ਚੰਡੀ ਦੀ ਵਾਰ

(ਅੰਗ: 12)


ਲੁਝਣ ਨੋ ਅਰੜਾਏ ਰਾਕਸ ਰੋਹਲੇ ॥

(ਉਹ) ਕ੍ਰੋਧਵਾਨ ਰਾਖਸ਼ ਯੁੱਧ ਕਰਨ ਲਈ ਅਰੜਾ ਰਹੇ ਸਨ।

ਕਦੇ ਨ ਕਿਨੇ ਹਟਾਏ ਜੁਧ ਮਚਾਇ ਕੈ ॥

(ਜਿਨ੍ਹਾਂ ਯੋਧਿਆਂ ਨੂੰ) ਯੁੱਧ ਮਚਾ ਦੇਣ (ਤੋਂ ਬਾਦ) ਕੋਈ ਹਟਾ ਨਹੀਂ ਸਕਿਆ,

ਮਿਲ ਤੇਈ ਦਾਨੋ ਆਏ ਹੁਣ ਸੰਘਰਿ ਦੇਖਣਾ ॥੩੩॥

ਉਹੀ ਰਾਖਸ਼ ਮਿਲ ਕੇ (ਯੁੱਧ ਮਚਾਉਣ ਲਈ) ਆ ਗਏ ਸਨ, ਹੁਣ ਯੁੱਧ (ਦਾ ਦ੍ਰਿਸ਼) ਵੇਖਣਾ ॥੩੩॥

ਪਉੜੀ ॥

ਪਉੜੀ:

ਦੈਤੀ ਡੰਡ ਉਭਾਰੀ ਨੇੜੈ ਆਇ ਕੈ ॥

ਦੈਂਤਾਂ ਨੇ ਨੇੜੇ ਆ ਕੇ ਬਹੁਤ ਰੌਲਾ (ਪਾ ਦਿੱਤਾ)।

ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ॥

(ਉਨ੍ਹਾਂ ਦੀ ਆਮਦ ਦਾ) ਸ਼ੋਰ ਸੁਣ ਕੇ ਦੁਰਗਾ ਸ਼ੇਰ ਉਤੇ ਸਵਾਰ ਹੋ ਗਈ।

ਖਬੇ ਦਸਤ ਉਭਾਰੀ ਗਦਾ ਫਿਰਾਇ ਕੈ ॥

(ਉਸ ਨੇ) ਗਦਾਂ ਨੂੰ ਘੁੰਮਾ ਕੇ ਖਬੇ ਹੱਥ ਵਿਚ ਉਲਾਰਿਆ

ਸੈਨਾ ਸਭ ਸੰਘਾਰੀ ਸ੍ਰਣਵਤ ਬੀਜ ਦੀ ॥

ਅਤੇ ਰਕਤ-ਬੀਜ ਦੀ ਸਾਰੀ ਸੈਨਾ ਮਾਰ ਦਿੱਤੀ।

ਜਣ ਮਦ ਖਾਇ ਮਦਾਰੀ ਘੂਮਨ ਸੂਰਮੇ ॥

ਸੂਰਮੇ ਰਣ ਵਿਚ (ਇਉਂ) ਘੁੰਮ ਰਹੇ ਹਨ ਮਾਨੋ ਅਮਲੀ ('ਮਦਾਰੀ') ਨਸ਼ਾ ਕਰ ਕੇ (ਘੁੰਮ ਰਿਹਾ ਹੋਵੇ)।

ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿਚਿ ॥

ਅਣਗਿਣਤ (ਦੈਂਤ) ਪੈਰ ਪਸਾਰੇ ਹੋਇਆਂ ਜੰਗ ਦੇ ਮੈਦਾਨ ਵਿਚ ਰੁਲ ਰਹੇ ਸਨ।

ਜਾਪੇ ਖੇਡ ਖਿਡਾਰੀ ਸੁਤੇ ਫਾਗ ਨੂੰ ॥੩੪॥

(ਇੰਜ) ਪ੍ਰਤੀਤ ਹੁੰਦਾ ਹੈ ਕਿ ਖਿਡਾਰੀ ਹੋਲੀ ਖੇਡ ਕੇ ਸੁਤੇ ਪਏ ਹੋਣ ॥੩੪॥

ਸ੍ਰਣਵਤ ਬੀਜ ਹਕਾਰੇ ਰਹਿੰਦੇ ਸੂਰਮੇ ॥

ਰਕਤ-ਬੀਜ ਨੇ ਬਾਕੀ ਬਚੇ ਸੂਰਮਿਆਂ ਨੂੰ ਬੁਲਾ ਲਿਆ।

ਜੋਧੇ ਜੇਡ ਮੁਨਾਰੇ ਦਿਸਨ ਖੇਤ ਵਿਚਿ ॥

ਰਣ-ਭੂਮੀ ਵਿਚ ਮੁਨਾਰਿਆਂ ਵਰਗੇ ਯੋਧਿਆਂ ਨੇ

ਸਭਨੀ ਦਸਤ ਉਭਾਰੇ ਤੇਗਾਂ ਧੂਹਿ ਕੈ ॥

ਤਲਵਾਰਾਂ ਖਿਚ ਕੇ ਹੱਥਾਂ (ਬਾਂਹਵਾਂ) ਨੂੰ ਉਲਾਰ ਲਿਆ।

ਮਾਰੋ ਮਾਰ ਪੁਕਾਰੇ ਆਏ ਸਾਹਮਣੇ ॥

(ਉਹ ਸਾਰੇ) ਮਾਰੋ-ਮਾਰੋ ਕਹਿੰਦੇ ਦੇਵੀ ਦੇ ਸਾਹਮਣੇ ਆਣ (ਡਟੇ)।

ਸੰਜਾਤੇ ਠਣਿਕਾਰੇ ਤੇਗੀਂ ਉਬਰੇ ॥

ਉਲਰੀਆਂ ਹੋਈਆਂ ਤਲਵਾਰਾ ਕਵਚਾ (ਉਪਰ ਵਜਣ ਤੇ ਇੰਜ) ਠਣਕਾਰ (ਦੀ ਧੁਨੀ) ਕਰ ਰਹੀਆਂ ਸਨ

ਘਾੜ ਘੜਨਿ ਠਠਿਆਰੇ ਜਾਣਿ ਬਣਾਇ ਕੈ ॥੩੫॥

ਮਾਨੋ ਠਠਿਆਰ ਭਾਂਡੇ ਬਣਾਉਣ ਦੀ ਕ੍ਰਿਆ ਕਰ ਰਹੇ ਹੋਣ ॥੩੫॥

ਸਟ ਪਈ ਜਮਧਾਣੀ ਦਲਾਂ ਮੁਕਾਬਲਾ ॥

ਦੂਹਰੇ ਧੌਂਸਿਆਂ ਉਪਰ ਸਟ ਪਈ ਅਤੇ ਫੌਜਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।

ਘੂਮਰ ਬਰਗ ਸਤਾਣੀ ਦਲ ਵਿਚਿ ਘਤੀਓ ॥

(ਦੇਵੀ ਨੇ ਦੈਂਤਾਂ ਦੇ) ਦਲ ਵਿਚ (ਅਜਿਹੀ) ਉਧੜ-ਧੁੰਮੀ ('ਘੁਮਰ') ਮਚਾਈ (ਕਿ) ਭਾਜੜਾਂ ('ਬਰਗਸਤਾਣੀ') ਪੈ ਗਈਆਂ।

ਸਣੇ ਤੁਰਾ ਪਲਾਣੀ ਡਿਗਣ ਸੂਰਮੇ ॥

(ਯੁੱਧ-ਭੂਮੀ) ਵਿਚ ਸੂਰਮੇ ਘੋੜਿਆਂ ਅਤੇ ਪਲਾਣਿਆਂ (ਲੋਹੇ ਦੀਆਂ ਝੁਲਾਂ) ਸਹਿਤ ਡਿਗ ਰਹੇ ਸਨ।