ਚੰਡੀ ਦੀ ਵਾਰ

(ਅੰਗ: 10)


ਚੋਬੀਂ ਧਉਂਸ ਬਜਾਈ ਦਲਾਂ ਮੁਕਾਬਲਾ ॥

ਨਗਾਰਚੀ ('ਚੋਬੀ') ਨੇ ਧੌਂਸਾ ਵਜਾਇਆ, ਦਲਾਂ ਦਾ ਮੁਕਾਬਲਾ (ਸ਼ੁਰੂ ਹੋ ਗਿਆ)।

ਰੋਹ ਭਵਾਨੀ ਆਈ ਉਤੇ ਰਾਕਸਾਂ ॥

ਦੁਰਗਾ ਵੀ ਕ੍ਰੋਧਿਤ ਹੋ ਕੇ ਰਾਖਸਾਂ ਉਪਰ ਆ ਚੜ੍ਹੀ।

ਖਬੈ ਦਸਤ ਨਚਾਈ ਸੀਹਣ ਸਾਰ ਦੀ ॥

(ਦੇਵੀ ਨੇ) ਖਬੇ ਹੱਥ ਵਿਚ ਲੋਹੇ ਦੀ ਸ਼ੇਰਨੀ (ਤਲਵਾਰ) ਨਚਾਈ

ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ॥

ਅਤੇ ਬਹੁਤਿਆਂ ਦੇ ਸ਼ਰੀਰਾ ਉਤੇ ਮਾਰ ਕੇ (ਉਸ ਨੂੰ) ਰਾਗਲਾ ਕਰ ਦਿੱਤਾ।

ਭਾਈਆਂ ਮਾਰਨ ਭਾਈ ਦੁਰਗਾ ਜਾਣਿ ਕੈ ॥

(ਘਮਸਾਨ ਯੁੱਧ ਵਿਚ ਅਤਿਅੰਤ ਮਗਨ ਪਰ ਘਬਰਾਏ ਹੋਏ) ਰਾਖਸ਼ ਆਪਣੇ ਭਰਾ ਰਾਖਸ਼ਾਂ ਨੂੰ ਹੀ ਦੇਵੀ ਸਮਝ ਕੇ ਮਾਰੀ ਜਾਂਦੇ ਸਨ।

ਰੋਹ ਹੋਇ ਚਲਾਈ ਰਾਕਸਿ ਰਾਇ ਨੂੰ ॥

(ਦੇਵੀ ਨੇ) ਗੁੱਸੇ ਵਿਚ ਆ ਕੇ ਰਾਖਸ਼ ਰਾਜੇ (ਧੂਮ੍ਰ-ਨੈਨ) ਉਤੇ ਤਲਵਾਰ ਚਲਾ ਦਿੱਤੀ।

ਜਮ ਪੁਰ ਦੀਆ ਪਠਾਈ ਲੋਚਨ ਧੂਮ ਨੂੰ ॥

(ਫਲਸਰੂਪ) ਧੂਮ੍ਰ। ਨੈਨ ਨੂੰ ਯਮ-ਪੁਰੀ ਵਲ ਭੇਜ ਦਿੱਤਾ।

ਜਾਪੇ ਦਿਤੀ ਸਾਈ ਮਾਰਨ ਸੁੰਭ ਦੀ ॥੨੮॥

ਇੰਜ ਪ੍ਰਤੀਤ ਹੁੰਦਾ ਹੈ ਕਿ ਸ਼ੁੰਭ ਨੂੰ ਮਾਰਨ ਦੀ ਸਾਈ ਦਿੱਤੀ ਹੋਵੇ ॥੨੮॥

ਪਉੜੀ ॥

ਪਉੜੀ:

ਭੰਨੇ ਦੈਤ ਪੁਕਾਰੇ ਰਾਜੇ ਸੁੰਭ ਥੈ ॥

(ਰਣ-ਭੂਮੀ ਤੋਂ) ਭਜੇ ਹੋਏ ਰਾਖਸ਼ ਰਾਜੇ ਸ਼ੁੰਭ ਕੋਲ (ਜਾ ਕੇ) ਪੁਕਾਰਨ ਲਗੇ

ਲੋਚਨ ਧੂਮ ਸੰਘਾਰੇ ਸਣੇ ਸਿਪਾਹੀਆਂ ॥

ਕਿ (ਦੇਵੀ ਨੇ) ਧੂਮ੍ਰ-ਨੈਨ ਨੂੰ ਸਿਪਾਹੀਆਂ ਸਮੇਤ ਮਾਰ ਦਿੱਤਾ ਹੈ।

ਚੁਣਿ ਚੁਣਿ ਜੋਧੇ ਮਾਰੇ ਅੰਦਰ ਖੇਤ ਦੈ ॥

(ਇਸ ਤੋਂ ਇਲਾਵਾ ਉਸ ਨੇ) ਰਣ ਖੇਤਰ ਵਿਚ ਚੁਣ ਚੁਣ ਕੇ (ਹੋਰ ਵੀ ਬਹੁਤ ਸਾਰੇ) ਯੋਧੇ ਮਾਰੇ ਹਨ।

ਜਾਪਨ ਅੰਬਰਿ ਤਾਰੇ ਡਿਗਨਿ ਸੂਰਮੇ ॥

(ਉਥੇ) ਸੂਰਮੇ ਆਕਾਸ਼ ਤੋਂ ਡਿਗਦੇ ਹੋਏ ਤਾਰਿਆ ਜਿਹੇ ਪ੍ਰਤੀਤ ਹੁੰਦੇ ਸਨ।

ਗਿਰੇ ਪਰਬਤ ਭਾਰੇ ਮਾਰੇ ਬਿਜੁ ਦੇ ॥

(ਜਾਂ ਫਿਰ) ਬਿਜਲੀ ਦੇ ਮਾਰੇ ਹੋਏ ਵਡੇ ਵਡੇ ਪਰਬਤ ਡਿਗੇ ਪਏ ਸਨ।

ਦੈਤਾਂ ਦੇ ਦਲ ਹਾਰੇ ਦਹਸਤ ਖਾਇ ਕੈ ॥

(ਚੰਡੀ ਦੀ) ਦਹਿਸ਼ਤ ਨਾਲ ਹੀ ਦੈਂਤਾਂ ਦੇ ਦਲ ਹਾਰ ਗਏ ਸਨ।

ਬਚੇ ਸੁ ਮਾਰੇ ਮਾਰੇ ਰਹਦੇ ਰਾਇ ਥੈ ॥੨੯॥

(ਉਹੀ) ਬਚੇ ਸਨ ਜੋ ਮਾੜੇ ਸਨ (ਕਿਉਂਕਿ ਉਹ) ਮਾੜੇ ਰਾਖਸ਼ ਰਾਜੇ ਦੀ ਸ਼ਰਨ ਵਿਚ ਰਹਿੰਦੇ ਸਨ (ਨਹੀਂ ਤਾਂ ਉਹ ਵੀ ਮਾਰੇ ਜਾਂਦੇ) ॥੨੯॥

ਪਉੜੀ ॥

ਪਉੜੀ:

ਰੋਹ ਹੋਇ ਬੁਲਾਏ ਰਾਕਸਿ ਰਾਇ ਨੇ ॥

ਰਾਖਸ਼ ਰਾਜੇ (ਸ਼ੁੰਭ) ਨੇ ਗੁੱਸੇ ਨਾਲ ਭਰ ਕੇ (ਸਭ ਨੂੰ) ਬੋਲਾਇਆ।

ਬੈਠੇ ਮਤਾ ਪਕਾਏ ਦੁਰਗਾ ਲਿਆਵਣੀ ॥

(ਸਾਰਿਆਂ ਨੇ) ਬੈਠ ਕੇ ਸਲਾਹ ਕੀਤੀ ਕਿ ਦੁਰਗਾ (ਨੂੰ ਬੰਨ੍ਹ ਕੇ) ਲਿਆਂਦਾ ਜਾਏ।

ਚੰਡ ਅਰ ਮੁੰਡ ਪਠਾਏ ਬਹੁਤਾ ਕਟਕੁ ਦੈ ॥

(ਫਿਰ) ਚੰਡ ਅਤੇ ਮੁੰਡ ਨੂੰ ਬਹੁਤ ਸਾਰੀ ਸੈਨਾ ਦੇ ਕੇ (ਰਣ-ਭੂਮੀ ਵਲ) ਭੇਜਿਆ ਗਿਆ