ਸੁੰਦਰ ਹਾਥੀਆਂ ਦੇ ਸਮੂਹ ਚਿੰਘਾੜਦੇ ਹੋਣ ਅਤੇ ਹਜ਼ਾਰਾਂ ਹੀ ਸ੍ਰੇਸ਼ਠ ਘੋੜੇ ਹਿਣਕਦੇ ਹੋਣ;
(ਅਜਿਹੇ ਮਹੱਤਵ ਵਾਲੇ) ਭੂਤ, ਭਵਿਖ ਅਤੇ ਵਰਤਮਾਨ ਤਿੰਨਾਂ ਕਾਲਾਂ ਵਿਚ ਇਤਨੇ ਰਾਜੇ ਹੋਏ ਹਨ ਕਿ ਜਿਨ੍ਹਾਂ ਨੂੰ ਵਿਚਾਰਿਆ ਨਹੀਂ ਜਾ ਸਕਦਾ (ਅਰਥਾਤ ਅਣਗਿਣਤ ਹਨ);
ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਸਿਮਰਨ ਤੋਂ ਬਿਨਾ ਅੰਤ ਨੂੰ ਯਮਰਾਜ ਦੇ ਘਰ ਚਲੇ ਗਏ ਹਨ ॥੩॥੨੩॥
(ਜੇ ਕੋਈ) ਤੀਰਥ ਇਸ਼ਨਾਨ, ਦਇਆ, ਦਾਨ, (ਵਿਕਾਰਾਂ ਤੋਂ ਬਚਣ ਦੇ) ਸੰਜਮ, ਨੇਮ ਅਤੇ ਹੋਰ ਅਨੇਕਾਂ ਵਿਸ਼ੇਸ਼ ਕਰਮ ਕਰਨ ਵਾਲੇ;
ਵੇਦਾਂ, ਪੁਰਾਣਾਂ, ਕਤੇਬਾਂ ਅਤੇ ਕੁਰਾਨ ਆਦਿ ਧਰਤੀ ਉਤੇ ਉਪਲਬਧ ਸਾਰਿਆਂ ਸਮਿਆਂ ਦੇ (ਧਰਮ ਗ੍ਰੰਥਾਂ ਨੂੰ) ਘੋਖਣ ਵਾਲੇ;
ਪੌਣ ਦਾ ਆਹਾਰ ਕਰਨ ਅਤੇ ਜਤ-ਸਤ ਧਾਰ ਕੇ ਜਤੀ ਬਣਨ ਵਾਲੇ ਹਜ਼ਾਰਾਂ ਹੀ ਵਿਚਾਰ ਪੂਰਵਕ ਵੇਖੇ ਹਨ;
ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਭਜਨ ਅਤੇ ਪ੍ਰੇਮ ('ਰਤੀ') ਤੋਂ ਬਿਨਾ ਰਾਜੇ ਵੀ (ਪਰਮਾਤਮਾ ਦੇ ਦੁਆਰ ਤੇ) ਪ੍ਰਵਾਨ ਨਹੀਂ ਹਨ ॥੪॥੨੪॥
ਚੰਗੀ ਸਿਖੀ ਹੋਈ ਫੌਜ ਜਿਸ ਦੇ ਸਾਰੇ ਸਿਪਾਹੀਆਂ (ਦੀ ਸ਼ਕਤੀ) ਦਾ ਕੋਈ ਅੰਤ ਨਾ ਹੋਵੇ ਅਤੇ ਜੋ ਕਵਚ ਸਜਾ ਕੇ ਵੈਰੀਆਂ ਨੂੰ ਦਲਣ ਵਾਲੇ ਹੋਣ;
ਉਹ (ਸ਼ੂਰਵੀਰ) ਆਪਣੇ ਮਨ ਵਿਚ ਭਾਰੀ ਗੁਮਾਨ ਭਰਨ ਵਾਲੇ ਹੋਣ ਕਿ ਪਰਬਤ ਭਾਵੇਂ ਖੰਭ ਲਾ ਕੇ (ਆਪਣੇ ਸਥਾਨ ਤੋਂ) ਹਿਲ ਜਾਣ, (ਪਰ ਉਹ ਯੋਧੇ ਰਣ ਵਿਚੋਂ) ਹਿਲਣ ਵਾਲੇ ਨਾ ਹੋਣ;
ਉਹ ਵੈਰੀਆਂ ਨੂੰ ਤੋੜਨ ਵਾਲੇ, ਬਾਗ਼ੀਆਂ ਨੂੰ ਮਰੋੜਨ ਵਾਲੇ ਅਤੇ ਮਸਤ ਹਾਥੀਆਂ ਦੀ ਮਸਤੀ ਨੂੰ ਮਲ ਸੁਟਣ ਵਾਲੇ ਹੋਣ;
ਪਰ ਮਾਇਆ ਦੇ ਸੁਆਮੀ ਪਰਮਾਤਮਾ ਦੀ ਕ੍ਰਿਪਾ ਤੋਂ ਬਿਨਾ (ਅਜਿਹੇ ਬਲਵਾਨ ਸੂਰਮੇ ਵੀ) ਅੰਤ ਵਿਚ ਸੰਸਾਰ ਨੂੰ ਤਿਆਗ ਕੇ ਚਲੇ ਜਾਣਗੇ ॥੫॥੨੫॥
ਅਪਾਰ ਸ਼ਕਤੀ ਵਾਲੇ ਸ਼ੂਰਵੀਰ ਅਤੇ ਬਹੁਤ ਬਲਵਾਨ ਜੋ ਬਿਨਾ ਵਿਚਾਰੇ (ਸੰਕੋਚ ਕੀਤੇ) ਸ਼ਸਤ੍ਰਾਂ ਦੀ ਧਾਰ ਨੂੰ ਸਹਾਰਦੇ ਹਨ;
ਕਈ ਦੇਸਾਂ ਨੂੰ ਤੋੜਦੇ ਹਨ, ਬਾਗ਼ੀਆਂ ਨੂੰ ਦਲ ਦਿੰਦੇ ਹਨ ਅਤੇ ਮਸਤ ਹਾਥੀਆਂ ਦਾ ਹੰਕਾਰ ਮਲ ਦਿੰਦੇ ਹਨ;
ਜੋ ਦ੍ਰਿੜ੍ਹ ਕਿਲਿਆਂ ਨੂੰ ਤੋੜਨ ਵਾਲੇ ਹਨ ਅਤੇ ਗੱਲਾਂ ਵਿਚ ਹੀ ਜੋ ਚੌਹਾਂ ਚੱਕਾਂ ਨੂੰ ਜਿਤ ਲੈਣ ਦੀ ਸਮਰਥਾ ਰਖਦੇ ਹਨ;
ਪਰ ਮਾਇਆ ਦਾ ਸੁਆਮੀ ਪ੍ਰਭੂ ਉਨ੍ਹਾਂ ਸਭਨਾਂ ਦਾ ਮਾਲਕ ਹੈ, (ਉਸ ਦੇ ਦਰ ਤੇ) ਇਹ ਸਾਰੇ ਜਾਚਕ ਹਨ ਅਤੇ ਉਹ ਇਕ ਹੀ ਦੇਣ ਵਾਲਾ ਹੈ ॥੬॥੨੬॥
ਦੈਂਤ, ਦੇਵ ਤੇ ਨਾਗ ਅਤੇ ਰਾਖਸ਼ ਵੀ ਜਿਸ ਨੂੰ ਤਿੰਨਾਂ ਕਾਲਾਂ (ਭੂਤ, ਭਵਿਖ, ਵਰਤਮਾਨ) ਵਿਚ ਜਪਦੇ ਹਨ;
ਜੋ ਪਲ ਹੀ ਪਲ ਵਿਚ ਜਲ-ਥਲ ਦੇ ਸਾਰੇ ਜੀਵਾਂ ਦੀ ਸਥਾਪਨਾ ਕਰ ਦਿੰਦਾ ਹੈ;
ਜਿਸ ਦੇ ਸਿਮਰਨ ਨਾਲ ਪੁੰਨਾਂ ਦੀ ਪ੍ਰਚੰਡਤਾ ਵਧ ਜਾਂਦੀ ਹੈ ਅਤੇ ਜਿਸ ਦੇ ਜੈਘੋਸ਼ ਨੂੰ ਸੁਣ ਕੇ ਪਾਪਾਂ ਦੇ ਸਮੂਹ ਨਸ਼ਟ ਹੋ ਜਾਂਦੇ ਹਨ;
(ਉਸ ਦੇ ਪ੍ਰਤਾਪ ਨੂੰ) ਵੇਖ ਕੇ ਸਾਰੇ ਸੰਤ ਜਗਤ ਵਿਚ ਪ੍ਰਸੰਨਤਾ-ਪੂਰਵਕ ਫਿਰਦੇ ਹਨ ਅਤੇ ਉਨ੍ਹਾਂ ਨੂੰ ਵੇਖ ਕੇ ਵੈਰੀ ਲੋਕ ਨਸ਼ਟ ਹੋ ਜਾਂਦੇ ਹਨ ॥੭॥੨੭॥
ਜੋ ਮਨੁੱਖ, ਇੰਦਰ, ਗਜਿੰਦਰ, ਕੁਬੇਰ ਵਾਂਗ ਤਿੰਨ ਲੋਕਾਂ ਉਤੇ ਰਾਜ ਕਰਦੇ ਹਨ;