(ਦੈਂਤਾਂ ਦੇ) ਦਲਾਂ ਵਿਚੋਂ ਬਹੁਤ ਸਾਰੇ ਜਟਾਧਾਰੀ ਵੀਰ (ਦੈਂਤਾਂ ਨੂੰ) ਦਲ ਵਿਚ ਮਾਰ ਦਿੱਤਾ।
(ਰਣ ਵਿਚ ਵੈਰੀ) ਦਲ ਨੂੰ ਲਲਕਾਰਦੇ ਹੋਏ (ਸੂਰਵੀਰ) ਪਾਣੀ ਤਕ ਨਹੀਂ ਮੰਗਦੇ ਸਨ।
(ਉਹ ਯੁੱਧ ਵਿਚ ਇਤਨੇ ਮਗਨ ਸਨ) ਮਾਨੋ ਪਠਾਣ ਰਾਗ ਨੂੰ ਸੁਣ ਕੇ ਮਸਤ (ਸਮਾਇ) ਹੋ ਗਿਆ ਹੋਵੇ।
ਰਣ-ਭੂਮੀ ਵਿਚ ਵੀਰ ਯੋਧਿਆਂ ਦੇ ਲਹੂ ਦਾ ਹੜ੍ਹ ਆ ਗਿਆ।
ਇਆਣਾ (ਵਿਅਕਤੀ) ਫੁਲ ਪੀਣ ਤੇ (ਜਿਵੇਂ ਝੂਮਦਾ ਹੈ, ਉਸ ਤਰ੍ਹਾਂ) ਸੂਰਮੇ ਝੂਮ ਰਹੇ ਸਨ ॥੨੦॥
ਦੇਵਤਿਆਂ ਨੂੰ ਰਾਜ ਦੇ ਕੇ ਭਵਾਨੀ ਲੋਪ ਹੋ ਗਈ।
ਉਧਰ ਜਿਸ ਦਿਨ ਸ਼ਿਵ ਦੀ ਵਰਦਾਨੀ (ਘੜੀ) ਆ ਪਹੁੰਚੀ,
ਤਦੋਂ ਸ਼ੁੰਭ-ਨਿਸ਼ੁੰਭ (ਨਾਂ ਦੇ) ਅਭਿਮਾਨੀ ਸੂਰਮੇ ਪੈਦਾ ਹੋ ਗਏ,
(ਜਿਨ੍ਹਾਂ ਨੇ) ਇੰਦਰ ਦੀ ਰਾਜਧਾਨੀ ਨੂੰ ਜਿਤਣ ਦੀ ਇੱਛਾ ਨਾਲ ਵੇਖਿਆ ॥੨੧॥
ਵਡਿਆਂ (ਰਾਖਸ਼) ਯੋਧਿਆਂ ਨੇ ਇੰਦਰਪੁਰੀ ਉਤੇ ਹਮਲਾ ਕਰਨ ਦਾ ਵਿਚਾਰ ਕੀਤਾ (ਯੋਜਨਾ ਬਣਾਈ)।
ਕਵਚ, ਪਟੇਲਾਂ (ਮੂੰਹ ਨੂੰ ਢਕਣ ਦੀ ਲੋਹੇ ਦੀ ਜਾਲੀ) ਅਤੇ ਪਾਖਰਾਂ (ਲੋਹੇ ਦੀ ਜਾਲੀ ਦੀਆਂ ਬਣੀਆਂ ਘੋੜਿਆਂ ਦੀਆਂ ਝੁਲਾਂ) (ਨੂੰ ਲੈ ਕੇ) ਲੜਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਅਛੂਹਣੀ ਸੈਨਾ (ਇਕੱਠੀ ਹੋ ਕੇ) ਚਲ ਪਈ, (ਉਸ ਦੇ ਚਲਣ ਨਾਲ) ਘਟਾ ਨੇ ਆਕਾਸ਼ ਨੂੰ ਢਕ ਲਿਆ।
ਰੋਹ ਨਾਲ ਭਰੇ ਹੋਏ ਸ਼ੁੰਭ ਅਤੇ ਨਿਸ਼ੁੰਭ (ਯੁੱਧ ਲਈ) ਤੁਰ ਪਏ ॥੨੨॥
ਪਉੜੀ:
ਸ਼ੁੰਭ ਅਤੇ ਨਿਸ਼ੁੰਭ ਨੇ ਆਦੇਸ਼ ਦਿੱਤਾ (ਤਾਂ) ਵੱਡੇ ਸੂਰਮਿਆਂ ਨੇ (ਯੁੱਧ ਦਾ) ਬਿਗਲ ਵਜਾ ਦਿੱਤਾ।
(ਹਰ ਪਾਸੇ) ਰੋਹ ਦਾ ਵਾਤਾਵਰਨ ਬਣ ਗਿਆ ਅਤੇ ਸੂਰਵੀਰਾ ਨੇ ਘੋੜੇ ਨਚਾਉਣੇ ਸ਼ੁਰੂ ਕਰ ਦਿੱਤੇ।
ਦੋਹਰੇ ਨਗਾਰੇ ਗੂੰਜਣ ਲਗੇ ਜਿਵੇਂ ਝੋਟਾ ('ਜਮ-ਬਾਹਣ') ਅਰੜਾਉਂਦਾ ਹੈ।
ਦੇਵਤੇ ਅਤੇ ਦੈਂਤ ਯੁੱਧ ਕਰਨ ਲਈ ਆਣ ਢੁਕੇ ॥੨੩॥
ਪਉੜੀ:
ਦੈਂਤਾਂ ਅਤੇ ਦੇਵਤਿਆਂ ਨੇ ਨਿਰੰਤਰ (ਬਿਨਾ ਨਾਗ਼ੇ ਦੇ) ਯੁੱਧ ਮਚਾ ਦਿੱਤਾ।