(ਉਹ) ਕਲੰਕ-ਰਹਿਤ ਅਪਰ ਅਪਾਰ ਹੈ,
ਸਾਰਿਆਂ ਲੋਕਾਂ ਦੇ ਸੋਗ ਨੂੰ ਨਸ਼ਟ ਕਰਨ ਵਾਲਾ ਹੈ,
ਕਲਿਯੁਗ ਦੇ ਕਰਮਕਾਂਡਾਂ ਤੋਂ ਪਰੇ ਹੈ
ਅਤੇ ਸਾਰੇ ਧਰਮ-ਕਰਮਾਂ ਵਿਚ ਪ੍ਰਬੀਨ ਹੈ ॥੩॥੩੩॥
(ਉਸ ਦਾ) ਪ੍ਰਤਾਪ ਅਖੰਡ ਅਤੇ ਅਤੁਲ (ਨ ਤੁਲਨਾਇਆ ਜਾ ਸਕਣ ਵਾਲਾ) ਹੈ,
(ਉਸ ਨੇ) ਸਭ ਸਥਾਪਨਾਵਾਂ ਨੂੰ ਸਥਾਪਿਤ ਕਰ ਰਖਿਆ ਹੈ,
(ਉਸ) ਖੇਦ ਤੋਂ ਰਹਿਤ ਦਾ ਭੇਦ ਖੋਲ੍ਹਿਆ ਨਹੀਂ ਜਾ ਸਕਦਾ;
ਚਾਰ ਮੁਖਾਂ ਵਾਲਾ ਬ੍ਰਹਮਾ (ਉਸ ਨੂੰ) ਵੇਦਾਂ ਦੁਆਰਾ ਗਾਉਂਦਾ ਹੈ ॥੪॥੩੪॥
ਜਿਸ ਨੂੰ ਵੇਦ ('ਨਿਗਮ') ਨੇਤਿ ਨੇਤਿ (ਬੇਅੰਤ ਬੇਅੰਤ) ਕਹਿੰਦੇ ਹਨ,
ਚਾਰ ਮੁਖਾਂ ਵਾਲਾ ਬ੍ਰਹਮਾ ਜਿਸ ਨੂੰ ਬੇਅੰਤ ਬੇਅੰਤ ਦਸਦਾ ਹੈ,
ਜੋ ਅਭਿਜ (ਨਿਰਲਿਪਤ) ਅਤੇ ਅਤੁਲ ਪ੍ਰਤਾਪ ਵਾਲਾ ਹੈ,
ਉਹ ਨਾ ਖੰਡਿਆ ਜਾ ਸਕਣ ਵਾਲਾ, ਸੀਮਾ ਵਿਚ ਨਾ ਬੰਨ੍ਹਿਆ ਜਾ ਸਕਣ ਵਾਲਾ ਅਤੇ ਸਥਾਪਿਤ ਨਾ ਕੀਤਾ ਜਾ ਸਕਣ ਵਾਲਾ ਹੈ ॥੫॥੩੫॥
ਜਿਸ ਨੇ ਜਗਤ ਦਾ ਪਸਾਰ ਕੀਤਾ ਹੈ,
(ਜਿਸ ਨੇ ਹਰ ਇਕ) ਵਿਚਾਰ ਨੂੰ ਵਿਚਾਰਪੂ ਰਵਕ ਰਚਿਆ ਹੈ,
ਜੋ ਅਨੰਤ ਅਤੇ ਅਖੰਡ ਰੂਪ ਵਾਲਾ ਹੈ
ਅਤੇ ਜਿਸ ਦਾ ਪ੍ਰਤਾਪ ਅਤੁਲ ਅਤੇ ਪ੍ਰਚੰਡ ਹੈ ॥੬॥੩੬॥
ਜਿਸ ਨੇ ਅੰਡੇ ਤੋਂ ਬ੍ਰਹਿਮੰਡ (ਦੀ ਰਚਨਾ ਕੀਤੀ ਹੈ)
ਫਿਰ ਚੌਦਾਂ ਖੰਡਾਂ ਨੂੰ ਸਿਰਜਿਆ ਹੈ
ਅਤੇ ਸਾਰੇ ਜਗਤ ਦਾ ਪਸਾਰ ਪਸਾਰਿਆ ਹੈ,
(ਉਹ) ਅਵਿਅਕਤ (ਅਕਥਨੀ) ਰੂਪ ਵਾਲਾ (ਪ੍ਰਭੂ) ਉਦਾਰ ਹੈ ॥੭॥੩੭॥