(ਜਿਸ ਨੇ ਆਰਤੀ ਦਾ ਇਹ ਭੇਤ ਸਮਝਿਆ ਹੈ ਉਸ ਨੇ) ਗਿਆਨ ਨੂੰ ਤੇਲ ਬਣਾਇਆ ਹੈ, ਨਾਮ ਨੂੰ ਵੱਟੀ ਤੇ ਸਰੀਰ ਵਿਚ (ਨਾਮ ਦੇ) ਚਾਨਣ ਨੂੰ ਹੀ ਦੀਵਾ ਬਣਾਇਆ ਹੈ।
ਇਹ ਦੀਵਾ ਉਸ ਨੇ ਜਗਤ ਦੇ ਮਾਲਕ ਪ੍ਰਭੂ ਦੀ ਜੋਤ (ਵਿਚ ਜੁੜ ਕੇ) ਜਗਾਇਆ ਹੈ। ਕੋਈ ਵਿਰਲਾ ਗਿਆਨਵਾਨ (ਪ੍ਰਭੂ ਦੀ ਆਰਤੀ ਦਾ ਭੇਤ) ਸਮਝਦਾ ਹੈ ॥੨॥
(ਹੇ ਪ੍ਰਭੂ! ਇਸ ਆਰਤੀ ਦੀ ਬਰਕਤਿ ਨਾਲ) ਤੂੰ ਮੈਨੂੰ ਅੰਗ-ਸੰਗ ਦਿੱਸ ਰਿਹਾ ਹੈਂ (ਤੇ ਮੇਰੇ ਅੰਦਰ ਇਕ ਐਸਾ ਆਨੰਦ ਬਣ ਰਿਹਾ ਹੈ, ਮਾਨੋ) ਪੰਜ ਹੀ ਕਿਸਮਾਂ ਦੇ ਸਾਜ਼ (ਮੇਰੇ ਅੰਦਰ) ਇੱਕ-ਰਸ ਵੱਜ ਰਹੇ ਹਨ।
ਹੇ ਵਾਸ਼ਨਾ-ਰਹਿਤ ਨਿਰੰਕਾਰ! ਹੇ ਸਾਰਿੰਗਪਾਣ! ਮੈਂ ਤੇਰੇ ਦਾਸ ਕਬੀਰ ਨੇ ਭੀ ਤੇਰੀ (ਇਹੋ ਜਿਹੀ ਹੀ) ਆਰਤੀ ਕੀਤੀ ਹੈ ॥੩॥੫॥
ਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੇਰੀਆਂ ਲੋੜਾਂ ਪੂਰੀਆਂ ਕਰ);
ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਿਰੇ ਚਾੜ੍ਹਦਾ ਹੈਂ ॥੧॥ ਰਹਾਉ ॥
ਮੈਂ (ਤੇਰੇ ਦਰ ਤੋਂ) ਦਾਲ, ਆਟਾ ਤੇ ਘਿਉ ਮੰਗਦਾ ਹਾਂ,
ਜੋ ਮੇਰੀ ਜਿੰਦ ਨੂੰ ਨਿੱਤ ਸੁਖੀ ਰੱਖੇ,
ਜੁੱਤੀ ਤੇ ਸੋਹਣਾ ਕੱਪੜਾ ਭੀ ਮੰਗਦਾ ਹਾਂ,
ਤੇ ਸੱਤਾਂ ਸੀਆਂ ਦਾ ਅੰਨ ਭੀ (ਤੈਥੋਂ ਹੀ) ਮੰਗਦਾ ਹਾਂ ॥੧॥
ਹੇ ਗੋਪਾਲ! ਮੈਂ ਗਾਂ ਮਹਿੰ ਲਵੇਰੀ (ਭੀ) ਮੰਗਦਾ ਹਾਂ,
ਤੇ ਇਕ ਚੰਗੀ ਅਰਬੀ ਘੋੜੀ ਭੀ ਚਾਹੀਦੀ ਹੈ।
ਘਰ ਦੀ ਚੰਗੀ ਇਸਤ੍ਰੀ ਵੀ-
ਮੈਂ ਤੇਰਾ ਦਾਸ ਧੰਨਾ ਤੈਥੋਂ ਮੰਗ ਕੇ ਲੈਂਦਾ ਹਾਂ ॥੨॥੪॥
ਸ੍ਵੈਯਾ:
(ਦੈਂਤਾਂ ਦੇ ਨਸ਼ਟ ਹੋ ਜਾਣ ਨਾਲ) ਵਡੇ ਵਡੇ ਮੁਨੀ ਪ੍ਰਸੰਨ ਹੋ ਗਏ ਹਨ ਅਤੇ ਦੇਵਤਿਆਂ ਦੇ ਤੇਜ-ਪ੍ਰਤਾਪ ਵਿਚ ਸੁਖ ਪ੍ਰਾਪਤ ਕਰਨ ਲਗੇ ਹਨ।
(ਕਈ) ਯੱਗ ਕਰਦੇ ਹਨ, ਕਈ ਵੇਦ ਪਾਠ ਕਰਦੇ ਹਨ, (ਕਈ) ਸੰਸਾਰ ਦਾ ਦੁਖ ਦੂਰ ਕਰਨ ਲਈ ਮਿਲ ਕੇ (ਹਰਿ ਵਿਚ) ਧਿਆਨ ਲਗਾਉਂਦੇ ਹਨ।
(ਦੇਵਤੇ) ਘੰਟੇ, ਛੈਣੇ, ਮ੍ਰਿਦੰਗ, ਉਪੰਗ (ਇਕ ਪ੍ਰਕਾਰ ਦਾ ਵਾਜਾ) ਰਬਾਬ ਆਦਿ ਜਿਤ ਦੇ ਸਾਜ਼ਾਂ ਨੂੰ ਲੈ ਕੇ ਇਕ-ਸੁਰ ਕਰਦੇ ਹਨ।
(ਕਿਤੇ) ਕਿੰਨਰ ਅਤੇ ਗੰਧਰਬ ਗਾ ਰਹੇ ਹਨ ਅਤੇ (ਕਿਤੇ) ਯਕਸ਼ ਅਤੇ ਅਪੱਛਰਾਵਾਂ ਨਾਚ ਕਰਕੇ ਵਿਖਾ ਰਹੀਆਂ ਹਨ ॥੫੪॥