ਚੰਡੀ ਦੀ ਵਾਰ

(ਅੰਗ: 6)


ਅਗਣਤ ਘੁਰੇ ਨਗਾਰੇ ਦਲਾਂ ਭਿੜੰਦਿਆਂ ॥

ਸੈਨਿਕ ਦਲਾਂ ਦੇ ਲੜਦਿਆਂ ਹੀ ਅਣਗਿਣਤ ਨਗਾਰੇ ਗੂੰਜਣ ਲਗ ਗਏ।

ਪਾਏ ਮਹਖਲ ਭਾਰੇ ਦੇਵਾਂ ਦਾਨਵਾਂ ॥

ਦੇਵਤਿਆਂ ਅਤੇ ਦੈਂਤਾਂ ਨੇ ਝੋਟਿਆਂ (ਵਾਂਗ) ਭਾਰੀ ਊਧਮ ਮਚਾਇਆ ਹੋਇਆ ਸੀ।

ਵਾਹਨ ਫਟ ਕਰਾਰੇ ਰਾਕਸਿ ਰੋਹਲੇ ॥

ਗੁੱਸੇ ਨਾਲ ਭਰੇ ਹੋਏ ਰਾਖਸ਼ ਕਰਾਰੇ ਫੱਟ ਲਗਾ ਰਹੇ ਹਨ।

ਜਾਪਣ ਤੇਗੀ ਆਰੇ ਮਿਆਨੋ ਧੂਹੀਆਂ ॥

(ਉਨ੍ਹਾਂ ਦੁਆਰਾ) ਮਿਆਨਾ ਵਿਚੋਂ ਕੱਢੀਆਂ ਹੋਈਆਂ ਤਲਵਾਰਾ ਆਰੇ ਪ੍ਰਤੀਤ ਹੋ ਰਹੀਆਂ ਸਨ।

ਜੋਧੇ ਵਡੇ ਮੁਨਾਰੇ ਜਾਪਨ ਖੇਤ ਵਿਚ ॥

ਯੁੱਧ-ਭੂਮੀ ਵਿਚ (ਡਿਗੇ ਹੋਏ ਸੂਰਵੀਰ) ਵਡਿਆਂ ਮੁਨਾਰਿਆਂ ਵਰਗੇ (ਡਿਗੇ ਹੋਏ) ਲਗਦੇ ਸਨ।

ਦੇਵੀ ਆਪ ਸਵਾਰੇ ਪਬ ਜਵੇਹਣੇ ॥

ਪਰਬਤਾਂ ਵਰਗੇ (ਦੈਂਤਾਂ ਨੂੰ) ਦੇਵੀ ਨੇ ਆਪ ਮਾਰਿਆ ਸੀ

ਕਦੇ ਨ ਆਖਨ ਹਾਰੇ ਧਾਵਨ ਸਾਹਮਣੇ ॥

(ਜੋ) ਕਦੇ ਵੀ ਮੂੰਹ ਵਿਚੋਂ 'ਹਾਰ ਗਏ' ਨਹੀਂ ਕਹਿੰਦੇ ਸਨ (ਅਤੇ ਦੇਵੀ ਦੇ) ਸਾਹਮਣੇ (ਸਦਾ) ਡਟਦੇ ਸਨ।

ਦੁਰਗਾ ਸਭ ਸੰਘਾਰੇ ਰਾਕਸਿ ਖੜਗ ਲੈ ॥੧੫॥

ਦੁਰਗਾ ਨੇ ਸਾਰਿਆਂ ਰਾਖਸ਼ਾਂ ਨੂੰ ਖੜਗ ਲੈ ਕੇ ਮਾਰ ਦਿੱਤਾ ॥੧੫॥

ਪਉੜੀ ॥

ਪਉੜੀ:

ਉਮਲ ਲਥੇ ਜੋਧੇ ਮਾਰੂ ਬਜਿਆ ॥

ਜੰਗੀ ਨਗਾਰੇ (ਮਾਰੂ) ਦੇ ਵਜਣ ਕਰ ਕੇ ਚਾਉ ਨਾਲ ਭਰੇ ਯੋਧੇ (ਯੁੱਧ-ਭੂਮੀ ਵਿਚ) ਨਿਤਰ ਆਏ।

ਬਦਲ ਜਿਉ ਮਹਿਖਾਸੁਰ ਰਣ ਵਿਚਿ ਗਜਿਆ ॥

ਬਦਲ ਵਾਂਗ ਮਹਿਖਾਸੁਰ ਰਣ ਵਿਚ ਗਜਿਆ (ਅਤੇ ਬੜਕ ਮਾਰਨ ਲਗਾ ਕਿ)

ਇੰਦ੍ਰ ਜੇਹਾ ਜੋਧਾ ਮੈਥਉ ਭਜਿਆ ॥

ਇੰਦਰ ਵਰਗਾ ਯੋਧਾ ਮੇਰੇ ਕੋਲੋਂ ਭਜ ਗਿਆ ਹੈ।

ਕਉਣ ਵਿਚਾਰੀ ਦੁਰਗਾ ਜਿਨ ਰਣੁ ਸਜਿਆ ॥੧੬॥

(ਫਿਰ) ਵਿਚਾਰੀ ਦੁਰਗਾ ਕੌਣ ਹੈ? ਜਿਸ ਨੇ (ਮੇਰੇ ਨਾਲ) ਯੁੱਧ ਕਰਨ (ਦੀ ਹਿੰਮਤ ਕੀਤੀ ਹੈ) ॥੧੬॥

ਵਜੇ ਢੋਲ ਨਗਾਰੇ ਦਲਾਂ ਮੁਕਾਬਲਾ ॥

ਢੋਲ ਅਤੇ ਨਗਾਰੇ ਵਜੇ ਅਤੇ ਦਲਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ।

ਤੀਰ ਫਿਰੈ ਰੈਬਾਰੇ ਆਮ੍ਹੋ ਸਾਮ੍ਹਣੇ ॥

ਆਹਮੋ ਸਾਹਮਣੇ ਹੋ ਕੇ ਤੀਰ ਅਗਵਾਈ ('ਰੈਬਾਰੇ') ਕਰ ਰਹੇ ਸਨ।

ਅਗਣਤ ਬੀਰ ਸੰਘਾਰੇ ਲਗਦੀ ਕੈਬਰੀ ॥

ਤੀਰਾਂ ਦੇ ਲਗਣ ਨਾਲ ਅਣਗਿਣਤ ਵੀਰ ਮਾਰੇ ਗਏ ਸਨ।

ਡਿਗੇ ਜਾਣਿ ਮੁਨਾਰੇ ਮਾਰੇ ਬਿਜੁ ਦੇ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਿਜਲੀ ਦੇ ਮਾਰੇ ਹੋਏ ਮੁਨਾਰੇ ਡਿਗੇ ਪਏ ਹੋਣ।

ਖੁਲੀ ਵਾਲੀਂ ਦੈਤ ਅਹਾੜੇ ਸਭੇ ਸੂਰਮੇ ॥

ਸਾਰੇ ਦੈਂਤ ਸੂਰਮੇ ਖੁਲ੍ਹੇ ਹੋਏ ਵਾਲਾਂ ਨਾਲ ਹਾ-ਹਾ-ਕਾਰ ਮਚਾ ਰਹੇ ਸਨ,

ਸੁਤੇ ਜਾਣਿ ਜਟਾਲੇ ਭੰਗਾਂ ਖਾਇ ਕੈ ॥੧੭॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਜਟਾਵਾਂ ਵਾਲੇ ਸਾਧ ਭੰਗਾਂ ਖਾ ਕੇ ਸੁਤੇ ਪਏ ਹੋਣ ॥੧੭॥

ਪਉੜੀ ॥

ਪਉੜੀ: