ਚੰਡੀ ਦੀ ਵਾਰ

(ਅੰਗ: 9)


ਫੁਲ ਖਿੜੇ ਜਣ ਬਾਗੀਂ ਬਾਣੇ ਜੋਧਿਆਂ ॥

ਯੋਧਿਆਂ ਦੇ ਬਾਣੇ (ਇਸ ਤਰ੍ਹਾਂ ਪ੍ਰਤੀਤ ਹੁੰਦੇ ਹਨ) ਮਾਨੋ ਬਾਗ ਵਿਚ ਫੁਲ ਖਿੜੇ ਹੋਣ।

ਭੂਤਾਂ ਇਲਾਂ ਕਾਗੀਂ ਗੋਸਤ ਭਖਿਆ ॥

ਭੂਤਾਂ, ਇਲਾਂ ਤੇ ਕਾਵਾਂ ਨੇ (ਖ਼ੂਬ) ਮਾਸ ਖਾਇਆ ਸੀ।

ਹੁੰਮੜ ਧੁੰਮੜ ਜਾਗੀ ਘਤੀ ਸੂਰਿਆਂ ॥੨੪॥

ਸੂਰਮਿਆਂ ਨੇ ਸ਼ੋਰ ਮਚਾਇਆ ਹੋਇਆ ਸੀ ॥੨੪॥

ਸਟ ਪਈ ਨਗਾਰੇ ਦਲਾਂ ਮੁਕਾਬਲਾ ॥

ਨਗਾਰੇ ਉਤੇ ਚੋਟ ਵਜੀ ਤਾਂ ਸੈਨਿਕ ਦਲਾਂ ਦਾ ਯੁੱਧ ਆਰੰਭ ਹੋ ਗਿਆ।

ਦਿਤੇ ਦੇਉ ਭਜਾਈ ਮਿਲਿ ਕੈ ਰਾਕਸੀਂ ॥

ਰਾਖਸ਼ਾਂ ਨੇ ਮਿਲ ਕੇ ਦੇਵਤਿਆਂ ਨੂੰ (ਯੁੱਧ-ਭੂਮੀ ਵਿਚੋਂ) ਭਜਾ ਦਿੱਤਾ।

ਲੋਕੀ ਤਿਹੀ ਫਿਰਾਹੀ ਦੋਹੀ ਆਪਣੀ ॥

(ਦੈਂਤਾ ਨੇ) ਤਿੰਨਾਂ ਲੋਕਾਂ ਵਿਚ ਆਪਣੀ ਦੁਹਾਈ ਫਿਰਾ ਦਿੱਤੀ।

ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ॥

ਭੈ-ਭੀਤ ਹੋਏ ਦੇਵਤਿਆਂ ਨੂੰ ਦੁਰਗਾ ਦੀ ਸ਼ਰਨ (ਸਾਮ) ਵਿਚ ਜਾਣਾ ਪਿਆ।

ਆਂਦੀ ਚੰਡਿ ਚੜਾਈ ਉਤੇ ਰਾਕਸਾ ॥੨੫॥

(ਅਤੇ) ਰਾਖਸ਼ਾਂ ਉਤੇ ਚੰਡੀ ਚੜ੍ਹਾ ਲਿਆਂਦੀ ॥੨੫॥

ਪਉੜੀ ॥

ਪਉੜੀ:

ਆਈ ਫੇਰ ਭਵਾਨੀ ਖਬਰੀ ਪਾਈਆ ॥

ਭਵਾਨੀ ਫਿਰ ਆ ਗਈ। (ਇਸ ਪ੍ਰਕਾਰ ਦਾ) ਸਮਾਚਾਰ (ਜਦੋਂ ਦੈਂਤਾਂ ਨੂੰ) ਪ੍ਰਾਪਤ ਹੋਇਆ

ਦੈਤ ਵਡੇ ਅਭਿਮਾਨੀ ਹੋਏ ਏਕਠੇ ॥

(ਤਾਂ ਸਾਰੇ) ਵੱਡੇ ਅਭਿਮਾਨੀ ਦੈਂਤ ਇਕੱਠੇ ਹੋ ਗਏ।

ਲੋਚਨ ਧੂਮ ਗੁਮਾਨੀ ਰਾਇ ਬੁਲਾਇਆ ॥

(ਰਾਖਸ਼ਾਂ ਦੇ) ਰਾਜੇ (ਸੁੰਭ) ਨੇ ਅਭਿਮਾਨੀ ਧੂਮ੍ਰ-ਲੋਚਨ ਨੂੰ ਬੁਲਾਇਆ

ਜਗ ਵਿਚ ਵਡਾ ਦਾਨੋ ਆਪ ਕਹਾਇਆ ॥

(ਜੋ) ਜਗਤ ਵਿਚ ਆਪਣੇ ਆਪ ਨੂੰ ਵੱਡਾ ਦੈਂਤ ਅਖਵਾਉਂਦਾ ਸੀ।

ਸਟ ਪਈ ਖਰਚਾਮੀ ਦੁਰਗਾ ਲਿਆਵਣੀ ॥੨੬॥

(ਧੂਮ੍ਰਲੋਚਨ ਨੇ) ਦੂਹਰੇ ਨਗਾਰੇ (ਖਰਚਾਮੀ) ਉਤੇ ਸਟ ਮਾਰ ਕੇ (ਕਿਹਾ ਕਿ ਮੈਂ) ਦੁਰਗਾ ਨੂੰ (ਬੰਨ੍ਹ ਕੇ) ਲਿਆਉਣਾ ਹੈ ॥੨੬॥

ਪਉੜੀ ॥

ਪਉੜੀ:

ਕੜਕ ਉਠੀ ਰਣ ਚੰਡੀ ਫਉਜਾਂ ਦੇਖ ਕੈ ॥

ਰਣ-ਭੂਮੀ ਵਿਚ (ਦੈਂਤਾਂ ਦੀਆਂ) ਫ਼ੌਜਾਂ ਵੇਖ ਕੇ ਚੰਡੀ ਕੜਕ ਉਠੀ।

ਧੂਹਿ ਮਿਆਨੋ ਖੰਡਾ ਹੋਈ ਸਾਹਮਣੇ ॥

ਮਿਆਨ ਵਿਚੋਂ ਖੰਡਾ ਖਿਚ ਕੇ (ਦੈਂਤ ਦੇ) ਸਾਹਮਣੇ ਹੋ ਗਈ।

ਸਭੇ ਬੀਰ ਸੰਘਾਰੇ ਧੂਮਰਨੈਣ ਦੇ ॥

(ਉਸ ਨੇ) ਧੂਮ੍ਰ ਨੈਨ ਦੇ ਸਾਰੇ ਸੂਰਮੇ ਮਾਰ ਦਿੱਤੇ; (ਇੰਜ ਪ੍ਰਤੀਤ ਹੁੰਦਾ ਹੈ)

ਜਣ ਲੈ ਕਟੇ ਆਰੇ ਦਰਖਤ ਬਾਢੀਆਂ ॥੨੭॥

ਮਾਨੋ ਤ੍ਰਖਾਣਾਂ ਨੇ ਆਰੇ ਲੈ ਕੇ ਬ੍ਰਿਛ ਕਟ ਦਿੱਤੇ ਹੋਣ ॥੨੭॥

ਪਉੜੀ ॥

ਪਉੜੀ: