(ਤੂੰ ਉਹ ਹੈ) ਜਿਸ ਦੇ ਸ਼ਰੀਰ ਨੂੰ ਕਾਲ ਰੂਪੀ ਸੱਪ ਨੇ ਡਸਿਆ ਨਹੀਂ,
ਜਿਸ ਦਾ ਸਰੂਪ ਵਿਨਾਸ਼ ਤੋਂ ਰਹਿਤ, ਖ਼ਤਮ ਹੋਣ ਤੋਂ ਪਰੇ ਅਤੇ ਵਿਘਨ ਤੋਂ ਮੁਕਤ ਹੈ,
ਜਿਸ ਨੂੰ ਵੇਦ ਬੇਅੰਤ-ਬੇਅੰਤ ਉਚਾਰਦੇ ਹਨ,
ਜਿਸ ਨੂੰ ਕਤੇਬਾਂ ਅਲੱਖ ਰੂਪ ਦਸਦੀਆਂ ਹਨ ॥੭॥੧੨੭॥
ਜਿਸ ਦਾ ਰੂਪ ਅਲਖ ਹੈ ਅਤੇ ਆਸਣ ਅਡੋਲ ਹੈ,
ਜਿਸ ਦਾ ਤੇਜ ਅਮਿਤ ਹੈ ਅਤੇ ਜੋ ਨਾਸ਼-ਰਹਿਤ ਅਤੇ ਅਤੋਲ ਹੈ।
ਜਿਸ ਦੇ ਦਰਸ਼ਨ (ਧਿਆਨ) ਲਈ
ਕਈ ਕਲਪਾਂ ਤੋਂ (ਦੀਰਘ ਕਾਲ ਤੋਂ) ਬੇਅੰਤ ਮੁਨੀ ਲੋਕ ਕਠਿਨ ਯੋਗ-ਸਾਧਨਾ ਕਰਦੇ ਆ ਰਹੇ ਹਨ ॥੮॥੧੨੮॥
(ਕਈ ਲੋਕ) ਸ਼ਰੀਰ ਉਤੇ ਸਰਦੀ, ਗਰਮੀ ਅਤੇ ਬਰਖਾ ਸਹਿੰਦੇ ਹਨ,
ਇਕੋ ਆਸਣ ਉਤੇ ਬੈਠਿਆਂ ਕਈ ਕਲਪ ਬਤੀਤ ਕਰ ਦਿੰਦੇ ਹਨ,
ਅਨੇਕ ਯਤਨ ਕਰਦੇ ਹਨ ਜੋਗ ਵਿਦਿਆ ਨੂੰ-
ਸਾਧਣ ਦੇ ਪਰ ਫਿਰ ਵੀ (ਤੇਰਾ) ਪਾਰ ਨਹੀਂ ਪਾ ਸਕਦੇ ॥੯॥੧੨੯॥
ਕਈ ਬਾਂਹਾਂ ਖੜੀਆਂ ਕਰ ਕੇ ਦੇਸ-ਦੇਸਾਂਤਰਾਂ ਵਿਚ ਘੁੰਮਦੇ ਹਨ,
ਕਈ ਮੂਧੇ ਹੋ ਕੇ ਅਗਨੀ ਵਿਚ ਲਟਕਦੇ ਹਨ,
ਕਈ ਸਮ੍ਰਿਤੀਆਂ, ਸ਼ਾਸਤ੍ਰਾਂ ਅਤੇ ਵੇਦਾਂ ਨੂੰ ਉਚਾਰਦੇ ਹਨ,
ਕਈ ਕਾਮ-ਸ਼ਾਸਤ੍ਰ, ਕਾਵਿ ਅਤੇ ਕਤੇਬਾਂ ਦਾ ਵਿਖਿਆਨ ਕਰਦੇ ਹਨ ॥੧੦॥੧੩੦॥
ਕਈ ਹਵਨ ਕਰਦੇ ਹਨ, ਕਈ ਪੌਣ ਦਾ ਆਹਾਰ ਕਰਦੇ ਹਨ,
ਕਈ ਕਰੋੜਾਂ ਮਿੱਟੀ ਦਾ ਆਹਾਰ ਕਰਦੇ ਹਨ,
ਕਈ ਕੇਵਲ ਸਾਗ, ਦੁੱਧ ਜਾਂ ਪੱਤਰਾਂ ਦਾ ਭੱਛਣ ਕਰਦੇ ਹਨ,
ਪਰ ਤਾਂ ਵੀ (ਉਨ੍ਹਾਂ ਨੂੰ) ਪਰਮਾਤਮਾ ਪ੍ਰਤੱਖ (ਹੋ ਕੇ ਦਰਸ਼ਨ) ਨਹੀਂ ਦਿੰਦਾ ॥੧੧॥੧੩੧॥