ਚੰਡੀ ਦੀ ਵਾਰ

(ਅੰਗ: 13)


ਉਠਿ ਉਠਿ ਮੰਗਣਿ ਪਾਣੀ ਘਾਇਲ ਘੂਮਦੇ ॥

ਘਾਇਲ ਹੋਏ ਘੁੰਮਦੇ ਫਿਰਦੇ ਸੂਰਮੇ ਉਠ ਉਠ ਕੇ ਪਾਣੀ ਮੰਗ ਰਹੇ ਸਨ।

ਏਵਡੁ ਮਾਰਿ ਵਿਹਾਣੀ ਉਪਰ ਰਾਕਸਾਂ ॥

ਰਾਖਸ਼ਾਂ ਉਤੇ ਇਤਨੀ ਮਾਰ ਪਈ

ਬਿਜਲ ਜਿਉ ਝਰਲਾਣੀ ਉਠੀ ਦੇਵਤਾ ॥੩੬॥

ਜਿਵੇਂ ਦੇਵੀ ਬਿਜਲੀ ਬਣ ਕੇ (ਦੈਂਤਾ ਦੇ ਦਲ ਉਤੇ) ਕੜਕ ਕੇ ਡਿਗੀ ਹੈ ॥੩੬॥

ਪਉੜੀ ॥

ਪਉੜੀ:

ਚੋਬੀ ਧਉਸ ਉਭਾਰੀ ਦਲਾਂ ਮੁਕਾਬਲਾ ॥

ਨਗਾਰਚੀ ਨੇ ਨਗਾਰਾ ਗੁੰਜਾਇਆ ('ਉਭਾਰੀ') ਅਤੇ ਫ਼ੌਜਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।

ਸਭੋ ਸੈਨਾ ਮਾਰੀ ਪਲ ਵਿਚਿ ਦਾਨਵੀ ॥

ਪਲ ਵਿਚ ਦੈਂਤਾਂ ਦੀ ਸਾਰੀ ਸੈਨਾ ਮਾਰੀ ਗਈ।

ਦੁਰਗਾ ਦਾਨੋ ਮਾਰੇ ਰੋਹ ਬਢਾਇ ਕੈ ॥

ਦੁਰਗਾ ਨੇ ਰੋਹ ਵਧਾ ਕੇ ਦੈਂਤਾਂ ਨੂੰ ਮਾਰਿਆ (ਅਤੇ ਆਖੀਰ ਵਿਚ)

ਸਿਰ ਵਿਚ ਤੇਗ ਵਗਾਈ ਸ੍ਰਣਵਤ ਬੀਜ ਦੇ ॥੩੭॥

ਰਕਤ-ਬੀਜ ਦੇ ਸਿਰ ਵਿਚ ਵੀ ਤਲਵਾਰ ਦੇ ਮਾਰੀ ॥੩੭॥

ਅਗਣਤ ਦਾਨੋ ਭਾਰੇ ਹੋਏ ਲੋਹੂਆ ॥

ਅਣਗਿਣਤ ਵਡੇ ਦੈਂਤ ਲਹੂ-ਲੁਹਾਨ ਹੋ ਗਏ।

ਜੋਧੇ ਜੇਡ ਮੁਨਾਰੇ ਅੰਦਰਿ ਖੇਤ ਦੈ ॥

ਰਣ-ਖੇਤਰ ਵਿਚ ਯੋਧੇ ਮੁਨਾਰਿਆਂ ਜੇਡੇ (ਦਿਸ ਪੈਂਦੇ ਸਨ)।

ਦੁਰਗਾ ਨੋ ਲਲਕਾਰੇ ਆਵਣ ਸਾਹਮਣੇ ॥

(ਉਹ) ਸਾਹਮਣੇ ਆ ਕੇ ਦੁਰਗਾ ਨੂੰ ਲਲਕਾਰਦੇ ਸਨ।

ਦੁਰਗਾ ਸਭ ਸੰਘਾਰੇ ਰਾਕਸ ਆਂਵਦੇ ॥

(ਇਸ ਤਰ੍ਹਾਂ) ਆਉਂਦੇ ਹੋਏ ਸਾਰਿਆਂ ਰਾਖਸ਼ਾਂ ਨੂੰ ਦੁਰਗਾ ਨੇ ਮਾਰ ਦਿੱਤਾ।

ਰਤੂ ਦੇ ਪਰਨਾਲੇ ਤਿਨ ਤੇ ਭੁਇ ਪਏ ॥

ਉਨ੍ਹਾਂ ਦੇ (ਸ਼ਰੀਰਾਂ ਵਿਚੋਂ ਨਿਕਲਦੇ) ਲਹੂ ਦੇ ਪਰਨਾਲੇ ਧਰਤੀ ਉਤੇ ਪੈ ਰਹੇ ਸਨ

ਉਠੇ ਕਾਰਣਿਆਰੇ ਰਾਕਸ ਹੜਹੜਾਇ ॥੩੮॥

(ਅਤੇ ਉਨ੍ਹਾਂ ਦੇ ਲਹੂ ਵਿਚੋਂ ਹੋਰ) ਲੜਾਕੂ ਰਾਖਸ਼ ਠਾਹ ਠਾਹ ਹਸਦੇ ਹੋਏ ਉਠ ਰਹੇ ਸਨ ॥੩੮॥

ਧਗਾ ਸੰਗਲੀਆਲੀ ਸੰਘਰ ਵਾਇਆ ॥

ਸੰਗਲਾਂ ਨਾਲ ਬੰਨ੍ਹੇ ਨਗਾਰਿਆਂ ਤੋਂ ਜੰਗ ਦਾ ਨਾਦ ਨਿਕਲਿਆ।

ਬਰਛੀ ਬੰਬਲੀਆਲੀ ਸੂਰੇ ਸੰਘਰੇ ॥

ਫੁੰਮਣਾਂ ਵਾਲੀਆਂ ਬਰਛੀਆਂ ਲੈ ਕੇ ਸੂਰਮੇ ਯੁੱਧ ਕਰਨ ਲਗੇ।

ਭੇੜਿ ਮਚਿਆ ਬੀਰਾਲੀ ਦੁਰਗਾ ਦਾਨਵੀਂ ॥

ਦੇਵੀ ਅਤੇ ਦੈਂਤਾਂ ਵਿਚਾਲੇ ਬਹਾਦਰੀ ('ਬੀਰਾਲੀ') ਵਾਲਾ ਯੁੱਧ ਮਚਿਆ ਹੋਇਆ ਸੀ।

ਮਾਰ ਮਚੀ ਮੁਹਰਾਲੀ ਅੰਦਰਿ ਖੇਤ ਦੈ ॥

ਯੁੱਧ-ਭੂਮੀ ਵਿਚ ਅਤਿ ਅਧਿਕ ਮਾਰ ਮਚੀ ਹੋਈ ਸੀ,

ਜਣ ਨਟ ਲਥੇ ਛਾਲੀ ਢੋਲਿ ਬਜਾਇ ਕੈ ॥

ਮਾਨੋ (ਸੂਰਮੇ) ਨਟਾਂ ਵਾਂਗ ਢੋਲ ਵਜਾ ਕੇ ਛਾਲਾਂ ਮਾਰ ਰਹੇ ਹੋਣ।

ਲੋਹੂ ਫਾਥੀ ਜਾਲੀ ਲੋਥੀ ਜਮਧੜੀ ॥

ਲੋਥਾਂ ਵਿਚ ਕਟਾਰਾਂ (ਜਮਧੜ) ਖੁਭੀਆਂ ਹੋਈਆਂ ਇੰਜ ਪ੍ਰਤੀਤ ਹੋ ਰਹੀਆਂ ਹਨ ਜਿਵੇਂ ਲਾਲ ਰੰਗ ਦੀ ਮੱਛਲੀ ਜਾਲੀ ਵਿਚ ਫਸੀ ਹੋਵੇ।