ਕਿਤੇ ਕੋਈ ਨੌਲੀ-ਕਰਮ ਕਰਦੇ ਹਨ,
ਕਿਤੇ ਕੋਈ ਕਠਿਨ ਪੌਣ-ਆਹਾਰ ਕਰਦੇ ਹਨ,
ਕਈ ਤੀਰਥਾਂ ਉਤੇ ਅਪਾਰ ਦਾਨ ਕਰਦੇ ਹਨ
ਅਤੇ ਕਈ ਉਦਾਰਤਾ ਪੂਰਵਕ ਯੱਗ-ਕਰਮ ਕਰਦੇ ਹਨ ॥੧੩॥੪੩॥
ਕਿਤੇ ਅਨੂਪ ਹਵਨ ('ਅਗਨੀ-ਹੋਤ੍ਰ') ਹੁੰਦੇ ਹਨ,
ਕਿਤੇ ਰਾਜ-ਸੰਪਦਾ ਕਾਰਨ ਨਿਆਂ ਹੁੰਦਾ ਹੈ,
ਕਿਤੇ ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦੀ ਵਿਧੀ ਹੁੰਦੀ ਹੈ
ਅਤੇ ਕਿਤੇ ਵੇਦਾਂ ਦੇ ਉਲਟ ਰੀਤਾਂ ਹੁੰਦੀਆਂ ਹਨ ॥੧੪॥੪੪॥
ਕਈ ਦੇਸ-ਦੇਸਾਂਤਰਾਂ ਵਿਚ ਫਿਰਦੇ ਹਨ,
ਕਈ ਇਕੋ ਸਥਾਨ ਉਤੇ ਸਥਿਤ ਹਨ,
ਕਈ ਪਾਣੀ ਵਿਚ (ਖੜੇ ਹੋ ਕੇ) ਜਾਪ ਕਰਦੇ ਹਨ,
ਕਈ ਸ਼ਰੀਰ ਉਤੇ ਧੁਪ ('ਤਾਪ') ਸਹਿਨ ਕਰਦੇ ਹਨ ॥੧੫॥੪੫॥
ਕਿਤੇ (ਕਈ) ਬਨਾਂ ਵਿਚ ਵਾਸ ਕਰਦੇ ਹਨ,
ਕਿਤੇ (ਕਈ) ਸ਼ਰੀਰ ਉਤੇ ਗਰਮੀ ਸਹਿੰਦੇ ਹਨ,
ਕਿਤੇ (ਕਈ) ਗ੍ਰਿਹਸਥ ਧਰਮ ਦੀ ਪਾਲਨਾ ਕਰਦੇ ਹਨ
ਅਤੇ ਕਈ ਰਾਜਨੀਤੀ ਦਾ ਉਦਾਰਤਾ ਪੂਰਵਕ ਨਿਰਵਾਹ ਕਰਦੇ ਰਹੇ ਹਨ ॥੧੬॥੪੬॥
ਕਿਤੇ (ਕਈ) ਰੋਗ ਅਤੇ ਭਰਮ ਤੋਂ ਰਹਿਤ ਹਨ,
ਕਿਤੇ (ਕਈ) ਨਾ ਕੀਤੇ ਜਾਣ ਵਾਲੇ ਕਰਮ ਕਰਦੇ ਹਨ,
ਕਿਤੇ (ਕਈ) ਸ਼ੇਸ਼ਨਾਗ ਬ੍ਰਹਮ-ਸਰੂਪ ਹਨ,
ਕਿਤੇ ਅਨੂਪਮ ਨੀਤੀਵਾਨ ਹਨ ॥੧੭॥੪੭॥