ਅਕਾਲ ਉਸਤਤ

(ਅੰਗ: 30)


ਧਨ ਉਚਰਤ ਇੰਦ੍ਰ ਕੁਬੇਰ ਬਲੰ ॥੧॥੧੪੧॥

(ਅਤੇ ਜਿਸ ਨੂੰ) ਇੰਦਰ, ਕੁਬੇਰ ਅਤੇ ਬਾਲੀ ਰਾਜਾ, ਧੰਨ ਧੰਨ ਕਹਿੰਦੇ ਹਨ ॥੧॥੧੪੧॥

ਅਨਖੇਦ ਸਰੂਪ ਅਭੇਦ ਅਭਿਅੰ ॥

(ਜੋ) ਖੇਦ-ਰਹਿਤ ਸਰੂਪ ਵਾਲਾ, ਅਭੇਦ ਅਤੇ ਅਭੈ ਹੈ,

ਅਨਖੰਡ ਅਭੂਤ ਅਛੇਦ ਅਛਿਅੰ ॥

ਅਖੰਡ ਭੌਤਿਕ ਤੱਤ੍ਵਾਂ ਤੋਂ ਰਹਿਤ, ਛੇਦ-ਰਹਿਤ ਅਤੇ ਨਾਸ਼-ਰਹਿਤ ਹੈ,

ਅਨਕਾਲ ਅਪਾਲ ਦਇਆਲ ਸੁਅੰ ॥

ਜੋ ਖੁਦ ਕਾਲ ਤੋਂ ਬਿਨਾ, (ਕਿਸੇ ਪ੍ਰਕਾਰ ਦੀ) ਪਾਲਨਾ ਤੋਂ ਪਰੇ, ਨਿਰ ਅਭਿਮਾਨ ਅਤੇ ਦਿਆਲੂ ਹੈ,

ਜਿਹ ਠਟੀਅੰ ਮੇਰ ਆਕਾਸ ਭੁਅੰ ॥੨॥੧੪੨॥

ਜਿਸ ਨੇ ਸੁਮੇਰ ਪਰਬਤ, ਆਕਾਸ਼ ਅਤੇ ਧਰਤੀ ਨੂੰ ਸਥਿਤ ਕੀਤਾ ਹੋਇਆ ਹੈ ॥੨॥੧੪੨॥

ਅਨਖੰਡ ਅਮੰਡ ਪ੍ਰਚੰਡ ਨਰੰ ॥

(ਜੋ) ਅਖੰਡ, ਸਥਾਪਨਾ-ਰਹਿਤ, ਪ੍ਰਚੰਡ ਤੇਜ ਵਾਲਾ ਪੁਰਸ਼ ਹੈ,

ਜਿਹ ਰਚੀਅੰ ਦੇਵ ਅਦੇਵ ਬਰੰ ॥

ਜਿਸ ਨੇ ਦੇਵਤਿਆਂ, ਦੈਂਤਾਂ ਦੀ ਚੰਗੀ ਤਰ੍ਹਾਂ ਰਚਨਾ ਕੀਤੀ ਹੈ,

ਸਭ ਕੀਨੀ ਦੀਨ ਜਮੀਨ ਜਮਾਂ ॥

(ਜਿਸ ਨੇ) ਸਾਰੀ ਧਰਤੀ ਅਤੇ ਆਕਾਸ਼ (ਦੀ ਸਾਜਨਾ ਕਰ ਕੇ ਆਪਣੇ) ਅਧੀਨ ਕੀਤਾ ਹੈ,

ਜਿਹ ਰਚੀਅੰ ਸਰਬ ਮਕੀਨ ਮਕਾਂ ॥੩॥੧੪੩॥

ਜਿਸ ਨੇ ਸਾਰੇ ਮਕਾਨ ਅਤੇ ਮਕਾਨਾਂ ਵਿਚ ਰਹਿਣ ਵਾਲੇ ਪੈਦਾ ਕੀਤੇ ਹਨ ॥੩॥੧੪੩॥

ਜਿਹ ਰਾਗ ਨ ਰੂਪ ਨ ਰੇਖ ਰੁਖੰ ॥

ਜਿਸ ਦਾ (ਕਿਸੇ ਨਾਲ ਵਿਸ਼ੇਸ਼) ਪ੍ਰੇਮ ਨਹੀਂ, ਨਾ ਹੀ ਰੂਪ-ਰੇਖਾ ਅਤੇ ਸ਼ਕਲ (ਮੇਲ ਖਾਂਦੀ ਹੈ)

ਜਿਹ ਤਾਪ ਨ ਸ੍ਰਾਪ ਨ ਸੋਕ ਸੁਖੰ ॥

ਜਿਸ ਨੂੰ ਤਾਪ, ਸਰਾਪ ਅਤੇ ਨਾ ਹੀ ਦੁਖ ਅਤੇ ਸੁਖ ਹੈ,

ਜਿਹ ਰੋਗ ਨ ਸੋਗ ਨ ਭੋਗ ਭੁਯੰ ॥

ਜਿਸ ਨੂੰ ਨਾ ਰੋਗ ਹੈ, ਨਾ ਸੋਗ ਅਤੇ ਨਾ ਹੀ ਭੂਮੀ ਦੇ ਭੋਗਾਂ (ਦੀ ਚਿੰਤਾ ਹੈ)

ਜਿਹ ਖੇਦ ਨ ਭੇਦ ਨ ਛੇਦ ਛਯੰ ॥੪॥੧੪੪॥

ਜਿਸ ਨੂੰ ਖੇਦ, ਭੇਦ, ਦ੍ਵੈਸ਼ ਅਤੇ ਨਸ਼ਟ ਹੋਣ ਦਾ ਡਰ ਨਹੀਂ ਹੈ ॥੪॥੧੪੪॥

ਜਿਹ ਜਾਤਿ ਨ ਪਾਤਿ ਨ ਮਾਤ ਪਿਤੰ ॥

ਜਿਸ ਦੀ ਨਾ ਜਾਤਿ ਹੈ, ਨਾ ਬਰਾਦਰੀ ਅਤੇ ਨਾ ਹੀ ਮਾਤਾ ਅਤੇ ਪਿਤਾ ਹੈ,

ਜਿਹ ਰਚੀਅੰ ਛਤ੍ਰੀ ਛਤ੍ਰ ਛਿਤੰ ॥

ਜਿਸ ਨੇ ਧਰਤੀ ('ਛਿਤੰ') ਉਤੇ ਛਤ੍ਰ ਧਾਰਨ ਕਰਨ ਵਾਲੇ ਛਤ੍ਰੀ ਪੈਦਾ ਕੀਤੇ ਹਨ,

ਜਿਹ ਰਾਗ ਨ ਰੇਖ ਨ ਰੋਗ ਭਣੰ ॥

ਜਿਸ ਨੂੰ ਪ੍ਰੇਮ ਤੋਂ ਰਹਿਤ, ਰੂਪ-ਰੇਖਾ ਤੋਂ ਬਿਨਾ ਅਤੇ ਰੋਗ-ਰਹਿਤ ਕਿਹਾ ਜਾਂਦਾ ਹੈ,

ਜਿਹ ਦ੍ਵੈਖ ਨ ਦਾਗ ਨ ਦੋਖ ਗਣੰ ॥੫॥੧੪੫॥

ਜੋ ਦ੍ਵੈਸ਼ ਦੇ ਦਾਗ਼ ਅਤੇ ਦੁਖ (ਦੇ ਕਲੰਕ) ਤੋਂ ਮੁਕਤ ਸਮਝਿਆ ਜਾਂਦਾ ਹੈ ॥੫॥੧੪੫॥

ਜਿਹ ਅੰਡਹਿ ਤੇ ਬ੍ਰਹਿਮੰਡ ਰਚਿਓ ॥

ਜਿਸ ਨੇ ਅੰਡੇ ਤੋਂ ਬ੍ਰਹਿਮੰਡ ਬਣਾਇਆ ਹੈ,

ਦਿਸ ਚਾਰ ਕਰੀ ਨਵ ਖੰਡ ਸਚਿਓ ॥

(ਜਿਸ ਨੇ) ਚਾਰ ਦਿਸ਼ਾਵਾਂ ਅਤੇ ਨੌਂ ਖੰਡਾਂ ਦੀ ਰਚਨਾ ਕੀਤੀ ਹੈ,

ਰਜ ਤਾਮਸ ਤੇਜ ਅਤੇਜ ਕੀਓ ॥

(ਜਿਸ ਨੇ) ਰਜੋ, ਤਮੋ ਅਤੇ ਤੇਜ-ਅਤੇਜ (ਪ੍ਰਕਾਸ਼ ਅਤੇ ਅੰਧਕਾਰ) ਦੀ ਰਚਨਾ ਕੀਤੀ ਹੈ;