ਚੰਡੀ ਦੀ ਵਾਰ

(ਅੰਗ: 7)


ਦੁਹਾਂ ਕੰਧਾਰਾਂ ਮੁਹਿ ਜੁੜੇ ਨਾਲਿ ਧਉਸਾ ਭਾਰੀ ॥

ਭਾਰੀ ਧੌਂਸਿਆ (ਦੇ ਵਜਦਿਆਂ ਹੀ) ਦੋਹਾਂ ਪਾਸਿਆਂ ਦੀਆਂ ਕਤਾਰਾਂ ਆਹਮੋ ਸਾਹਮਣੇ ਡਟ ਗਈਆਂ।

ਕੜਕ ਉਠਿਆ ਫਉਜ ਤੇ ਵਡਾ ਅਹੰਕਾਰੀ ॥

ਫ਼ੌਜ ਵਿਚੋਂ ਵੱਡਾ ਹੰਕਾਰੀ (ਸੂਰਮਾ ਮਹਿਖਾਸੁਰ) ਕੜਕ ਉਠਿਆ

ਲੈ ਕੈ ਚਲਿਆ ਸੂਰਮੇ ਨਾਲਿ ਵਡੇ ਹਜਾਰੀ ॥

ਅਤੇ (ਆਪਣੇ) ਨਾਲ ਹਜ਼ਾਰਾਂ ਵਡੇ ਵਡੇ ਸੂਰਮੇ ਲੈ ਕੇ ਚਲ ਪਿਆ (ਹਜ਼ਾਰੀ ਦਾ ਅਰਥ ਹਜ਼ਾਰ-ਹਜ਼ਾਰ ਸੈਨਿਕਾਂ ਉਤੇ ਕਮਾਨ ਕਰਨ ਵਾਲੇ ਸੈਨਾ-ਨਾਇਕ ਵੀ ਹੋ ਸਕਦਾ ਹੈ)।

ਮਿਆਨੋ ਖੰਡਾ ਧੂਹਿਆ ਮਹਖਾਸੁਰ ਭਾਰੀ ॥

ਮਹਿਖਾਸੁਰ ਨੇ ਮਿਆਨ ਵਿਚੋਂ ਭਾਰੀ ਖੰਡਾ ਖਿਚ ਲਿਆ।

ਉਮਲ ਲਥੇ ਸੂਰਮੇ ਮਾਰ ਮਚੀ ਕਰਾਰੀ ॥

(ਯੁੱਧ-ਭੂਮੀ ਵਿਚ) ਉਤਸਾਹ ਨਾਲ ਭਰੇ ਹੋਏ ਸੂਰਮੇ ਉਤਰ ਆਏ ਅਤੇ ਤਕੜੀ ਮਾਰ-ਕਾਟ ਸ਼ੁਰੂ ਹੋ ਗਈ।

ਜਾਪੇ ਚਲੇ ਰਤ ਦੇ ਸਲਲੇ ਜਟਧਾਰੀ ॥੧੮॥

(ਉਨ੍ਹਾਂ ਦੇ ਸਿਰਾਂ ਵਿਚੋਂ ਇਉਂ) ਲਹੂ ਵਗ ਰਿਹਾ ਸੀ (ਜਿਉਂ) ਸ਼ਿਵ ਦੀਆਂ ਜਟਾਵਾਂ ਵਿਚੋਂ (ਗੰਗਾ ਦੇ) ਜਲ ਦੀਆਂ ਧਾਰਾਂ ਵਗ ਰਹੀਆਂ ਹੋਣ ॥੧੮॥

ਪਉੜੀ ॥

ਪਉੜੀ:

ਸਟ ਪਈ ਜਮਧਾਣੀ ਦਲਾਂ ਮੁਕਾਬਲਾ ॥

ਦੋਹਰੇ ਨਗਾਰੇ (ਜਮਧਾਣੀ) ਉਤੇ ਸੱਟ ਵਜੀ ਅਤੇ ਦਲਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।

ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ ॥

ਦੇਵੀ ਦੁਰਗਾ ਨੇ ਮਿਆਨ ਤੋਂ ਕ੍ਰਿਪਾਨ ਧੂਹ ਲਈ।

ਚੰਡੀ ਰਾਕਸਿ ਖਾਣੀ ਵਾਹੀ ਦੈਤ ਨੂੰ ॥

ਚੰਡੀ ਨੇ ਰਾਖਸ਼ਾਂ ਦਾ ਨਾਸ਼ ਕਰਨ ਵਾਲੀ (ਤਲਵਾਰ) ਦੈਂਤ ਉਤੇ ਚਲਾਈ।

ਕੋਪਰ ਚੂਰ ਚਵਾਣੀ ਲਥੀ ਕਰਗ ਲੈ ॥

(ਉਹ ਤਲਵਾਰ ਦੈਂਤ ਦੀ) ਖੋਪਰੀ ਅਤੇ ਮੂੰਹ ਨੂੰ ਚੂਰ-ਚੂਰ ਕਰਦੀ ਪਿੰਜਰ ('ਕਰਗ') ਤਕ ਧਸ ਗਈ।

ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ ॥

(ਫਿਰ) (ਘੋੜੇ ਉਪਰ ਪਾਈ ਹੋਈ ਲੋਹੇ ਦੀ) ਝੁਲ ਅਤੇ ਕਾਠੀ (ਨੂੰ ਚੀਰਦੀ ਹੋਈ) ਧਰਤੀ ਉਤੇ ਜਾ ਵਜੀ।

ਲੈਦੀ ਅਘਾ ਸਿਧਾਣੀ ਸਿੰਗਾਂ ਧਉਲ ਦਿਆਂ ॥

(ਉਥੋਂ) ਲਹਿੰਦੀ ਹੋਈ (ਧਰਤੀ ਨੂੰ ਚੁਕੀ ਖੜੇ) ਬਲਦ ਦੇ ਸਿੰਗਾਂ ਤਕ ਜਾ ਪਹੁੰਚੀ।

ਕੂਰਮ ਸਿਰ ਲਹਿਲਾਣੀ ਦੁਸਮਨ ਮਾਰਿ ਕੈ ॥

(ਇਸ ਤਰ੍ਹਾਂ) ਦੁਸ਼ਮਨ ਨੂੰ ਮਾਰ ਕੇ ਕਛੂਏ ਦੇ ਸਿਰ ਵਿਚ ਚਮਕੀ।

ਵਢੇ ਗਨ ਤਿਖਾਣੀ ਮੂਏ ਖੇਤ ਵਿਚ ॥

(ਦੈਂਤ ਇਸ ਤਰ੍ਹਾਂ) ਯੁੱਧ-ਭੂਮੀ ਵਿਚ ਮਰੇ ਪਏ ਸਨ (ਜਿਵੇਂ) ਤਿਖਾਣ ਨੇ (ਲਕੜੀ ਦੇ) ਮੋਛੇ ਵੱਢ ਦੇ (ਸੁਟੇ ਹਨ)।

ਰਣ ਵਿਚ ਘਤੀ ਘਾਣੀ ਲੋਹੂ ਮਿਝ ਦੀ ॥

ਰਣ-ਭੂਮੀ ਵਿਚ ਲਹੂ ਅਤੇ ਮਿਝ ਦੀ ਘਾਣੀ ਬਣੀ ਪਈ ਸੀ।

ਚਾਰੇ ਜੁਗ ਕਹਾਣੀ ਚਲਗ ਤੇਗ ਦੀ ॥

(ਦੇਵੀ ਦੀ) ਤਲਵਾਰ ਦੀ ਕਹਾਣੀ ਚੌਂਹਾਂ ਯੁਗਾਂ ਤਕ ਚਲੇਗੀ।

ਬਿਧਣ ਖੇਤ ਵਿਹਾਣੀ ਮਹਖੇ ਦੈਤ ਨੂੰ ॥੧੯॥

ਮਹਿਖਾਸੁਰ ਨੂੰ ਯੁੱਧ-ਭੂਮੀ ਵਿਚ ਦੁਖਦਾਇਕ ਸਮਾਂ (ਬਿੱਧਣ) ਕਟਣਾ ਪਿਆ ॥੧੯॥

ਇਤੀ ਮਹਖਾਸੁਰ ਦੈਤ ਮਾਰੇ ਦੁਰਗਾ ਆਇਆ ॥

ਇਸ ਤਰ੍ਹਾਂ ਮਹਿਖਾਸੁਰ ਦੈਂਤ ਨੂੰ ਮਾਰ ਕੇ ਦੁਰਗਾ ਆ ਗਈ।

ਚਉਦਹ ਲੋਕਾਂ ਰਾਣੀ ਸਿੰਘ ਨਚਾਇਆ ॥

ਚੌਦਾਂ ਲੋਕਾਂ ਦੀ ਰਾਣੀ (ਦੇਵੀ ਨੇ ਪ੍ਰਸੰਨ ਹੋ ਕੇ ਆਪਣੇ ਵਾਹਨ) ਸ਼ੇਰ ਨੂੰ ਨਚਾਇਆ। ਦੇਵੀ ਦੁਰਗਾ ਨੇ ਚਉਦਹ ਲੋਕਾਂ ਰਾਣੀ ਸਿੰਘ ਨਚਾਇਆ।