(ਹੇ ਪ੍ਰਭੂ! ਤੇਰਾ) ਤੇਜ ਅਸਚਰਜਮਈ ਹੈ, ਤੇਰਾ ਸ਼ਰੀਰ ਨਾ ਛਿਝਣ ਵਾਲਾ ਹੈ।
(ਤੂੰ) ਸਭ ਦਾ ਕਰਤਾ ਅਤੇ ਨੀਚਾਂ ਨੂੰ ਖ਼ਤਮ ਕਰਨ ਵਾਲਾ ਹੈਂ।
(ਤੇਰਾ) ਆਸਣ ਅਡੋਲ ਹੈ ਅਤੇ ਤੇਰਾ ਕਰਮ ਵਿਸਮਾਦੀ ਹੈ
(ਤੂੰ) ਦਾਤਾ ਦਿਆਲੂ ਅਤੇ ਅਦਭੁਤ ਧਰਮ ਵਾਲਾ ਹੈਂ ॥੨॥੧੨੨॥
(ਹੇ ਪ੍ਰਭੂ! ਤੂੰ ਉਹ ਹੈਂ) ਜਿਸ ਦਾ ਕੋਈ ਵੈਰੀ, ਮਿਤਰ, ਜਨਮ, ਜਾਤਿ ਨਹੀਂ ਹੈ,
ਜਿਸ ਦਾ ਕੋਈ ਪੁੱਤਰ, ਭਰਾ, ਦੋਸਤ ਅਤੇ ਮਾਤਾ ਨਹੀਂ ਹੈ,
ਜਿਸ ਦਾ ਕੋਈ ਕਰਮ, ਭਰਮ, ਧਰਮ ਅਤੇ ਧਿਆਨ ਨਹੀਂ ਹੈ,
ਜੋ ਘਰ ਦੇ ਮੋਹ ਅਤੇ ਜੁਗਤਾਂ ਬਣਾਉਣ ਤੋਂ ਪਰੇ ਹੈ ॥੩॥੧੨੩॥
ਜਿਸ ਦੀ ਕੋਈ ਜਾਤਿ, ਬਰਾਦਰੀ, ਵੈਰੀ ਅਤੇ ਮਿਤਰ ਨਹੀਂ ਹੈ,
ਜਿਸ ਨੂੰ ਕਿਸੇ ਪ੍ਰਕਾਰ ਦੇ ਘਰ ਦੇ ਮੋਹ ਦੀ ਕੋਈ ਪਕੜ ਨਹੀਂ ਹੈ ਅਤੇ ਨਾ ਹੀ ਕੋਈ ਚਿੰਨ੍ਹ-ਚਿਤਰ ਹੈ।
ਜਿਸ ਦਾ ਰੰਗ, ਰੂਪ, ਪ੍ਰੇਮ, ਰੇਖਾ,
ਜਨਮ, ਜਾਤਿ ਅਤੇ ਭੇਖ ਦਾ ਕੋਈ ਭਰਮ ਨਹੀਂ ਹੈ ॥੪॥੧੨੪॥
ਜਿਸ ਵਿਚ ਕਰਮ, ਜਾਤਿ, ਬਰਾਦਰੀ ਦਾ ਕੋਈ ਭਰਮ ਭੁਲੇਖਾ ਨਹੀਂ ਹੈ,
(ਜਿਸ ਨੂੰ) ਘਰ, ਪਿਤਾ ਅਤੇ ਮਾਤਾ ਦਾ ਸਨੇਹ ਨਹੀਂ ਹੈ;
ਜੋ ਨਾਂ, ਥਾਂ, ਵਰਗ ਆਦਿ ਵੰਡੀਆਂ (ਦੇ ਬਖੇੜੇ) ਤੋਂ ਪਰੇ ਹੈ,
ਜਿਸ ਨੂੰ (ਕੋਈ) ਰੋਗ-ਸੋਗ ਨਹੀਂ ਹੈ ਅਤੇ ਜਿਸ ਦਾ ਨਾ ਹੀ (ਕੋਈ) ਵੈਰੀ ਅਤੇ ਸੱਜਨ ਹੈ ॥੫॥੧੨੫॥
ਜਿਸ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਅਤੇ ਨਾ ਹੀ (ਜਿਸ ਦੀ) ਦੇਹ ਨਸ਼ਟ ਹੁੰਦੀ ਹੈ।
ਜਿਸ ਦਾ ਨਾ ਕੋਈ ਆਦਿ ਹੈ, ਨਾ ਅੰਤ ਅਤੇ ਨਾ ਹੀ ਕਿਸੇ ਪ੍ਰਕਾਰ ਦੇ ਰੂਪ ਦਾ ਭੰਡਾਰ ਹੈ।
ਜਿਸ ਵਿਚ ਨਾ ਰੋਗ, ਨਾ ਸੋਗ ਅਤੇ ਨਾ ਹੀ ਜੋਗ ਦੀ ਜੁਗਤ ਹੈ,
ਜਿਸ ਨੂੰ ਆਸ਼ਾਵਾਂ (ਦੇ ਨਾ ਪੂਰਨ ਹੋ ਸਕਣ) ਦਾ ਕੋਈ ਡਰ ਹੈ ਅਤੇ ਨਾ ਹੀ ਭੂਮੀ ਦੇ ਭੋਗਾਂ ਦੀ (ਕੋਈ ਲਾਲਸਾ ਹੈ) ॥੬॥੧੨੬॥