ਜੋ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰਕੇ ਹਾਥੀ ਆਦਿ ਦਾਨ ਕਰਦੇ ਹਨ ਅਤੇ ਅਨੇਕ ਸੁਅੰਬਰਾਂ ਦੀ ਵਿਵਸਥਾ ਕਰ ਕੇ (ਇਸਤਰੀਆਂ ਨੂੰ) ਵਰਦੇ ਹਨ;
ਪਰ ਜੇ ਉਹ ਬ੍ਰਹਮਾ, ਮਹੇਸ਼ ਅਤੇ ਵਿਸ਼ਣੂ ਅਤੇ ਇੰਦਰ (ਸਚੀ-ਪਤੀ) (ਦਾ ਧਿਆਨ ਧਰਦੇ ਹਨ, ਤਾਂ) ਅੰਤ ਵਿਚ ਜਮਰਾਜ ਦੇ ਫੰਧੇ ਵਿਚ ਫਸਦੇ ਹਨ;
ਜਿਹੜੇ ਪੁਰਸ਼ ਮਾਇਆ ਦੇ ਸੁਆਮੀ ਪਰਮਾਤਮਾ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਦੇ ਹਨ, ਉਹ ਮਨੁੱਖ ਫਿਰ ਦੇਹ ਧਾਰਨ ਨਹੀਂ ਕਰਨਗੇ (ਭਾਵ ਆਵਾਗਵਣ ਦੇ ਚੱਕਰ ਤੋਂ ਮੁਕਤ ਹੋ ਜਾਣਗੇ) ॥੮॥੨੮॥
ਕੀ ਹੋਇਆ ਜੇ ਕੋਈ ਦੋਵੇਂ ਅੱਖਾਂ ਬੰਦ ਕਰ ਕੇ ਬੈਠ ਗਿਆ ਅਤੇ ਬਗਲੇ ਵਾਂਗ ਧਿਆਨ ਲਗਾ ਲਿਆ;
ਜੇ ਕੋਈ (ਉਮਰ ਭਰ) ਸੱਤ ਸਮੁੰਦਰਾਂ ਵਿਚ ਇਸ਼ਨਾਨ ਕਰਦਾ ਫਿਰਿਆ (ਤਾਂ ਇਹ ਸਮਝ ਲਿਆ ਜਾਵੇ ਕਿ) ਉਸ ਦਾ ਲੋਕ ਵੀ ਗਿਆ ਅਤੇ ਪਰਲੋਕ ਵੀ (ਉਸ ਨੇ) ਗੰਵਾਂ ਲਿਆ;
ਬਾਨ-ਪ੍ਰਸਤੀ (ਬਿਖਿਆਨ-ਵੈਖਾਨਸ) ਹੋ ਕੇ ਜੰਗਲਾਂ ਵਿਚ ਨਿਵਾਸ ਕੀਤਾ, ਉਨ੍ਹਾਂ ਨੇ ਵੀ ਇਸ ਤਰ੍ਹਾਂ ਆਪਣੀ ਸਾਰੀ ਉਮਰ (ਵਿਅਰਥ ਵਿਚ) ਬਿਤਾ ਦਿੱਤੀ;
(ਮੈਂ) ਸਚ ਕਹਿੰਦਾ ਹਾਂ, ਸਾਰੇ (ਧਿਆਨ ਨਾਲ) ਸੁਣ ਲਵੋ ਕਿ ਜਿੰਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਦਾ ਸੰਬੰਧ ਜੋੜਿਆ ਹੈ, ਉਨ੍ਹਾਂ ਨੇ ਹੀ ਉਸ ਨੂੰ ਪ੍ਰਾਪਤ ਕੀਤਾ ਹੈ ॥੯॥੨੯॥
ਕਿਸੇ ਨੇ ਸਾਲਗ੍ਰਾਮ ਨੂੰ ਪੂਜ ਕੇ ਸਿਰ ਉਤੇ ਧਾਰਨ ਕਰ ਲਿਆ ਹੈ ਅਤੇ ਕਿਸੇ ਨੇ ਸ਼ਿਵਲਿੰਗ ਲੈ ਕੇ ਗਲੇ ਵਿਚ ਲਟਕਾ ਲਿਆ ਹੈ;
ਕਿਸੇ ਨੇ ਪਰਮਾਤਮਾ ਨੂੰ ਪੂਰਬ ਦਿਸ਼ਾ ਵਿਚ ਜਾਣਿਆ ਹੈ ਅਤੇ ਕਿਸੇ ਨੇ ਪੱਛਮ ਵਲ ਸਿਰ ਨਿਵਾਇਆ ਹੈ;
ਕੋਈ ਮੂਰਖ ਬੁਤਾਂ (ਮੂਰਤੀ) ਨੂੰ ਪੂਜ ਰਿਹਾ ਹੈ ਅਤੇ ਕੋਈ ਕਬਰਾਂ ਨੂੰ ਪੂਜਦਾ ਫਿਰਦਾ ਹੈ;
ਸਾਰਾ ਸੰਸਾਰ ਕੂੜੀ ਕ੍ਰਿਆ ਵਿਚ ਉਲਝਿਆ ਹੋਇਆ ਹੈ, ਪਰ ਮਾਇਆ ਦੇ ਸੁਆਮੀ ਦਾ ਕਿਸੇ ਨੇ ਵੀ ਭੇਦ ਨਹੀਂ ਪਾਇਆ ਹੈ ॥੧੦॥੩੦॥
ਤੇਰੀ ਕ੍ਰਿਪਾ ਨਾਲ: ਤੋਮਰ ਛੰਦ:
ਪਰਮਾਤਮਾ ਜਨਮ-ਮਰਨ ਤੋਂ ਰਹਿਤ ਹੈ,
ਅਠਾਰ੍ਹਾਂ ਵਿਦਿਆਵਾਂ (ਚਾਰ ਵੇਦ, ਛੇ ਵੇਦਾਂਗ, ਮੀਮਾਂਸਾ, ਨਿਆਇ, ਪੁਰਾਣ, ਸਮ੍ਰਿਤੀਆਂ, ਆਯੁਰਵੇਦ, ਧਨੁਰਵੇਦ, ਗੰਧਰਵ ਵੇਦ ਅਤੇ ਨੀਤੀ ਸ਼ਾਸਤ੍ਰ) ਵਿਚ ਪ੍ਰਬੀਨ ਹੈ,
ਨਿਸ਼ਕਲੰਕ ਰੂਪ ਵਾਲਾ ਅਪਰ ਅਪਾਰ ਹੈ,
ਉਸ ਉਦਾਰ ਸਰੂਪ ਵਾਲੇ ਦਾ ਤੇਜ ਕਦੇ ਨਸ਼ਟ ਨਹੀਂ ਹੁੰਦਾ ॥੧॥੩੧॥
(ਉਹ) ਅਭਿਜ ਰੂਪ ਵਾਲਾ ਸਭ ਵਿਚ ਲੁਕਿਆ ਹੋਇਆ (ਦੁਰੰਤ) ਹੈ,
ਸਾਰੇ ਜਗਤ ਦੇ ਭਗਤਾਂ ਦਾ ਸ਼ਿਰੋਮਣੀ ਹੈ,
ਜਸ ਦਾ ਟਿਕਾ ਹੈ, ਭੂਮੀ ਅਤੇ ਸੂਰਜ ਦਾ ਆਧਾਰ (ਭ੍ਰਿਤ) ਹੈ,
ਅਠਾਰ੍ਹਾਂ ਸਿੱਧੀਆਂ ਦਾ ਭੰਡਾਰ ਹੈ ॥੨॥੩੨॥