(ਜਿਨ੍ਹਾਂ ਦੀਆਂ ਅਣਗਿਣਤ) ਤਲਵਾਰਾਂ (ਨੂੰ ਵੇਖ ਕੇ ਇਉਂ) ਪ੍ਰਤੀਤ ਹੋਇਆ ਮਾਨੋ ਛਪਰਾਂ ਦਾ ਪਸਾਰਾ ਕਰ ਦਿੱਤਾ ਗਿਆ ਹੋਵੇ।
ਰਾਜੇ ਨੇ ਜਿਤਨੇ ਰਾਖਸ਼ ਬੁਲਾਏ ਸਨ, (ਉਹ) ਸਾਰੇ ਯੁੱਧ ਨੂੰ ਚਲ ਪਏ
ਮਾਨੋ ਸਾਰਿਆ ਨੂੰ ਮਾਰਨ ਲਈ ਯਮਪੁਰੀ ਨੂੰ ਭੇਜ ਦਿੱਤਾ ਗਿਆ ਹੋਵੇ ॥੩੦॥
ਪਉੜੀ:
(ਨਗਾਰਚੀਆਂ ਨੇ) ਢੋਲ ਅਤੇ ਨਗਾਰੇ ਵਜਾਏ ਅਤੇ ਦਲਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।
ਰੋਹ ਨਾਲ ਭਰੇ ਹੋਏ ਰਾਖਸ਼ ਉਥੇ ਚੜ੍ਹ ਆਏ।
ਸਭ ਨੇ ਬਰਛੀਆਂ ਪਕੜ ਕੇ ਘੋੜੇ ਨਚਾਏ।
(ਦੇਵੀ ਨੇ ਉਨ੍ਹਾਂ ਵਿਚੋਂ) ਬਹੁਤੇ ਯੁੱਧ-ਭੂਮੀ ਵਿਚ ਮਾਰ ਕੇ ਡਿਗਾ ਦਿੱਤੇ।
ਦੇਵੀ ਨੇ ਪ੍ਰਸੰਨ ਹੋ ਕੇ ਤੀਰਾਂ ਦੀ ਝੜੀ ਲਾਈ ਹੋਈ ਸੀ ॥੩੧॥
ਦੁਰਗਾ ਨੇ ਭੇਰੀਆਂ ਸੰਖ ਵਜਾ ਕੇ ਯੁੱਧ ਸ਼ੁਰੂ ਕਰ ਦਿੱਤਾ
ਅਤੇ ਧਨੁਸ਼ ਲੈ ਕੇ ਖਿਚ ਖਿਚ ਕੇ ਤੀਰ ਚਲਾਏ।
ਜਿਨ੍ਹਾਂ ਨੇ (ਦੇਵੀ ਵਲ) ਹੱਥ ਉਲ੍ਹਾਰਿਆ, (ਉਨ੍ਹਾਂ ਵਿਚੋਂ ਕੋਈ ਵੀ) ਜੀਉਂਦਾ ਨਾ ਰਿਹਾ।
ਦੇਵੀ ਨੇ ਚੰਡ ਅਤੇ ਮੁੰਡ ਨੂੰ ਨਸ਼ਟ ਕਰ ਦਿੱਤਾ ॥੩੨॥
ਦੈਂਤਾਂ ਦੇ ਮਾਰੇ ਜਾਣ (ਦੀ ਗੱਲ) ਸੁਣ ਕੇ ਸ਼ੁੰਭ ਅਤੇ ਨਿਸੁੰਭ ਕ੍ਰੋਧਿਤ ਹੋ ਗਏ।
(ਉਨ੍ਹਾਂ ਨੇ) ਆਪਣੀ ਮਜਲਸ ਵਿਚ ਸਾਰੇ ਯੋਧੇ ਬੁਲਾ ਲਏ
(ਅਤੇ ਕਿਹਾ ਕਿ) ਜਿਨ੍ਹਾਂ ਨੇ ਇੰਦਰ ਵਰਗੇ ਦੇਵਤੇ ਭਜਾਏ ਹੋਏ ਸਨ,
ਉਨ੍ਹਾਂ (ਚੰਡ ਅਤੇ ਮੁੰਡ) ਨੂੰ ਵੀ ਦੇਵੀ ਨੇ ਪਲ ਵਿਚ ਮਾਰ ਸੁਟਿਆ ਹੈ।
ਉਨ੍ਹਾਂ ਦਾ ਧਿਆਨ ਕਰਕੇ (ਮਜਲਸ ਵਿਚ ਇਕੱਠੇ ਹੋਏ ਯੋਧਿਆਂ ਨੇ ਗਮ ਵਿਚ ਡੁਬ ਕੇ) ਹੱਥ ਤੇ ਹੱਥ ਮਾਰੇ।
ਫਿਰ ਰਾਜੇ (ਸ਼ੁੰਭ) ਨੇ ਰਕਤ-ਬੀਜ ਨੂੰ (ਪਾਨ ਦਾ) ਬੀੜਾ ਦੇ ਕੇ (ਯੁੱਧ-ਭੂਮੀ ਵਲ) ਤੋਰਿਆ।
(ਰਾਖਸ਼ਾਂ ਨੇ) ਕਵਚ ਅਤੇ ਪਟੇਲੇ (ਮੂੰਹ ਨੂੰ ਢਕਣ ਲਈ ਲੋਹੇ ਦੀਆਂ ਜਾਲੀਆਂ) ਨੂੰ ਧਾਰਨ ਕੀਤਾ ਹੋਇਆ ਸੀ (ਅਤੇ ਉਨ੍ਹਾਂ ਦੀਆਂ) ਟੋਪੀਆਂ ਚਮਕ ਰਹੀਆਂ ਸਨ।