ਸੁਖਮਨੀ ਸਾਹਿਬ

(ਅੰਗ: 84)


ਨਾਨਕ ਨਾਮੁ ਜਪਹੁ ਗੁਨਤਾਸੁ ॥੫॥

(ਤਾਂ ਤੇ) ਹੇ ਨਾਨਕ! ਨਾਮ ਜਪਹੁ, (ਨਾਮ ਹੀ) ਗੁਣਾਂ ਦਾ ਖ਼ਜ਼ਾਨਾ (ਹੈ) ॥੫॥

ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ॥

(ਜਿਸ ਦੇ ਅੰਦਰ ਪ੍ਰਭੂ ਦੀ) ਪ੍ਰੀਤ ਪੈਦਾ ਹੋਈ ਹੈ, ਪ੍ਰਭੂ ਦੇ ਪਿਆਰ ਦਾ ਸੁਆਦ ਤੇ ਚਾਉ ਪੈਦਾ ਹੋਇਆ ਹੈ,

ਮਨ ਤਨ ਅੰਤਰਿ ਇਹੀ ਸੁਆਉ ॥

ਉਸ ਦੇ ਮਨ ਤੇ ਤਨ ਵਿਚ ਇਹੀ ਚਾਹ ਹੈ (ਕਿ ਨਾਮ ਦੀ ਦਾਤ ਮਿਲੇ)।

ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ ॥

ਅੱਖਾਂ ਨਾਲ (ਗੁਰੂ ਦਾ) ਦੀਦਾਰ ਕਰ ਕੇ ਉਸ ਨੂੰ ਸੁਖ ਹੁੰਦਾ ਹੈ,

ਮਨੁ ਬਿਗਸੈ ਸਾਧ ਚਰਨ ਧੋਇ ॥

ਗੁਰੂ ਦੇ ਚਰਨ ਧੋ ਕੇ ਉਸ ਦਾ ਮਨ ਖਿੜ ਆਉਂਦਾ ਹੈ।

ਭਗਤ ਜਨਾ ਕੈ ਮਨਿ ਤਨਿ ਰੰਗੁ ॥

ਭਗਤਾਂ ਦੇ ਮਨ ਤੇ ਸਰੀਰ ਵਿਚ (ਪ੍ਰਭੂ ਦਾ) ਪਿਆਰ ਟਿਕਿਆ ਰਹਿੰਦਾ ਹੈ,

ਬਿਰਲਾ ਕੋਊ ਪਾਵੈ ਸੰਗੁ ॥

(ਪਰ) ਕਿਸੇ ਵਿਰਲੇ ਭਾਗਾਂ ਵਾਲੇ ਨੂੰ ਉਹਨਾਂ ਦੀ ਸੰਗਤਿ ਨਸੀਬ ਹੁੰਦੀ ਹੈ।

ਏਕ ਬਸਤੁ ਦੀਜੈ ਕਰਿ ਮਇਆ ॥

(ਹੇ ਪ੍ਰਭੂ!) ਇਕ ਨਾਮ-ਵਸਤੂ ਮੇਹਰ ਕਰ ਕੇ (ਸਾਨੂੰ) ਦੇਹ,

ਗੁਰਪ੍ਰਸਾਦਿ ਨਾਮੁ ਜਪਿ ਲਇਆ ॥

(ਤਾਂ ਜੋ) ਗੁਰੂ ਦੀ ਕਿਰਪਾ ਨਾਲ ਤੇਰਾ ਨਾਮ ਜਪ ਸਕੀਏ।

ਤਾ ਕੀ ਉਪਮਾ ਕਹੀ ਨ ਜਾਇ ॥

ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਨਾਨਕ ਰਹਿਆ ਸਰਬ ਸਮਾਇ ॥੬॥

ਹੇ ਨਾਨਕ! ਉਹ ਪ੍ਰਭੂ ਸਭ ਥਾਈਂ ਮੌਜੂਦ ਹੈ ॥੬॥

ਪ੍ਰਭ ਬਖਸੰਦ ਦੀਨ ਦਇਆਲ ॥

ਹੇ ਬਖ਼ਸ਼ਨਹਾਰ ਪ੍ਰਭੂ! ਹੇ ਗਰੀਬਾਂ ਤੇ ਤਰਸ ਕਰਨ ਵਾਲੇ!

ਭਗਤਿ ਵਛਲ ਸਦਾ ਕਿਰਪਾਲ ॥

ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਦਾ ਦਇਆ ਦੇ ਘਰ!

ਅਨਾਥ ਨਾਥ ਗੋਬਿੰਦ ਗੁਪਾਲ ॥

ਹੇ ਅਨਾਥਾਂ ਦੇ ਨਾਥ! ਹੇ ਗੋਬਿੰਦ! ਹੇ ਗੋਪਾਲ!

ਸਰਬ ਘਟਾ ਕਰਤ ਪ੍ਰਤਿਪਾਲ ॥

ਹੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ!

ਆਦਿ ਪੁਰਖ ਕਾਰਣ ਕਰਤਾਰ ॥

ਹੇ ਸਭ ਦੇ ਮੁੱਢ ਤੇ ਸਭ ਵਿੱਚ ਵਿਆਪਕ ਪ੍ਰਭੂ! ਹੇ (ਜਗਤ ਦੇ) ਮੂਲ! ਹੇ ਕਰਤਾਰ!

ਭਗਤ ਜਨਾ ਕੇ ਪ੍ਰਾਨ ਅਧਾਰ ॥

ਹੇ ਭਗਤਾਂ ਦੀ ਜ਼ਿੰਦਗੀ ਦੇ ਆਸਰੇ!

ਜੋ ਜੋ ਜਪੈ ਸੁ ਹੋਇ ਪੁਨੀਤ ॥

ਜੋ ਜੋ ਮਨੁੱਖ ਤੈਨੂੰ ਜਪਦਾ ਹੈ, ਉਹ ਪਵ੍ਰਿੱਤ ਹੋ ਜਾਂਦਾ ਹੈ,

ਭਗਤਿ ਭਾਇ ਲਾਵੈ ਮਨ ਹੀਤ ॥

ਭਗਤੀ-ਭਾਵ ਨਾਲ ਆਪਣੇ ਮਨ ਵਿਚ ਤੇਰਾ ਪਿਆਰ ਟਿਕਾਉਂਦਾ ਹੈ (ਉਸ ਦਾ ਉਧਾਰ ਹੋ ਜਾਂਦਾ ਹੈ।)

ਹਮ ਨਿਰਗੁਨੀਆਰ ਨੀਚ ਅਜਾਨ ॥

ਅਸੀਂ ਨੀਚ ਹਾਂ, ਅੰਞਾਣ ਹਾਂ ਤੇ ਗੁਣ-ਹੀਨ ਹਾਂ।