ਸੁਖਮਨੀ ਸਾਹਿਬ

(ਅੰਗ: 83)


ਨਾਨਕ ਭਗਤੀ ਨਾਮਿ ਸਮਾਇ ॥੩॥

ਹੇ ਨਾਨਕ! ਸੇਵਕ ਭਗਤੀ ਕਰ ਕੇ ਨਾਮ ਵਿਚ ਟਿਕਿਆ ਰਹਿੰਦਾ ਹੈ ॥੩॥

ਸੋ ਕਿਉ ਬਿਸਰੈ ਜਿ ਘਾਲ ਨ ਭਾਨੈ ॥

(ਮਨੁੱਖ ਨੂੰ) ਉਹ ਪ੍ਰਭੂ ਕਿਉਂ ਵਿਸਰ ਜਾਏ ਜੋ (ਮਨੁੱਖ ਦੀ ਕੀਤੀ) ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ,

ਸੋ ਕਿਉ ਬਿਸਰੈ ਜਿ ਕੀਆ ਜਾਨੈ ॥

ਜੋ ਕੀਤੀ ਕਮਾਈ ਨੂੰ ਚੇਤੇ ਰੱਖਦਾ ਹੈ?

ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ॥

ਉਹ ਪ੍ਰਭੂ ਕਿਉਂ ਭੁੱਲ ਜਾਏ ਜਿਸ ਨੇ ਸਭ ਕੁਝ ਦਿੱਤਾ ਹੈ,

ਸੋ ਕਿਉ ਬਿਸਰੈ ਜਿ ਜੀਵਨ ਜੀਆ ॥

ਜੋ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ?

ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ॥

ਉਹ ਅਕਾਲ ਪੁਰਖ ਕਿਉਂ ਵਿਸਰ ਜਾਏ ਜੋ (ਮਾਂ ਦੇ ਪੇਟ ਦੀ) ਅੱਗ ਵਿਚ ਬਚਾ ਕੇ ਰੱਖਦਾ ਹੈ?

ਗੁਰਪ੍ਰਸਾਦਿ ਕੋ ਬਿਰਲਾ ਲਾਖੈ ॥

(ਪਰ) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਗੱਲ) ਸਮਝਦਾ ਹੈ।

ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ ॥

ਉਹ ਅਕਾਲ ਪੁਰਖ ਕਿਉਂ ਭੁੱਲ ਜਾਏ ਜੋ (ਮਾਇਆ-ਰੂਪ) ਜ਼ਹਰ ਤੋਂ ਬਚਾਉਂਦਾ ਹੈ,

ਜਨਮ ਜਨਮ ਕਾ ਟੂਟਾ ਗਾਢੈ ॥

ਅਤੇ ਕਈ ਜਨਮ ਦੇ ਵਿਛੁੜੇ ਹੋਏ ਜੀਵ ਨੂੰ (ਆਪਣੇ ਨਾਲ) ਜੋੜ ਲੈਂਦਾ ਹੈ?

ਗੁਰਿ ਪੂਰੈ ਤਤੁ ਇਹੈ ਬੁਝਾਇਆ ॥

(ਜਿਨ੍ਹਾਂ ਸੇਵਕਾਂ ਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾਈ ਹੈ,

ਪ੍ਰਭੁ ਅਪਨਾ ਨਾਨਕ ਜਨ ਧਿਆਇਆ ॥੪॥

ਹੇ ਨਾਨਕ! ਉਹਨਾਂ ਨੇ ਆਪਣੇ ਪ੍ਰਭੂ ਨੂੰ ਸਿਮਰਿਆ ਹੈ ॥੪॥

ਸਾਜਨ ਸੰਤ ਕਰਹੁ ਇਹੁ ਕਾਮੁ ॥

ਹੇ ਸੱਜਣ ਜਨੋ! ਹੇ ਸੰਤ ਜਨੋ! ਇਹ ਕੰਮ ਕਰੋ,

ਆਨ ਤਿਆਗਿ ਜਪਹੁ ਹਰਿ ਨਾਮੁ ॥

ਹੋਰ ਸਾਰੇ (ਆਹਰ) ਛੱਡ ਕੇ ਪ੍ਰਭੂ ਦਾ ਨਾਮ ਜਪਹੁ।

ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥

ਸਦਾ ਸਿਮਰੋ ਤੇ ਸਿਮਰ ਕੇ ਸੁਖ ਹਾਸਲ ਕਰੋ;

ਆਪਿ ਜਪਹੁ ਅਵਰਹ ਨਾਮੁ ਜਪਾਵਹੁ ॥

ਪ੍ਰਭੂ ਦਾ ਨਾਮ ਆਪ ਜਪਹੁ ਤੇ ਹੋਰਨਾਂ ਨੂੰ ਭੀ ਜਪਾਵਹੁ।

ਭਗਤਿ ਭਾਇ ਤਰੀਐ ਸੰਸਾਰੁ ॥

ਪ੍ਰਭੂ ਦੀ ਭਗਤੀ ਵਿਚ ਨਿਹੁਂ ਲਾਇਆਂ ਇਹ ਸੰਸਾਰ (ਸਮੁੰਦਰ) ਤਰੀਦਾ ਹੈ,

ਬਿਨੁ ਭਗਤੀ ਤਨੁ ਹੋਸੀ ਛਾਰੁ ॥

ਭਗਤੀ ਤੋਂ ਬਿਨਾ ਇਹ ਸਰੀਰ ਕਿਸੇ ਕੰਮ ਨਹੀਂ।

ਸਰਬ ਕਲਿਆਣ ਸੂਖ ਨਿਧਿ ਨਾਮੁ ॥

ਪ੍ਰਭੂ ਦਾ ਨਾਮ ਭਲੇ ਭਾਗਾਂ ਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ,

ਬੂਡਤ ਜਾਤ ਪਾਏ ਬਿਸ੍ਰਾਮੁ ॥

(ਨਾਮ ਜਪਿਆਂ ਵਿਕਾਰਾਂ ਵਿਚ) ਡੁੱਬਦੇ ਜਾਂਦੇ ਨੂੰ ਆਸਰਾ ਟਿਕਾਣਾ ਮਿਲਦਾ ਹੈ;

ਸਗਲ ਦੂਖ ਕਾ ਹੋਵਤ ਨਾਸੁ ॥

(ਤੇ) ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।