ਕਿਤੇ ਕੋਕ ਸ਼ਾਸਤ੍ਰ ਦੀ ਕਾਵਿ-ਕਥਾ ਹੋ।
ਕਿਤੇ (ਤੁਸੀਂ) ਲੋਹਾ ਹੋ ਅਤੇ ਕਿਤੇ ਸੋਨਾ।
ਕਿਤੇ (ਤੁਸੀਂ) ਮੰਗਲਮਈ ਬੋਲ ਹੋ ਅਤੇ ਕਿਤੇ ਘਟੀਆ ਕਿਸਮ ਦੇ ਸ਼ਬਦ ਹੋ ॥੨੨॥੧੧੨॥
ਕਿਤੇ (ਤੁਸੀਂ) ਵੇਦ-ਵਿਦਿਆ ਹੋ, ਕਿਤੇ ਕਾਵਿ ਰੂਪ ਹੋ।
ਕਿਤੇ (ਤੁਸੀਂ) ਸੁੰਦਰ ਚੇਸ਼ਟਾ ਕਰਨ ਵਾਲੇ ਸਾਕਾਰ ਰੂਪ ਹੋ।
ਕਿਤੇ (ਤੁਸੀਂ) ਸ੍ਰੇਸ਼ਠ ਪੁਰਾਣਾਂ (ਦੇ ਸਿੱਧਾਂਤਾਂ) ਦੇ ਭੇਦ ਨੂੰ ਪਾਣ ਵਾਲੇ ਹੋ
ਅਤੇ ਕਿਤੇ ਬੈਠ ਕੇ ਕੁਰਾਨ ਦੀਆਂ ਆਇਤਾਂ ਪੜ੍ਹਦੇ ਹੋ ॥੨੩॥੧੧੩॥
ਕਿਤੇ (ਤੁਸੀਂ) ਪੱਕੇ ਸ਼ੇਖ ਹੋ ਅਤੇ ਕਿਤੇ ਬ੍ਰਾਹਮਣ ਦੇ ਧਰਮ ਦੀ ਪਾਲਨਾ ਕਰਨ ਵਾਲੇ ਹੋ।
ਕਿਤੇ (ਤੁਸੀਂ) ਬਿਰਧ ਅਵਸਥਾ ਵਾਲੇ ਹੋ ਅਤੇ ਕਿਤੇ ਬਾਲਾਂ ਵਾਲੀ ਚੇਸ਼ਟਾ ਕਰਨ ਵਾਲੇ ਹੋ।
ਕਿਤੇ (ਤੁਸੀਂ) ਜਵਾਨ ਰੂਪ ਵਾਲੇ ਹੋ ਅਤੇ ਕਿਤੇ ਬੁਢਾਪੇ ਤੋਂ ਰਹਿਤ ਸ਼ਰੀਰ ਵਾਲੇ ਹੋ।
ਕਿਤੇ ਦੇਹ ਨੂੰ ਪਿਆਰ ਕਰਨ ਵਾਲੇ ਹੋ ਅਤੇ ਕਿਤੇ ਘਰ ਨੂੰ ਤਿਆਗਣ ਵਾਲੇ ਹੋ ॥੨੪॥੧੧੪॥
ਕਿਤੇ ਜੋਗ ਨੂੰ ਭੋਗਦੇ ਹੋ (ਅਰਥਾਤ ਜੋਗ-ਸਾਧਨਾ ਰਾਹੀਂ ਸ਼ਰੀਰ ਨੂੰ ਨਿਰੋਗ ਰਖਦੇ ਹੋ)
ਅਤੇ ਕਿਤੇ ਰੋਗ ਨਾਲ ਨਿਘ ਰਖਦੇ ਹੋ। ਕਿਤੇ ਰੋਗ ਹਰਨ ਵਾਲੇ ਹੋ ਅਤੇ ਕਿਤੇ ਭੋਗਾਂ ਦਾ ਤਿਆਗ ਕਰਨ ਵਾਲੇ ਹੋ।
ਕਿਤੇ (ਤੁਸੀਂ) ਰਾਜਸੀ ਠਾਠ ਵਾਲੇ ਹੋ ਅਤੇ ਕਿਤੇ ਰਾਜ ਦੇ ਐਸ਼ਵਰਜ ਤੋਂ ਸਖਣੇ ਹੋ।
ਕਿਤੇ (ਤੁਸੀਂ) ਪੂਰੀ ਬੁੱਧੀਮਾਨਤਾ ਵਾਲੇ ਹੋ ਅਤੇ ਕਿਤੇ ਉਤਮ ਪ੍ਰੇਮ ਕਰਨ ਵਾਲੇ ਹੋ ॥੨੫॥੧੧੫॥
ਕਿਤੇ (ਤੁਸੀਂ) ਅਰਬੀ (ਭਾਸ਼ਾ) ਹੋ, ਕਿਤੇ ਤੁਰਕੀ ਅਤੇ ਕਿਤੇ ਪਾਰਸੀ ਹੋ।
ਕਿਤੇ ਤੁਸੀਂ ਪਹਿਲਵੀ ਹੋ। ਕਿਤੇ ਪਸਤੋ ਹੋ ਅਤੇ ਕਿਤੇ ਸੰਸਕ੍ਰਿਤ ਹੋ।
ਕਿਤੇ ਤੁਸੀਂ ਜਨਸਾਧਾਰਣ ਦੀ ਭਾਸ਼ਾ ਹੋ ਅਤੇ ਕਿਤੇ ਦੇਵ-ਬੋਲੀ ਹੋ।
ਕਿਤੇ (ਤੁਸੀਂ) ਰਾਜ ਦੀ ਵਿਦਿਆ ਹੋ ਅਤੇ ਕਿਤੇ (ਖੁਦ ਹੀ) ਰਾਜਧਾਨੀ ਹੋ ॥੨੬॥੧੧੬॥
ਕਿਤੇ (ਤੁਸੀਂ) ਮੰਤ੍ਰ-ਵਿਦਿਆ ਹੋ ਅਤੇ ਕਿਤੇ ਤੰਤ੍ਰਾਂ ਦਾ ਸਾਰ ਹੋ।