਪੂਰਾ ਕਰਦੇ ਹੋ ॥੫॥੧੫॥
ਕਿਤੇ ਤੁਸੀਂ ਗੀਤ ਅਤੇ ਨਾਦ ਦੇ ਢੰਗਾਂ ('ਨਿਦਾਨ') ਨੂੰ ਦਸਣ ਵਾਲੇ ਹੋ ਅਤੇ ਕਿਤੇ ਨਾਚ ਕਲਾ ਅਤੇ ਚਿੱਤਰਕਲਾ ਦੇ ਭੰਡਾਰ ਹੋ।
ਕਿਤੇ ਤੁਸੀਂ ਅੰਮ੍ਰਿਤ ਅਥਵਾ ਸੋਮ ਰਸ ('ਪਯੂਖ') ਹੋ ਕੇ (ਉਸ ਨੂੰ) ਪੀਂਦੇ ਅਤੇ ਪਿਲਾਂਦੇ ਹੋ ਅਤੇ ਕਿਤੇ ਤੁਸੀਂ ਮਾਖੀਉਂ ਅਤੇ ਕਿਤੇ ਗੰਨੇ ਦਾ ਰਸ ਹੋ ਅਤੇ ਕਿਤੇ ਮਦਿਰਾ ਦਾ ਪਾਨ ਕਰਨ ਵਾਲੇ ਹੋ।
ਕਿਤੇ ਤੁਸੀਂ ਮਹਾਨ ਸੂਰਮੇ ਬਣ ਕੇ ਬਾਗ਼ੀਆਂ ('ਮਵਾਸਨ') ਨੂੰ ਮਾਰਦੇ ਹੋ ਅਤੇ ਕਿਤੇ ਤੁਸੀਂ ਦੇਵਤਿਆਂ ਦੇ ਵੀ ਮਹਾ ਦੇਵ ਵਰਗੇ ਹੋ।
ਕਿਤੇ ਤੁਸੀਂ ਅਤਿ ਕੰਗਾਲ ਹੋ ਅਤੇ ਕਿਤੇ ਧਨਾਢ ਹੋ, ਕਿਤੇ ਵਿਦਿਆ ਵਿਚ ਪ੍ਰਬੀਨ ਹੋ ਅਤੇ ਕਿਤੇ ਧਰਤੀ ਅਤੇ ਕਿਤੇ ਸੂਰਜ ਹੋ ॥੬॥੧੬॥
(ਹੇ ਪ੍ਰਭੂ!) ਤੁਸੀਂ ਕਿਤੇ ਕਲੰਕ ਤੋਂ ਬਿਨਾ ਹੋ ਅਤੇ ਕਿਤੇ ਚੰਦ੍ਰਮਾ ('ਮਯੰਕ') ਨੂੰ ਮਾਰਨ ਵਾਲੇ (ਕਲੰਕਿਤ ਕਰਨ ਵਾਲੇ ਗੋਤਮ ਰਿਸ਼ੀ) ਹੋ, ਕਿਤੇ ਤੁਸੀਂ ਇਸਤਰੀ ਸਹਿਤ ਪਲੰਘ ਵਾਲੇ (ਗ੍ਰਿਹਸਤੀ) ਹੋ ਅਤੇ ਕਿਤੇ ਤੁਸੀਂ ਸ਼ੁੱਧਤਾ ਦਾ ਸਾਰ-ਤੱਤ੍ਵ ਹੋ (ਅਰਥਾਤ ਸੁਖ ਸੁਵਿਧਾ ਤੋਂ ਪਰੇ ਹੋ)
ਕਿਤੇ ਤੁਸੀਂ ਦੇਵ-ਧਰਮੀ ਹੋ ਅਤੇ ਕਿਤੇ ਵਸੀਲਿਆਂ (ਸਾਧਨਾਂ) ਦੇ ਮਹੱਲ (ਭੰਡਾਰ) ਹੋ, ਕਿਤੇ ਨਿੰਦਾਯੋਗ ਕੁਕਰਮ (ਕਰਨ ਵਾਲੇ) ਹੋ ਅਤੇ ਕਿਤੇ ਧਰਮ ਦੇ ਅਨੇਕ ਢੰਗ ਹੋ।
ਕਿਤੇ ਪੌਣ ਦਾ ਆਹਾਰ ਕਰਨ ਵਾਲੇ ਹੋ, ਕਿਤੇ ਵਿਦਿਆ ਦਾ ਵਿਚਾਰ ਕਰਨ ਵਾਲੇ (ਵਿਦਵਾਨ) ਹੋ, ਕਿਤੇ ਜੋਗੀ, ਜਤੀ, ਬ੍ਰਹਮਚਾਰੀ, ਪੁਰਸ਼ ਅਤੇ ਨਾਰੀ ਹੋ।
ਕਿਤੇ ਛਤ੍ਰਧਾਰੀ (ਰਾਜੇ) ਮ੍ਰਿਗਛਾਲਾ-ਧਾਰੀ (ਸੰਨਿਆਸੀ) ਹੋ, ਕਿਤੇ ਬਹੁਤ ਸੁੰਦਰ ਨੌਜਵਾਨ ਅਤੇ ਕਿਤੇ ਨਿਰਬਲ ਸ਼ਰੀਰ ਵਾਲੇ ('ਛਕਵਾਰੀ') ਅਤੇ ਕਿਤੇ ਛਲ ਦੇ ਅਨੇਕ ਰੂਪ ਹੋ ॥੭॥੧੭॥
ਕਿਤੇ ਗੀਤਾਂ ਦੇ ਗਾਣ ਵਾਲੇ ਹੋ, ਕਿਤੇ ਬੰਸਰੀ ਵਜਾਉਣ ਵਾਲੇ ਹੋ, ਕਿਤੇ ਨਾਚ ਦੇ ਨਚਾਰ ਹੋ ਅਤੇ ਕਿਤੇ ਨਰ ਸਰੂਪ ਵਾਲੇ ਹੋ।
ਕਿਤੇ ਤੁਸੀਂ ਵੇਦ-ਬਾਣੀ ਹੋ, ਕਿਤੇ ਕਾਮ ਦੇ ਭੇਦਾਂ ਦਾ ਬ੍ਰਿੱਤਾਂਤ ਹੋ, ਕਿਤੇ ਰਾਜੇ ਹੋ, ਕਿਤੇ ਰਾਣੀ ਹੋ ਅਤੇ ਕਿਤੇ ਤੁਸੀਂ ਇਸਤਰੀ ਦੇ ਵੱਖ ਵੱਖ ਸਰੂਪ ਹੋ।