ਨਾਨਕ ਪ੍ਰਭੂ ਦਾ ਸ੍ਰੇਸ਼ਟ ਨਾਮ ਮੰਗਦਾ ਹੈ ॥੧॥
ਪ੍ਰਭੂ ਦੀ (ਮੇਹਰ ਦੀ) ਨਜ਼ਰ ਨਾਲ ਬੜਾ ਸੁਖ ਹੁੰਦਾ ਹੈ,
(ਪਰ) ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਚੱਖਦਾ ਹੈ।
ਜਿਨ੍ਹਾਂ ਨੇ (ਨਾਮ-ਰਸ) ਚੱਖਿਆ ਹੈ, ਉਹ ਮਨੁੱਖ (ਮਾਇਆ ਵਲੋਂ) ਰੱਜ ਗਏ ਹਨ,
ਉਹ ਪੂਰਨ ਮਨੁੱਖ ਬਣ ਗਏ ਹਨ, ਕਦੇ (ਮਾਇਆ ਦੇ ਲਾਹੇ ਘਾਟੇ ਵਿਚ) ਡੋਲਦੇ ਨਹੀਂ।
ਪ੍ਰਭੂ ਦੇ ਪਿਆਰ ਦੇ ਸੁਆਦ ਦੀ ਮੌਜ ਵਿਚ ਉਹ ਨਕਾ-ਨਕ ਭਰੇ ਰਹਿੰਦੇ ਹਨ,
ਸਾਧ ਜਨਾਂ ਦੀ ਸੰਗਤਿ ਵਿਚ ਰਹਿ ਕੇ (ਉਹਨਾਂ ਦੇ ਅੰਦਰ) (ਪ੍ਰਭੂ-ਮਿਲਾਪ ਦਾ) ਚਾਉ ਪੈਦਾ ਹੁੰਦਾ ਹੈ।
ਹੋਰ ਸਾਰੇ (ਆਸਰੇ) ਛੱਡ ਕੇ ਉਹ ਪ੍ਰਭੂ ਦੀ ਸਰਨ ਪੈਂਦੇ ਹਨ,
ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ, ਤੇ ਹਰ ਵੇਲੇ ਉਹਨਾਂ ਦੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ।
ਵੱਡੇ ਭਾਗਾਂ ਵਾਲੇ ਬੰਦਿਆਂ ਨੇ ਪ੍ਰਭੂ ਨੂੰ ਸਿਮਰਿਆ ਹੈ।
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤਿਆਂ ਸੁਖ ਹੁੰਦਾ ਹੈ ॥੨॥
(ਤਦੋਂ ਸੇਵਕ ਦੇ ਮਨ ਦੇ ਫੁਰਨੇ ਪੂਰਨ ਹੋ ਜਾਂਦੇ ਹਨ, ਭਾਵ, ਮਾਇਆ ਵਾਲੀ ਦੌੜ ਮੁੱਕ ਜਾਂਦੀ ਹੈ)
(ਜਦੋਂ ਸੇਵਕ) ਆਪਣੇ ਗੁਰੂ ਤੋਂ ਉੱਤਮ ਸਿੱਖਿਆ ਲੈਂਦਾ ਹੈ।
ਪ੍ਰਭੂ ਆਪਣੇ (ਅਜੇਹੇ) ਸੇਵਕ ਉਤੇ ਮੇਹਰ ਕਰਦਾ ਹੈ,
ਤੇ, ਸੇਵਕ ਨੂੰ ਸਦਾ ਖਿੜੇ-ਮੱਥੇ ਰੱਖਦਾ ਹੈ।
ਸੇਵਕ (ਮਾਇਆ ਵਾਲੇ) ਜ਼ੰਜੀਰ ਤੋੜ ਕੇ ਖਲਾਸਾ ਹੋ ਜਾਂਦਾ ਹੈ,
ਉਸ ਦਾ ਜਨਮ ਮਰਨ (ਦੇ ਗੇੜ) ਦਾ ਦੁੱਖ ਤੇ ਸਹਸਾ ਮੁੱਕ ਜਾਂਦਾ ਹੈ।
ਸੇਵਕ ਦੀ ਇੱਛਾ ਤੇ ਸਰਧਾ ਸਭ ਸਿਰੇ ਚੜ੍ਹ ਜਾਂਦੀ ਹੈ,
ਉਸ ਨੂੰ ਪ੍ਰਭੂ ਸਭ ਥਾਈਂ ਵਿਆਪਕ ਆਪਣੇ ਨਾਲ ਅੰਗ-ਸੰਗ ਦਿੱਸਦਾ ਹੈ।
ਜਿਸ ਮਾਲਕ ਦਾ ਉਹ ਸੇਵਕ ਬਣਦਾ ਹੈ, ਉਹ ਆਪਣੇ ਨਾਲ ਮਿਲਾ ਲੈਂਦਾ ਹੈ,