ਜਿਸ ਨੇ ਕਰੋੜਾਂ ਇੰਦਰ ਵਰਗੇ ਰਾਜੇ ਬਣਾਏ ਹਨ
ਅਤੇ ਕਈ ਬ੍ਰਹਮਾ, ਵਿਸ਼ਣੂ ਦੀ ਵਿਚਾਰ ਪੂਰਵਕ (ਰਚਨਾ ਕੀਤੀ ਹੈ)
ਕਈ ਰਾਮ, ਕ੍ਰਿਸ਼ਣ, ਰਸੂਲ ਆਦਿ (ਪੈਦਾ ਕੀਤੇ ਹਨ)
ਪਰ ਬਿਨਾ ਭਗਤੀ ਉਸ ਦੇ ਦੁਆਰ ਤੇ ਕੋਈ ਪ੍ਰਵਾਨ ਨਹੀਂ ਹੁੰਦਾ ॥੮॥੩੮॥
ਜਿਸ ਨੇ ਕਈ ਸਮੁੰਦਰ, ਸੁਮੇਰ ਵਰਗੇ ਪਰਬਤ (ਬਣਾਏ ਹਨ)
ਕਈ ਮੱਛ, ਕੱਛ ਅਤੇ ਸ਼ੇਸ਼ਨਾਗ (ਰਚੇ ਹਨ)
ਕਈ ਦੇਵਤੇ ਅਤੇ ਸਨਕਾਦਿਕ (ਸਿਰਜੇ ਹਨ)
ਕਈ ਕ੍ਰਿਸ਼ਣ, ਵਿਸ਼ਣੂ ਆਦਿ ਅਵਤਾਰਾਂ ਨੂੰ ਅਵਤਰਿਤ ਕੀਤਾ ਹੈ ॥੯॥੩੯॥
ਉਸ ਦੇ ਦੁਆਰ ਉਤੇ ਕਈ ਇੰਦਰ ਝਾੜੂ ਦਿੰਦੇ ਹਨ,
ਕਈ ਵੇਦ ਅਤੇ ਬ੍ਰਹਮਾ ਹਨ,
ਕਈ ਤੁੱਛ ਰੂਪ ਵਾਲੇ ਰੁਦ੍ਰ ਹਨ,
ਕਈ ਅਨੂਪਮ ਰੂਪ ਵਾਲੇ ਕ੍ਰਿਸ਼ਣ ਅਤੇ ਰਾਮ ਹਨ ॥੧੦॥੪੦॥
ਕਈ ਕੋਕ-ਸ਼ਾਸਤ੍ਰ ਅਤੇ ਕਾਵਿ ਨੂੰ ਪੜ੍ਹਦੇ ਹਨ,
ਕਈ ਵੇਦਾਂ ਦੇ ਰਹੱਸ ਨੂੰ ਪ੍ਰਗਟ ਕਰਦੇ ਹਨ (ਵਿਆਖਿਆ ਕਰਦੇ ਹਨ)
ਕਿਤਨੇ ਹੀ ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦਾ ਬਖਾਨ ਕਰਦੇ ਹਨ,
ਅਤੇ ਕਿਤਨੇ ਹੀ ਪੁਰਾਣਾਂ ਦੀ ਕਥਾ ਕਰਦੇ ਹਨ ॥੧੧॥੪੧॥
ਕਿਤਨੇ ਹੀ ਹੋਮ ਕਰਦੇ ਹਨ,
ਕਿਤਨੇ ਹੀ ਪੁਠੇ ਲਟਕ ਕੇ ਕਠਿਨ ਤਪ ਕਰਦੇ ਹਨ,
ਕਈ ਬਾਂਹਵਾਂ ਨੂੰ ਉੱਚਾ ਉਠਾ ਕੇ (ਤਪਸਿਆ ਕਰਨ ਵਾਲੇ) ਸੰਨਿਆਸੀ ਹਨ,
ਕਈ ਜੋਗੀਆਂ ਦੇ ਭੇਸ ਵਿਚ ਨਿਰਲਿਪਤ ਫਿਰਦੇ ਹਨ ॥੧੨॥੪੨॥