ਅਕਾਲ ਉਸਤਤ

(ਅੰਗ: 29)


ਕਹੂੰ ਪਿਤ੍ਰ ਕਰਮ ਕਹੂੰ ਬੇਦ ਰੀਤ ॥

ਕਿਤੇ (ਕੋਈ) ਵੇਦ ਰੀਤ ਅਨੁਸਾਰ ਪਿਤਰੀ ਕਰਮ (ਕਰ ਰਿਹਾ ਹੈ)

ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ॥

ਅਤੇ ਕਿਤੇ ਕੋਈ ਤਾਲ ਤੇ ਨਾਚ (ਕਰ ਰਿਹਾ ਹੈ ਅਤੇ) ਕਿਤੇ (ਕੋਈ) ਗੀਤ ਗਾ ਰਿਹਾ ਹੈ,

ਕਹੂੰ ਕਰਤ ਸਾਸਤ੍ਰ ਸਿੰਮ੍ਰਿਤ ਉਚਾਰ ॥

ਕਿਤੇ (ਕੋਈ) ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦਾ ਉਚਾਰਨ (ਕਰ ਰਿਹਾ ਹੈ)

ਕਈ ਭਜਤ ਏਕ ਪਗ ਨਿਰਾਧਾਰ ॥੧੭॥੧੩੭॥

ਅਤੇ ਕਿਤੇ (ਕੋਈ) ਇਕ ਪੈਰ ਉਤੇ ਖੜੋ ਕੇ ਨਿਰਾਧਾਰ ਭਜਨ ਕਰ ਰਿਹਾ ਹੈ ॥੧੭॥੧੩੭॥

ਕਈ ਨੇਹ ਦੇਹ ਕਈ ਗੇਹ ਵਾਸ ॥

ਕਈ ਸ਼ਰੀਰ ਨਾਲ ਮੋਹ ਕਰਦੇ ਹਨ ਅਤੇ ਕਈ ਘਰ ਵਿਚ ਨਿਵਾਸ ਕਰਦੇ ਹਨ,

ਕਈ ਭ੍ਰਮਤ ਦੇਸ ਦੇਸਨ ਉਦਾਸ ॥

ਕਈ ਉਦਾਸੀਨ ਹੋ ਕੇ ਦੇਸ-ਦੇਸਾਂਤਰਾਂ ਵਿਚ ਘੁੰਮਦੇ ਫਿਰਦੇ ਹਨ,

ਕਈ ਜਲ ਨਿਵਾਸ ਕਈ ਅਗਨਿ ਤਾਪ ॥

ਕਈ ਜਲ ਵਿਚ ਵਸਦੇ ਹਨ ਅਤੇ ਕਈ ਅਗਨੀ ਤਪਦੇ ਹਨ,

ਕਈ ਜਪਤ ਉਰਧ ਲਟਕੰਤ ਜਾਪ ॥੧੮॥੧੩੮॥

ਕਈ ਮੂਧੇ ਲਟਕ ਕੇ ਜਾਪ ਜਪਦੇ ਹਨ ॥੧੮॥੧੩੮॥

ਕਈ ਕਰਤ ਜੋਗ ਕਲਪੰ ਪ੍ਰਜੰਤ ॥

ਕਈ (ਲੋਕ) ਕਲਪਾਂ (ਜਿੰਨੇ ਲੰਬੇ ਸਮੇਂ) ਤਕ ਜੋਗ-ਸਾਧਨਾਂ ਕਰਦੇ ਹਨ,

ਨਹੀ ਤਦਪਿ ਤਾਸ ਪਾਯਤ ਨ ਅੰਤ ॥

ਤਾਂ ਵੀ ਉਸ (ਪ੍ਰਭੂ) ਦਾ ਅੰਤ ਨਹੀਂ ਪਾ ਸਕਦੇ।

ਕਈ ਕਰਤ ਕੋਟ ਬਿਦਿਆ ਬਿਚਾਰ ॥

ਕਈ ਕਰੋੜਾਂ ਵਿਦਿਆਵਾਂ ਦਾ ਵਿਚਾਰ ਕਰਦੇ ਹਨ,

ਨਹੀ ਤਦਪਿ ਦਿਸਟਿ ਦੇਖੈ ਮੁਰਾਰ ॥੧੯॥੧੩੯॥

ਤਾਂ ਵੀ ਪਰਮਾਤਮਾ ਦਾ ਦਰਸ਼ਨ ਨਹੀਂ ਕਰ ਸਕਦੇ ॥੧੯॥੧੩੯॥

ਬਿਨ ਭਗਤਿ ਸਕਤਿ ਨਹੀ ਪਰਤ ਪਾਨ ॥

ਬਿਨਾ ਭਗਤੀ ਦੀ ਸ਼ਕਤੀ ਦੇ (ਪਰਮਾਤਮਾ) ਹੱਥ ਨਹੀਂ ਆਉਂਦਾ,

ਬਹੁ ਕਰਤ ਹੋਮ ਅਰ ਜਗ ਦਾਨ ॥

ਭਾਵੇਂ ਬਹੁਤ ਹੋਮ, ਯੱਗ ਅਤੇ ਦਾਨ (ਕਿਉਂ ਨ) ਕੀਤੇ ਜਾਣ,

ਬਿਨ ਏਕ ਨਾਮ ਇਕ ਚਿਤ ਲੀਨ ॥

ਬਿਨਾ ਇਕ ਨਾਮ ਵਿਚ ਇਕਾਗਰ ਚਿੱਤ ਮਗਨ ਹੋਏ,

ਫੋਕਟੋ ਸਰਬ ਧਰਮਾ ਬਿਹੀਨ ॥੨੦॥੧੪੦॥

ਸਾਰੇ ਧਰਮ (ਵਾਸਤਵਿਕ ਧਰਮ-ਕਰਮ ਤੋਂ) ਵਾਂਝੇ ਹਨ ॥੨੦॥੧੪੦॥

ਤ੍ਵ ਪ੍ਰਸਾਦਿ ॥ ਤੋਟਕ ਛੰਦ ॥

ਤੇਰੀ ਕ੍ਰਿਪਾ ਨਾਲ: ਤੋਟਕ ਛੰਦ:

ਜਯ ਜੰਪਤ ਜੁਗਣ ਜੂਹ ਜੁਅੰ ॥

ਸਾਰੇ ਮਿਲ ਕੇ (ਉਸ ਪ੍ਰਭੂ) ਦੀ ਜੈ ਜੈ ਕਾਰ ਕਰਦੇ ਹਨ,

ਭੈ ਕੰਪਹਿ ਮੇਰੁ ਪਯਾਲ ਭੁਅੰ ॥

(ਜਿਸ ਦੇ) ਭੈ ਨਾਲ ਮੇਰੂ ਪਰਬਤ, ਪਾਤਾਲ ਅਤੇ ਧਰਤੀ ਕੰਬਦੇ ਹਨ।

ਤਪੁ ਤਾਪਸ ਸਰਬ ਜਲੇਰੁ ਥਲੰ ॥

ਜਲਾਂ ਥਲਾਂ ਦੇ ਸਾਰੇ ਤਪਸਵੀ (ਜਿਸ ਨੂੰ ਪ੍ਰਾਪਤ ਕਰਨ ਲਈ) ਤਪ ਕਰਦੇ ਹਨ