ਅਕਾਲ ਉਸਤਤ

(ਅੰਗ: 5)


ਕਹੂੰ ਬੇਨ ਕੇ ਬਜਯਾ ਕਹੂੰ ਧੇਨ ਕੇ ਚਰਯਾ ਕਹੂੰ ਲਾਖਨ ਲਵਯਾ ਕਹੂੰ ਸੁੰਦਰ ਕੁਮਾਰ ਹੋ ॥

ਕਿਤੇ ਬੰਸਰੀ ਵਜਾਉਣ ਵਾਲੇ, ਕਿਤੇ ਗਊਆਂ ਨੂੰ ਚਰਾਉਣ ਵਾਲੇ, ਕਿਤੇ (ਵਿਅਰਥ ਦੀਆਂ) ਤੋਹਮਤਾਂ ਲਗਵਾਉਣ ਵਾਲੇ ਅਤੇ ਕਿਤੇ ਸੁੰਦਰ ਕੁਮਾਰ ਹੋ।

ਸੁਧਤਾ ਕੀ ਸਾਨ ਹੋ ਕਿ ਸੰਤਨ ਕੇ ਪ੍ਰਾਨ ਹੋ ਕਿ ਦਾਤਾ ਮਹਾ ਦਾਨ ਹੋ ਕਿ ਨ੍ਰਿਦੋਖੀ ਨਿਰੰਕਾਰ ਹੋ ॥੮॥੧੮॥

ਕਿਤੇ ਤੁਸੀਂ ਪਵਿਤਰਤਾ ਦੀ ਸ਼ਾਨ ਹੋ, ਜਾਂ ਸੰਤਾਂ ਦੇ ਪ੍ਰਾਣ ਹੋ ਜਾਂ ਮਹਾਨ ਦਾਨ ਦੇਣ ਵਾਲੇ ਦਾਨੀ ਹੋ ਜਾਂ ਨਿਰਦੋਸ਼ ਨਿਰਾਕਾਰ ਹੋ ॥੮॥੧੮॥

ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾ ਦਾਨ ਹੋ ॥

(ਹੇ ਪ੍ਰਭੂ!) ਤੁਸੀਂ ਨਿਰੋਗ ਅਤੇ ਅਰੂਪ ਹੋ ਜਾਂ ਸੁੰਦਰ ਸਰੂਪ ਵਾਲੇ ਹੋ, ਜਾਂ ਰਾਜਿਆਂ ਦੇ ਰਾਜੇ ਹੋ ਜਾਂ ਮਹਾਨ ਦਾਨ ਕਰਨ ਵਾਲੇ ਦਾਨੀ ਹੋ।

ਪ੍ਰਾਨ ਕੇ ਬਚਯਾ ਦੂਧ ਪੂਤ ਕੇ ਦਿਵਯਾ ਰੋਗ ਸੋਗ ਕੇ ਮਿਟਯਾ ਕਿਧੌ ਮਾਨੀ ਮਹਾ ਮਾਨ ਹੋ ॥

ਤੁਸੀਂ ਪ੍ਰਾਣਾਂ ਦੀ ਰਖਿਆਂ ਕਰਨ ਵਾਲੇ ਹੋ ਜਾਂ ਦੁੱਧ ਪੁੱਤਰ ਬਖਸ਼ਣ ਵਾਲੇ ਹੋ ਜਾਂ ਰੋਗ ਅਤੇ ਸੋਗ ਨੂੰ ਮਿਟਾਉਣ ਵਾਲੇ ਹੋ ਜਾਂ ਵੱਡੇ ਅਭਿਮਾਨ ਵਾਲੇ ਅਭਿਮਾਨੀ ਹੋ।

ਬਿਦਿਆ ਕੇ ਬਿਚਾਰ ਹੋ ਕਿ ਅਦ੍ਵੈ ਅਵਤਾਰ ਹੋ ਕਿ ਸਿਧਤਾ ਕੀ ਸੂਰਤਿ ਹੋ ਕਿ ਸੁਧਤਾ ਕੀ ਸਾਨ ਹੋ ॥

ਤੁਸੀਂ ਵਿਦਿਆ ਦਾ ਵਿਚਾਰ (ਵਿਦਵਾਨ) ਹੋ ਜਾਂ ਅਦ੍ਵੈਤ-ਸਰੂਪ ਵਾਲੇ ਹੋ, ਜਾਂ ਸਿੱਧੀਆਂ ਦੀ ਪ੍ਰਤਿਮੂਰਤੀ ਹੋ, ਜਾਂ ਸ਼ੁੱਧਤਾ ਦਾ ਗੌਰਵ ਹੋ।

ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿ ਸਤ੍ਰਨ ਕੇ ਸੂਲ ਹੋ ਕਿ ਮਿਤ੍ਰਨ ਕੇ ਪ੍ਰਾਨ ਹੋ ॥੯॥੧੯॥

ਤੁਸੀਂ ਜਵਾਨੀ ਦੇ ਜਾਲ (ਆਕਰਸ਼ਿਤ ਕਰ ਕੇ ਮੋਹ ਬੰਧਨ ਵਿਚ ਫਸਾਉਣ ਵਾਲੇ) ਹੋ, ਜਾਂ ਕਾਲ ਦੇ ਵੀ ਕਾਲ ਹੋ, ਜਾਂ ਵੈਰੀਆਂ ਲਈ ਪੀੜਾਕਾਰੀ ਹੋ, ਜਾਂ ਮਿਤਰਾਂ ਲਈ ਪ੍ਰਾਣ-ਰੂਪ ਹੋ ॥੯॥੧੯॥

ਕਹੂੰ ਬ੍ਰਹਮ ਬਾਦ ਕਹੂੰ ਬਿਦਿਆ ਕੋ ਬਿਖਾਦ ਕਹੂੰ ਨਾਦ ਕੋ ਨਨਾਦ ਕਹੂੰ ਪੂਰਨ ਭਗਤ ਹੋ ॥

ਕਿਤੇ ਤੁਸੀਂ ਬ੍ਰਹਮ ਸੰਬੰਧੀ ਵਿਚਾਰ-ਚਰਚਾ ਹੋ, ਜਾਂ ਵਿਦਿਆ ਦੇ ਤਰਕ-ਵਿਤਰਕ ਹੋ, ਜਾਂ ਕਿਤੇ ਅਨਹਦ ਨਾਦ ਦੀ ਧੁਨ ਹੋ, ਜਾਂ ਕਿਤੇ (ਅਨਹਦ ਨਾਦ ਦੀ ਧੁਨ ਵਿਚ) ਪੂਰੀ ਤਰ੍ਹਾਂ ਲੀਨ ਭਗਤ ਹੋ।

ਕਹੂੰ ਬੇਦ ਰੀਤ ਕਹੂੰ ਬਿਦਿਆ ਕੀ ਪ੍ਰਤੀਤ ਕਹੂੰ ਨੀਤ ਅਉ ਅਨੀਤ ਕਹੂੰ ਜੁਆਲਾ ਸੀ ਜਗਤ ਹੋ ॥

ਕਿਤੇ ਤੁਸੀਂ ਵੇਦ-ਰੀਤ ਦੇ ਪਾਲਕ ਹੋ, ਕਿਤੇ ਵਿਦਿਆ ਦੀ ਪ੍ਰਤੀਤੀ (ਵਿਸ਼ਵਾਸ) ਹੋ, ਕਿਤੇ ਨੀਤੀ ਹੋ ਅਤੇ ਕਿਤੇ ਅਨੀਤੀ ਹੋ ਅਤੇ ਕਿਤੇ ਅੱਗ ਵਾਂਗ ਚਮਕਦੇ ਹੋ।

ਪੂਰਨ ਪ੍ਰਤਾਪ ਕਹੂੰ ਇਕਾਤੀ ਕੋ ਜਾਪ ਕਹੂੰ ਤਾਪ ਕੋ ਅਤਾਪ ਕਹੂੰ ਜੋਗ ਤੇ ਡਿਗਤ ਹੋ ॥

ਕਿਤੇ ਪੂਰਨ ਪ੍ਰਤਾਪ ਵਾਲੇ ਹੋ, ਕਿਤੇ ਏਕਾਂਤ-ਵਾਸੀ (ਸਾਧਕ) ਦੇ ਜਾਪ ਹੋ, ਕਿਤੇ ਤਪਸਿਆ (ਦੁਆਰਾ ਪ੍ਰਾਪਤ ਨਾ ਕੀਤੇ ਜਾ ਸਕਣ ਵਾਲੇ) ਅਕਾਲ ਪੁਰਖ (ਅਤਾਪ) ਹੋ ਅਤੇ ਕਿਤੇ ਜੋਗ-ਸਾਧਨਾ ਤੋਂ ਡਿਗਣ ਵਾਲੇ ਹੋ।

ਕਹੂੰ ਬਰ ਦੇਤ ਕਹੂੰ ਛਲ ਸਿਉ ਛਿਨਾਇ ਲੇਤ ਸਰਬ ਕਾਲ ਸਰਬ ਠਉਰ ਏਕ ਸੇ ਲਗਤ ਹੋ ॥੧੦॥੨੦॥

ਕਿਤੇ ਵਰ ਦੇਣ ਵਾਲੇ ਹੋ ਕਿਤੇ ਛਲ ਨਾਲ ਖੋਹ ਲੈਣ ਵਾਲੇ ਹੋ, (ਮੈਨੂੰ) ਸਭ ਸਮਿਆਂ ਵਿਚ ਅਤੇ ਸਭਨਾਂ ਠਿਕਾਣਿਆਂ ਵਿਚ ਇਕ-ਸਮਾਨ ਪ੍ਰਤੀਤ ਹੁੰਦੇ ਹੋ ॥੧੦॥੨੦॥

ਤ੍ਵ ਪ੍ਰਸਾਦਿ ॥ ਸਵਯੇ ॥

ਤੇਰੀ ਕ੍ਰਿਪਾ ਨਾਲ: ਸ੍ਵੈਯੇ:

ਸ੍ਰਾਵਗ ਸੁਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ ॥

(ਹੇ ਪ੍ਰਭੂ! ਮੈਂ) ਬੁੱਧ ਅਤੇ ਜੈਨ ਮਤ ਨੂੰ ਮੰਨਣ ਵਾਲੇ ਸ਼੍ਰਾਵਕਾਂ, ਕਰਮਕਾਂਡੀਆਂ, ਸਿੱਧਾਂ, ਜੋਗੀਆਂ ਅਤੇ ਜਤੀਆਂ ਦੇ ਸਿੱਧਾਂਤਿਕ ਵਿਚਾਰਾਂ (ਘਰਾਂ) ਨੂੰ ਘੋਖ ਲਿਆ ਹੈ;

ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ॥

ਸ਼ੂਰਵੀਰਾਂ, (ਦੇਵਤਿਆਂ ਦੇ ਵੈਰੀ) ਦੈਂਤਾਂ ਅਤੇ ਸ਼ੁੱਧ ਅੰਮ੍ਰਿਤ (ਸੁਧਾ) ਪਾਨ ਕਰਨ ਵਾਲੇ ਦੇਵਤਿਆਂ ਅਤੇ ਅਨੇਕ ਪ੍ਰਕਾਰ ਦੇ ਸੰਤਾਂ ਦੀਆਂ ਮੰਡਲੀਆਂ ਨੂੰ (ਤੁਰ ਫਿਰ ਕੇ ਵੇਖ ਲਿਆ ਹੈ);

ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ ॥

ਸਾਰਿਆਂ ਦੇਸਾਂ ਦੇ ਮਤ-ਮਤਾਂਤਰਾਂ ਨੂੰ ਵੇਖ ਲਿਆ ਹੈ ਪਰ ਕੋਈ ਵੀ ਅਜਿਹਾ ਨਹੀਂ ਵੇਖਿਆ ਜੋ (ਸੱਚੇ ਅਰਥਾਂ ਵਿਚ) ਪਰਮਾਤਮਾ ਦਾ ਬਣਿਆ ਹੋਵੇ (ਅਰਥਾਤ ਅਧਿਆਤਮਿਕ ਕਰਤੱਵ ਪ੍ਰਤਿ ਸੁਚੇਤ ਹੋਵੇ)।

ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂ ਤੇ ਏਕ ਰਤੀ ਬਿਨੁ ਏਕ ਰਤੀ ਕੇ ॥੧॥੨੧॥

(ਸਚ ਤਾਂ ਇਹ ਹੈ ਕਿ) ਪਰਮਾਤਮਾ ਦੀ ਕ੍ਰਿਪਾ ਦੀ ਭਾਵਨਾ ਅਤੇ ਇਕ ਮਾਤਰ ਪ੍ਰੀਤ (ਰਤੀ ਤੋਂ ਬਿਨਾ) (ਇਹ ਸਾਰੇ) ਇਕ ਰਤੀ ਦੇ ਵੀ ਨਹੀਂ ਹਨ (ਅਰਥਾਤ ਤੁੱਛ ਹਨ) ॥੧॥੨੧॥

ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ॥

ਸੋਨੇ ਨਾਲ ਜੜ੍ਹੇ ਹੋਏ, ਉੱਚੇ ਅਕਾਰ ਪ੍ਰਕਾਰ ਵਾਲੇ ਸੰਧੂਰ ਨਾਲ ਸੰਵਾਰੇ ਹੋਏ ਅਨੂਪਮ ਮਸਤ ਹਾਥੀ ਹੋਣ;

ਕੋਟ ਤੁਰੰਗ ਕੁਰੰਗ ਸੇ ਕੂਦਤ ਪਉਨ ਕੇ ਗਉਨ ਕੋ ਜਾਤ ਨਿਵਾਰੇ ॥

ਹਿਰਨਾਂ ਵਾਂਗ ਕੁਦਣ ਅਤੇ ਪੌਣ ਦੀ ਤੇਜ਼ੀ ਨੂੰ ਵੀ ਪਿਛੇ ਛੱਡਣ ਵਾਲੇ ਕਰੋੜਾਂ ਘੋੜੇ ਹੋਣ;

ਭਾਰੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਨ ਜਾਤ ਬਿਚਾਰੇ ॥

(ਦੁਆਰ 'ਤੇ ਖੜੇ) ਵੱਡੀਆਂ ਭੁਜਾਵਾਂ ਵਾਲੇ ਰਾਜੇ ਚੰਗੀ ਤਰ੍ਹਾਂ ਨਾਲ ਸਿਰ ਨਿਵਾਉਂਦੇ ਹੋਣ, ਜਿਨ੍ਹਾਂ ਦੀ ਕਿ ਗਿਣਤੀ ਵੀ ਨਾ ਕੀਤੇ ਜਾ ਸਕਦੀ ਹੋਵੇ;

ਏਤੇ ਭਏ ਤੁ ਕਹਾ ਭਏ ਭੂਪਤਿ ਅੰਤ ਕੋ ਨਾਂਗੇ ਹੀ ਪਾਂਇ ਪਧਾਰੇ ॥੨॥੨੨॥

ਅਜਿਹੇ (ਪ੍ਰਤਾਪੀ) ਰਾਜਾ ਬਣ ਗਏ, ਤਾਂ ਕੀ ਹੋਇਆ, (ਕਿਉਂਕਿ) ਅੰਤ ਵਿਚ ਤਾਂ ਨੰਗੇ ਪੈਰੀਂ ਹੀ (ਇਸ ਸੰਸਾਰ ਤੋਂ) ਜਾਣਾ ਹੁੰਦਾ ਹੈ ॥੨॥੨੨॥

ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ ॥

(ਜਿਨ੍ਹਾਂ ਨੇ) ਸਾਰੇ ਦੇਸ-ਦੇਸਾਂਤਰਾਂ ਨੂੰ ਜਿਤ ਲਿਆ ਹੋਵੇ ਅਤੇ ਜਿਨ੍ਹਾਂ ਦੇ (ਰਾਜਮਹੱਲ ਅਗੇ) ਢੋਲ, ਮ੍ਰਿਦੰਗ ਅਤੇ ਨਗਾਰੇ ਵਜਦੇ ਹੋਣ;