ਹੇ ਨਾਨਕ! (ਬੇਨਤੀ ਕਰ ਤੇ ਆਖ-) ਹੇ ਅਕਾਲ ਪੁਰਖ! ਹੇ ਭਗਵਾਨ! ਅਸੀਂ ਤੇਰੀ ਸਰਨ ਆਏ ਹਾਂ ॥੭॥
ਉਸ ਮਨੁੱਖ ਨੇ (ਮਾਨੋ) ਸਾਰੇ ਸੁਰਗ ਤੇ ਮੋਖ ਮੁਕਤੀ ਹਾਸਲ ਕਰ ਲਏ ਹਨ,
ਜਿਸ ਨੇ ਅੱਖ ਦਾ ਇਕ ਫੋਰ ਮਾਤ੍ਰ ਭੀ ਪ੍ਰਭੂ ਦੇ ਗੁਣ ਗਾਏ ਹਨ।
ਉਸ ਮਨੁੱਖ ਨੂੰ (ਮਾਨੋ) ਅਨੇਕਾਂ ਰਾਜ-ਭੋਗ ਪਦਾਰਥ ਤੇ ਵਡਿਆਈਆਂ ਮਿਲ ਗਈਆਂ ਹਨ,
ਜਿਸ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਗੱਲ-ਬਾਤ ਮਿੱਠੀ ਲੱਗੀ ਹੈ।
ਉਸ ਮਨੁੱਖ ਨੂੰ (ਮਾਨੋ) ਕਈ ਕਿਸਮ ਦੇ ਖਾਣੇ ਕੱਪੜੇ ਤੇ ਰਾਗ-ਰੰਗ ਹਾਸਲ ਹੋ ਗਏ ਹਨ,
ਜਿਸ ਦੀ ਜੀਭ ਸਦਾ ਪ੍ਰਭੂ ਦਾ ਨਾਮ ਜਪਦੀ ਹੈ।
ਉਸੇ ਮਨੁੱਖ ਦਾ ਹੀ ਆਚਰਨ ਭਲਾ ਹੈ, ਉਸੇ ਨੂੰ ਹੀ ਸੋਭਾ ਮਿਲਦੀ ਹੈ, ਓਹੀ ਧਨਾਢ ਹੈ,
ਜਿਸ ਦੇ ਹਿਰਦੇ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸਦਾ ਹੈ।
ਹੇ ਪ੍ਰਭੂ! ਆਪਣੇ ਸੰਤਾਂ ਦੀ ਸੰਗਤ ਵਿਚ ਥਾਂ ਦੇਹ।
ਹੇ ਨਾਨਕ! (ਸਤਸੰਗ ਵਿਚ ਰਿਹਾਂ) ਸਾਰੇ ਸੁਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ॥੮॥੨੦॥
ਨਿਰੰਕਾਰ (ਭਾਵ, ਆਕਾਰ-ਰਹਿਤ ਅਕਾਲ ਪੁਰਖ) ਤ੍ਰਿਗੁਣੀ ਮਾਇਆ ਦਾ ਰੂਪ (ਭਾਵ, ਜਗਤ ਰੂਪ) ਭੀ ਆਪ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਭੀ ਆਪ ਹੀ ਹੈ, ਅਫੁਰ ਅਵਸਥਾ ਵਿਚ ਟਿਕਿਆ ਹੋਇਆ ਭੀ ਆਪ ਹੀ ਹੈ।
ਹੇ ਨਾਨਕ! (ਇਹ ਸਾਰਾ ਜਗਤ) ਪ੍ਰਭੂ ਨੇ ਆਪ ਹੀ ਰਚਿਆ ਹੈ (ਤੇ ਜਗਤ ਦੇ ਜੀਵਾਂ ਵਿਚ ਬੈਠ ਕੇ) ਆਪ ਹੀ (ਆਪਣੇ ਆਪ ਨੂੰ ਯਾਦ ਕਰ ਰਿਹਾ ਹੈ ॥੧॥
ਜਦੋਂ (ਜਗਤ ਦੇ ਜੀਆਂ ਦੀ ਅਜੇ) ਕੋਈ ਸ਼ਕਲ ਹੀ ਨਹੀਂ ਦਿੱਸਦੀ ਸੀ,
ਤਦੋਂ ਪਾਪ ਜਾਂ ਪੁੰਨ ਕਿਸ (ਜੀਵ) ਤੋਂ ਹੋ ਸਕਦਾ ਸੀ?
ਜਦੋਂ (ਪ੍ਰਭੂ ਨੇ) ਆਪ ਅਫੁਰ ਅਵਸਥਾ ਵਾਲੀ ਸਮਾਧੀ ਲਾਈ ਹੋਈ ਸੀ (ਭਾਵ ਜਦੋਂ ਆਪਣੇ ਆਪ ਵਿਚ ਹੀ ਮਸਤ ਸੀ),
ਤਦੋਂ (ਕਿਸ ਨੇ) ਕਿਸੇ ਨਾਲ ਵੈਰ-ਵਿਰੋਧ ਕਮਾਉਣਾ ਸੀ?
ਜਦੋਂ ਇਸ (ਜਗਤ) ਦਾ ਕੋਈ ਰੰਗ-ਰੂਪ ਹੀ ਨਹੀਂ ਸੀ ਦਿੱਸਦਾ,