ਚੰਡੀ ਦੀ ਵਾਰ

(ਅੰਗ: 5)


ਦੇਖਨ ਬੈਠ ਅਟਾਰੀ ਨਾਰੀ ਰਾਕਸਾਂ ॥

ਰਾਖਸ਼ਾਂ ਦੀਆਂ ਇਸਤਰੀਆਂ ਅਟਾਰੀਆਂ ਵਿਚ ਬੈਠ ਕੇ (ਯੁੱਧ ਦਾ ਰੰਗ-ਢੰਗ) ਦੇਖ ਰਹੀਆਂ ਸਨ।

ਪਾਈ ਧੂਮ ਸਵਾਰੀ ਦੁਰਗਾ ਦਾਨਵੀ ॥੧੧॥

ਦੁਰਗਾ ਅਤੇ ਦੈਂਤਾਂ ਦੀਆਂ ਸਵਾਰੀਆਂ ਨੇ ਵੀ ਧੁੰਮ ਮਚਾਈ ਹੋਈ ਸੀ ॥੧੧॥

ਪਉੜੀ ॥

ਪਉੜੀ:

ਲਖ ਨਗਾਰੇ ਵਜਨ ਆਮ੍ਹੋ ਸਾਮ੍ਹਣੇ ॥

(ਯੁੱਧ-ਭੂਮੀ ਵਿਚ) ਲਖਾਂ ਧੌਂਸੇ ਆਹਮੋ ਸਾਹਮਣੇ ਵਜਦੇ ਸਨ।

ਰਾਕਸ ਰਣੋ ਨ ਭਜਨ ਰੋਹੇ ਰੋਹਲੇ ॥

ਕ੍ਰੋਧ ਨਾਲ ਭਰੇ ਹੋਏ ਗੁਸੈਲ ਰਾਖਸ਼ ਰਣ-ਭੂਮੀ ਵਿਚੋਂ ਭਜਦੇ ਨਹੀਂ ਸਨ।

ਸੀਹਾਂ ਵਾਂਗੂ ਗਜਣ ਸਭੇ ਸੂਰਮੇ ॥

ਸਾਰੇ ਸੂਰਮੇ ਸ਼ੇਰਾਂ ਵਾਂਗ ਗਜ ਰਹੇ ਸਨ

ਤਣਿ ਤਣਿ ਕੈਬਰ ਛਡਨ ਦੁਰਗਾ ਸਾਮਣੇ ॥੧੨॥

ਅਤੇ ਦੁਰਗਾ ਉਤੇ (ਪੂਰੀ ਤਰ੍ਹਾਂ) ਤਣ-ਤਣ ਕੇ ਤੀਰ ਛਡ ਰਹੇ ਸਨ ॥੧੨॥

ਪਉੜੀ ॥

ਪਉੜੀ:

ਘੁਰੇ ਨਗਾਰੇ ਦੋਹਰੇ ਰਣ ਸੰਗਲੀਆਲੇ ॥

ਸੰਗਲਾਂ ਨਾਲ ਬੰਨ੍ਹੇ ਦੋਹਰੇ ਧੌਂਸੇ ਯੁੱਧ-ਭੂਮੀ ਵਿਚ ਵਜ ਰਹੇ ਸਨ।

ਧੂੜਿ ਲਪੇਟੇ ਧੂਹਰੇ ਸਿਰਦਾਰ ਜਟਾਲੇ ॥

ਜਟਾ-ਧਾਰੀ (ਰਾਖਸ਼) ਸੈਨਾ ਨਾਇਕ ਧੂੜ ਨਾਲ ਧੂਸਰਿਤ ਹੋਏ ਪਏ ਸਨ,

ਉਖਲੀਆਂ ਨਾਸਾ ਜਿਨਾ ਮੁਹਿ ਜਾਪਨ ਆਲੇ ॥

ਜਿਨ੍ਹਾਂ ਦੀਆਂ ਨਾਸਾਂ ਉਖਲੀਆਂ ਅਤੇ ਮੂੰਹ ਆਲੇ ਜਾਪਦੇ ਸਨ।

ਧਾਏ ਦੇਵੀ ਸਾਹਮਣੇ ਬੀਰ ਮੁਛਲੀਆਲੇ ॥

(ਉਹ) ਮੁਛੈਲ ਸੂਰਵੀਰ ਦੇਵੀ ਦੇ ਸਾਹਮਣੇ ਭਜ ਕੇ ਆਏ ਸਨ।

ਸੁਰਪਤ ਜੇਹੇ ਲੜ ਹਟੇ ਬੀਰ ਟਲੇ ਨ ਟਾਲੇ ॥

(ਉਨ੍ਹਾਂ ਨਾਲ) ਇੰਦਰ (ਸੁਰਪਤਿ) ਵਰਗੇ ਲੜ ਹਟੇ ਸਨ, ਪਰ (ਉਹ) ਵੀਰ (ਯੁੱਧ ਭੂਮੀ ਵਿਚੋਂ ਕਿਸੇ ਤੋਂ) ਹਟਾਇਆਂ ਹਟਦੇ ਨਹੀਂ ਹਨ।

ਗਜੇ ਦੁਰਗਾ ਘੇਰਿ ਕੈ ਜਣੁ ਘਣੀਅਰ ਕਾਲੇ ॥੧੩॥

(ਉਹ) ਦੁਰਗਾ ਨੂੰ ਘੇਰ ਕੇ (ਇੰਜ) ਗੱਜ ਰਹੇ ਹਨ ਮਾਨੋ ਕਾਲੇ ਬਦਲ (ਗਰਜ ਰਹੇ) ਹੋਣ ॥੧੩॥

ਪਉੜੀ ॥

ਪਉੜੀ:

ਚੋਟ ਪਈ ਖਰਚਾਮੀ ਦਲਾਂ ਮੁਕਾਬਲਾ ॥

ਖੋਤੇ ਦੇ ਚੰਮ ਨਾਲ ਮੜ੍ਹੇ ਹੋਏ ਧੌਂਸੇ ਉਤੇ ਚੋਟ ਪਈ (ਅਰਥਾਂਤਰ-ਚੰਮ ਦੇ ਬਣੇ ਹੋਏ ਡੰਡੇ ਨਾਲ ਧੌਂਸੇ ਉਤੇ ਸਟ ਪਈ) ਤਾਂ ਦਲਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।

ਘੇਰ ਲਈ ਵਰਿਆਮੀ ਦੁਰਗਾ ਆਇ ਕੈ ॥

ਸੂਰਵੀਰਾਂ ਨੇ ਆ ਕੇ ਦੁਰਗਾ ਨੂੰ ਘੇਰ ਲਿਆ।

ਰਾਕਸ ਵਡੇ ਅਲਾਮੀ ਭਜ ਨ ਜਾਣਦੇ ॥

ਰਾਖਸ਼ ਬਹੁਤ ਬਲਸ਼ਾਲੀ ਸਨ (ਜੋ ਯੁੱਧ ਵਿਚੋਂ) ਭਜਣਾ ਜਾਣਦੇ ਹੀ ਨਹੀਂ ਸਨ।

ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ॥੧੪॥

ਦੇਵੀ ਦੇ ਮਾਰੇ ਹੋਏ ਰਾਖਸ਼ ਅੰਤ ਵਿਚ ਸੁਅਰਗ ਨੂੰ ਚਲੇ ਗਏ ॥੧੪॥

ਪਉੜੀ ॥

ਪਉੜੀ: