(ਪ੍ਰਹਿਲਾਦ ਆਪਣੇ ਪੜ੍ਹਾਉਣ ਵਾਲਿਆਂ ਨੂੰ ਨਿੱਤ ਆਖਦਾ ਹੈ ਕਿ) ਮੇਰੀ ਪੱਟੀ ਉਤੇ ਹਰੀ ਦਾ ਨਾਮ ਲਿਖ ਦਿਉ, ਗੋਬਿੰਦ ਦਾ ਨਾਮ ਲਿਖ ਦਿਉ, ਗੋਪਾਲ ਦਾ ਨਾਮ ਲਿਖ ਦਿਉ।
ਜਿਹੜੇ ਮਨੁੱਖ ਨਿਰੇ ਮਾਇਆ ਦੇ ਪਿਆਰ ਵਿਚ ਰਹਿੰਦੇ ਹਨ, ਉਹ ਆਤਮਕ ਮੌਤ ਦੇ ਜਾਲ ਵਿਚ ਫਸੇ ਰਹਿੰਦੇ ਹਨ।
ਮੇਰਾ ਗੁਰੂ ਮੇਰੀ ਰਾਖੀ ਕਰ ਰਿਹਾ ਹੈ।
ਸਾਰੇ ਸੁਖ ਦੇਣ ਵਾਲਾ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਵੱਸਦਾ ਹੈ ॥੧॥
(ਆਪਣੇ) ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਹਿਲਾਦ ਪਰਮਾਤਮਾ ਦਾ ਨਾਮ ਜਪਦਾ ਹੈ।
ਬਾਲਕ (ਪ੍ਰਹਿਲਾਦ) ਕਿਸੇ ਭੀ ਸਰੀਰਕ ਕਸ਼ਟ ਤੋਂ ਡਰਦਾ ਨਹੀਂ ॥੧॥ ਰਹਾਉ ॥
(ਪ੍ਰਹਿਲਾਦ ਨੂੰ ਉਸ ਦੀ) ਮਾਂ ਸਮਝਾਂਦੀ ਹੈ-ਹੇ ਪਿਆਰੇ ਪ੍ਰਹਿਲਾਦ!
ਹੇ (ਮੇਰੇ) ਪੁੱਤਰ! ਪਰਮਾਤਮਾ ਦਾ ਨਾਮ ਛੱਡ ਦੇਹ, ਆਪਣੀ ਜਿੰਦ ਬਚਾ ਲੈ।
(ਅੱਗੋਂ) ਪ੍ਰਹਿਲਾਦ ਆਖਦਾ ਹੈ ਕਿ ਹੇ ਮੇਰੀ ਮਾਂ! ਸੁਣ,
ਮੈਂ ਪਰਮਾਤਮਾ ਦਾ ਨਾਮ ਨਹੀਂ ਛੱਡਾਂਗਾ (ਇਹ ਨਾਮ ਜਪਣਾ ਮੈਨੂੰ ਮੇਰੇ) ਗੁਰੂ ਨੇ ਸਮਝਾਇਆ ਹੈ ॥੨॥
ਸੰਡ ਅਮਰਕ ਤੇ ਹੋਰ ਸਾਰਿਆਂ ਨੇ ਜਾ ਕੇ (ਹਰਨਾਖਸ਼ ਕੋਲ) ਪੁਕਾਰ ਕੀਤੀ-
ਪ੍ਰਹਿਲਾਦ ਆਪ ਵਿਗੜਿਆ ਹੋਇਆ ਹੈ, (ਉਸ ਨੇ) ਸਾਰੇ ਮੁੰਡੇ ਭੀ ਵਿਗਾੜ ਦਿੱਤੇ ਹਨ।
(ਇਹ ਸੁਣ ਕੇ) ਉਹਨਾਂ ਦੁਸ਼ਟਾਂ ਨੇ ਰਲ ਕੇ ਸਲਾਹ ਪੱਕੀ ਕੀਤੀ (ਕਿ ਪ੍ਰਹਿਲਾਦ ਨੂੰ ਮਾਰ ਮੁਕਾਈਏ।)
(ਪਰ) ਪ੍ਰਹਿਲਾਦ ਦਾ ਰਾਖਾ ਆਪ ਪਰਮਾਤਮਾ ਬਣ ਗਿਆ ॥੩॥
(ਹਰਨਾਖਸ਼) ਹੱਥ ਵਿਚ ਤਲਵਾਰ ਫੜ ਕੇ ਬੜੇ ਅਹੰਕਾਰ ਨਾਲ (ਪ੍ਰਹਿਲਾਦ ਉੱਤੇ) ਟੁੱਟ ਪਿਆ,
(ਅਤੇ ਕਹਿਣ ਲੱਗਾ-ਦੱਸ) ਕਿੱਥੇ ਹੈ ਤੇਰਾ ਹਰੀ, ਜਿਹੜਾ (ਤੈਨੂੰ) ਬਚਾ ਲਏ?
(ਇਹ ਆਖਣ ਦੀ ਢਿੱਲ ਸੀ ਕਿ ਝੱਟ) ਇਕ ਖਿਨ ਵਿਚ ਹੀ (ਪਰਮਾਤਮਾ) ਭਿਆਨਕ ਰੂਪ (ਧਾਰ ਕੇ) ਥੰਮ੍ਹ ਪਾੜ ਕੇ ਨਿਕਲ ਆਇਆ।
(ਉਸ ਨੇ ਨਰਸਿੰਘ ਰੂਪ ਵਿਚ) ਹਰਨਾਖਸ਼ ਨੂੰ (ਆਪਣੇ ਨਹੁੰਆਂ ਨਾਲ ਚੀਰ ਦਿੱਤਾ, ਤੇ, ਪ੍ਰਹਿਲਾਦ ਨੂੰ ਬਚਾ ਲਿਆ ॥੪॥
ਪਰਮਾਤਮਾ ਸਦਾ ਆਪਣੇ ਭਗਤਾਂ ਦੇ ਸਾਰੇ ਕੰਮ ਸਵਾਰਦਾ ਹੈ।
(ਵੇਖ! ਉਸ ਨੇ) ਪ੍ਰਹਿਲਾਦ ਦੀਆਂ ਇੱਕੀ ਕੁਲਾਂ (ਭੀ) ਤਾਰ ਦਿੱਤੀਆਂ।
ਪਰਮਾਤਮਾ ਆਪਣੇ ਸੰਤਾਂ ਨੂੰ ਗੁਰੂ ਸ਼ਬਦ ਵਿਚ ਜੋੜ ਕੇ (ਉਹਨਾਂ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀ ਹਉਮੈ ਮੁਕਾ ਦੇਂਦਾ ਹੈ,
ਤੇ, ਹੇ ਨਾਨਕ! ਹਰਿ-ਨਾਮ ਵਿਚ ਜੋੜ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੫॥੧੦॥੨੦॥
ਭੈਰਉ ਆਤਮਾ ਦੀ ਆਸਥਾ ਅਤੇ ਸਿਰਜਣਹਾਰ ਪ੍ਰਤੀ ਦਿਲੀ ਸ਼ਰਧਾ ਦਾ ਪ੍ਰਤੀਕ ਹੈ।