ਅਕਾਲ ਉਸਤਤ

(ਅੰਗ: 28)


ਕਈ ਗੀਤ ਗਾਨ ਗੰਧਰਬ ਰੀਤ ॥

ਕਈ ਗੰਧਰਬਾਂ ਵਾਂਗ ਗੀਤ ਗਾਉਂਦੇ ਹਨ,

ਕਈ ਬੇਦ ਸਾਸਤ੍ਰ ਬਿਦਿਆ ਪ੍ਰਤੀਤ ॥

ਕਈ ਵੇਦ-ਸ਼ਾਸਤ੍ਰ ਦੀ ਵਿਦਿਆ ਉਤੇ ਨਿਸਚਾ ਕਰਦੇ ਹਨ,

ਕਹੂੰ ਬੇਦ ਰੀਤਿ ਜਗ ਆਦਿ ਕਰਮ ॥

ਕਈ ਵੇਦ ਦੀ ਰੀਤ ਨਾਲ ਯੱਗ ਆਦਿ ਕਰਮ ਕਰਦੇ ਹਨ,

ਕਹੂੰ ਅਗਨ ਹੋਤ੍ਰ ਕਹੂੰ ਤੀਰਥ ਧਰਮ ॥੧੨॥੧੩੨॥

ਕਈ ਹਵਨ ਕਰਦੇ ਹਨ ਅਤੇ ਕਈ ਤੀਰਥਾਂ ਉਤੇ ਜਾ ਕੇ ਧਰਮ ਦੇ ਕਾਰਜ ਕਰਦੇ ਹਨ ॥੧੨॥੧੩੨॥

ਕਈ ਦੇਸ ਦੇਸ ਭਾਖਾ ਰਟੰਤ ॥

ਕਈ ਦੇਸ ਦੇਸ ਦੀ ਬੋਲੀ ਬੋਲਦੇ ਹਨ,

ਕਈ ਦੇਸ ਦੇਸ ਬਿਦਿਆ ਪੜ੍ਹੰਤ ॥

ਕਈ ਦੇਸ ਦੇਸ ਦੀ ਵਿਦਿਆ ਪੜ੍ਹਦੇ ਹਨ,

ਕਈ ਕਰਤ ਭਾਂਤ ਭਾਂਤਨ ਬਿਚਾਰ ॥

ਕਈ ਭਾਂਤ ਭਾਂਤ ਦੇ ਵਿਚਾਰ ਕਰਦੇ ਹਨ,

ਨਹੀ ਨੈਕੁ ਤਾਸੁ ਪਾਯਤ ਨ ਪਾਰ ॥੧੩॥੧੩੩॥

(ਪਰ ਫਿਰ ਵੀ) ਉਸ ਦਾ ਰਤਾ ਕੁ ਭੇਦ ਪ੍ਰਾਪਤ ਨਹੀਂ ਕਰ ਸਕਦੇ ॥੧੩॥੧੩੩॥

ਕਈ ਤੀਰਥ ਤੀਰਥ ਭਰਮਤ ਸੁ ਭਰਮ ॥

ਕਈ ਲੋਕ ਭਰਮ-ਵਸ ਅਨੇਕ ਤੀਰਥਾਂ ਉਤੇ ਭੌਂਦੇ ਫਿਰਦੇ ਹਨ,

ਕਈ ਅਗਨ ਹੋਤ੍ਰ ਕਈ ਦੇਵ ਕਰਮ ॥

ਕਈ ਹਵਨ ਅਤੇ ਕਈ ਦੇਵ-ਕਰਮ ਕਰਦੇ ਹਨ

ਕਈ ਕਰਤ ਬੀਰ ਬਿਦਿਆ ਬਿਚਾਰ ॥

ਅਤੇ ਕਈ (ਬਵੰਜਾ) ਵੀਰਾਂ ਦੀ ਵਿਦਿਆ ਦਾ ਵਿਚਾਰ ਕਰਦੇ ਹਨ,

ਨਹੀਂ ਤਦਪ ਤਾਸ ਪਾਯਤ ਨ ਪਾਰ ॥੧੪॥੧੩੪॥

(ਪਰ) ਤਾਂ ਵੀ ਉਸ (ਪਰਮ-ਸੱਤਾ) ਦਾ ਪਾਰ ਨਹੀਂ ਪਾ ਸਕਦੇ ॥੧੪॥੧੩੪॥

ਕਹੂੰ ਰਾਜ ਰੀਤ ਕਹੂੰ ਜੋਗ ਧਰਮ ॥

(ਕਈ) ਕਿਸੇ ਰਾਜ-ਰੀਤ (ਦੀ ਪਾਲਨਾ ਕਰ ਰਹੇ ਹਨ ਅਤੇ ਕਈ) ਜੋਗ-ਧਰਮ (ਦਾ ਅਭਿਆਸ ਕਰ ਰਹੇ ਹਨ)

ਕਈ ਸਿੰਮ੍ਰਿਤਿ ਸਾਸਤ੍ਰ ਉਚਰਤ ਸੁ ਕਰਮ ॥

ਕਈ ਸਮ੍ਰਿਤੀਆਂ, ਸ਼ਾਸਤ੍ਰਾਂ ਦੇ ਉੱਚਾਰਨ ਦਾ ਸ਼ੁਭ ਕਰਮ ਕਰ ਰਹੇ ਹਨ,

ਨਿਉਲੀ ਆਦਿ ਕਰਮ ਕਹੂੰ ਹਸਤ ਦਾਨ ॥

(ਕਈ) ਨੌਲੀ ਆਦਿ ਕਰਮ (ਕਰ ਰਹੇ ਹਨ ਅਤੇ) ਕਿਤੇ ਹਾਥੀ ਦਾਨ ਕੀਤੇ ਜਾ ਰਹੇ ਹਨ

ਕਹੂੰ ਅਸ੍ਵਮੇਧ ਮਖ ਕੋ ਬਖਾਨ ॥੧੫॥੧੩੫॥

ਅਤੇ ਕਿਤੇ ਅਸ਼੍ਵਮੇਧ ਯੱਗ ਦੀ ਮਹਿਮਾ ਗਾਈ ਜਾ ਰਹੀ ਹੈ ॥੧੫॥੧੩੫॥

ਕਹੂੰ ਕਰਤ ਬ੍ਰਹਮ ਬਿਦਿਆ ਬਿਚਾਰ ॥

ਕਿਤੇ (ਕੋਈ) ਬ੍ਰਹਮ ਵਿਦਿਆ ਦਾ ਵਿਚਾਰ ਕਰਦੇ ਹਨ

ਕਹੂੰ ਜੋਗ ਰੀਤ ਕਹੂੰ ਬ੍ਰਿਧ ਚਾਰ ॥

ਅਤੇ ਕਿਤੇ (ਕੋਈ) ਜੋਗ ਰੀਤ (ਦੀ ਪਾਲਨਾ ਕਰ ਰਹੇ ਹਨ) ਅਤੇ ਕਿਤੇ ਸ੍ਰੇਸ਼ਠ ਅਤੇ ਮਹਾਨ ਆਚਾਰ ਕਰ ਰਹੇ ਹਨ,

ਕਹੂੰ ਕਰਤ ਜਛ ਗੰਧ੍ਰਬ ਗਾਨ ॥

ਕਿਤੇ ਯਕਸ਼ ਅਤੇ ਗੰਧਰਬ ਵਾਂਗ ਗਾ ਰਹੇ ਹਨ,

ਕਹੂੰ ਧੂਪ ਦੀਪ ਕਹੂੰ ਅਰਘ ਦਾਨ ॥੧੬॥੧੩੬॥

ਕਿਤੇ (ਕੋਈ) ਧੂਪ, ਦੀਪਕ (ਆਦਿ ਸਜਾ ਕੇ) ਆਰਤੀ ਕਰ ਰਹੇ ਹਨ ਅਤੇ ਕਿਤੇ (ਕੋਈ) ਅਰਘ ਦਾਨ ਕਰ ਰਹੇ ਹਨ ॥੧੬॥੧੩੬॥