ਚੰਡੀ ਦੀ ਵਾਰ

(ਅੰਗ: 14)


ਘਣ ਵਿਚਿ ਜਿਉ ਛੰਛਾਲੀ ਤੇਗਾਂ ਹਸੀਆਂ ॥

ਤਲਵਾਰਾਂ (ਇਉਂ) ਚਮਕ ਰਹੀਆਂ ਸਨ ਜਿਵੇਂ ਬਦਲਾਂ ਵਿਚ ਬਿਜਲੀ (ਲਿਸ਼ਕਦੀ ਹੈ)। (ਜਾਂ ਫਿਰ ਯੁੱਧ-ਭੂਮੀ ਵਿਚ ਵੀਰਾਂ ਦੀਆਂ) ਤਲਵਾਰਾਂ (ਇਸ ਤਰ੍ਹਾਂ) ਸੋਭ ਰਹੀਆਂ ਸਨ

ਘੁਮਰਆਰ ਸਿਆਲੀ ਬਣੀਆਂ ਕੇਜਮਾਂ ॥੩੯॥

(ਜਿਵੇਂ) ਸਿਆਲ ਦੀ ਰੁਤ ਵਿਚ (ਆਕਾਸ਼ ਵਿਚ) ਧੁੰਧ (ਘੁੰਮਰ ਆਰਿ) ਪਸਰੀ ਹੋਈ ਹੈ ॥੩੯॥

ਧਗਾ ਸੂਲੀ ਬਜਾਈਆਂ ਦਲਾਂ ਮੁਕਾਬਲਾ ॥

ਡੱਗੇ ਨਾਲ ਨਗਾਰਾ ਵਜਾਇਆ ਗਿਆ ਅਤੇ ਦਲਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ।

ਧੂਹਿ ਮਿਆਨੋ ਲਈਆਂ ਜੁਆਨੀ ਸੂਰਮੀ ॥

ਬਲਵਾਨ ਸੂਰਮਿਆਂ ਨੇ (ਤਲਵਾਰਾਂ) ਮਿਆਨਾਂ ਵਿਚੋਂ ਖਿਚ ਲਈਆਂ।

ਸ੍ਰਣਵਤ ਬੀਜ ਬਧਾਈਆਂ ਅਗਣਤ ਸੂਰਤਾਂ ॥

ਰਕਤ-ਬੀਜ ਨੇ (ਆਪਣੀਆਂ) ਅਣਗਿਣਤ ਸੂਰਤਾਂ ਵਧਾ ਲਈਆਂ।

ਦੁਰਗਾ ਸਉਹੇਂ ਆਈਆਂ ਰੋਹ ਬਢਾਇ ਕੈ ॥

(ਉਹ ਸਾਰੀਆਂ ਸੂਰਤਾਂ) ਗੁੱਸਾ ਵਧਾ ਕੇ ਦੁਰਗਾ ਦੇ ਸਾਹਮਣੇ ਆ ਰਹੀਆਂ ਸਨ।

ਸਭਨੀ ਆਣ ਵਗਾਈਆਂ ਤੇਗਾਂ ਧੂਹ ਕੈ ॥

(ਉਨ੍ਹਾਂ) ਸਾਰੀਆਂ ਨੇ ਤਲਵਾਰਾਂ ਖਿਚ ਕੇ (ਦੇਵੀ ਉਤੇ) ਚਲਾ ਦਿੱਤੀਆਂ।

ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ॥

ਦੁਰਗਾ ਨੇ ਢਾਲ ਲੈ ਕੇ ਸਭ ਤੋਂ (ਆਪਣੇ ਆਪ ਨੂੰ) ਬਚਾ ਲਿਆ।

ਦੇਵੀ ਆਪ ਚਲਾਈਆਂ ਤਕਿ ਤਕਿ ਦਾਨਵੀ ॥

(ਫਿਰ) ਦੇਵੀ ਨੇ (ਦੈਂਤ-ਸੂਰਤਾਂ ਨੂੰ) ਵੇਖ ਵੇਖ ਕੇ (ਤਲਵਾਰਾਂ) ਚਲਾਈਆਂ।

ਲੋਹੂ ਨਾਲਿ ਡੁਬਾਈਆਂ ਤੇਗਾਂ ਨੰਗੀਆਂ ॥

(ਉਸ ਨੇ ਦੈਂਤਾਂ ਦੇ) ਲਹੂ ਨਾਲ ਨੰਗੀਆਂ ਤਲਵਾਰਾਂ ਭਿਉਂ ਲਈਆਂ।

ਸਾਰਸੁਤੀ ਜਨੁ ਨਾਈਆਂ ਮਿਲ ਕੈ ਦੇਵੀਆਂ ॥

(ਇਉਂ ਪ੍ਰਤੀਤ ਹੁੰਦਾ ਹੈ) ਮਾਨੋ ਦੇਵੀਆਂ ਨੇ ਮਿਲ ਕੇ ਸਰਸਵਤੀ ਨਦੀ ਵਿਚ ਇਸ਼ਨਾਨ ਕੀਤਾ ਹੋਵੇ।

ਸਭੇ ਮਾਰ ਗਿਰਾਈਆਂ ਅੰਦਰਿ ਖੇਤ ਦੈ ॥

(ਦੇਵੀ ਨੇ ਰਕਤਬੀਜ ਦੀਆਂ ਸਾਰੀਆਂ ਸੂਰਤਾਂ ਨੂੰ) ਯੁੱਧ-ਭੂਮੀ ਵਿਚ ਮਾਰ ਕੇ ਡਿਗਾ ਦਿੱਤਾ ਹੈ।

ਤਿਦੂੰ ਫੇਰਿ ਸਵਾਈਆਂ ਹੋਈਆਂ ਸੂਰਤਾਂ ॥੪੦॥

(ਪਰ ਰਕਤ-ਬੀਜ ਦੀਆਂ ਸੂਰਤਾਂ) ਅਗੇ ਨਾਲੋਂ ਵੀ ਸਵਾਈਆਂ ਹੋ ਗਈਆਂ ॥੪੦॥

ਪਉੜੀ ॥

ਪਉੜੀ:

ਸੂਰੀ ਸੰਘਰਿ ਰਚਿਆ ਢੋਲ ਸੰਖ ਨਗਾਰੇ ਵਾਇ ਕੈ ॥

ਸੂਰਵੀਰਾਂ ਨੇ ਢੋਲ, ਸੰਖ ਅਤੇ ਨਗਾਰੇ ਵਜਾ ਕੇ ਯੁੱਧ ਸ਼ੁਰੂ ਕਰ ਦਿੱਤਾ ਹੈ।

ਚੰਡ ਚਿਤਾਰੀ ਕਾਲਕਾ ਮਨ ਬਾਹਲਾ ਰੋਸ ਬਢਾਇ ਕੈ ॥

ਚੰਡੀ ਨੇ (ਆਪਣੇ) ਮਨ ਵਿਚ ਬਹਤੁ ਰੋਹ ਵਧਾ ਕੇ ਕਾਲਕਾ ਦਾ ਧਿਆਨ ਕੀਤਾ।

ਨਿਕਲੀ ਮਥਾ ਫੋੜਿ ਕੈ ਜਨ ਫਤੇ ਨੀਸਾਣ ਬਜਾਇ ਕੈ ॥

(ਚੰਡੀ ਦਾ) ਮੱਥਾ ਫੋੜ ਕੇ (ਕਾਲਕਾ ਉਸ ਵਿਚੋਂ ਇਉਂ) ਨਿਕਲੀ ਮਾਨੋ ਜਿਤ ਦਾ ਧੌਂਸਾ ਵਜਾ ਕੇ ਨਿਕਲੀ ਹੋਵੇ।

ਜਾਗ ਸੁ ਜੰਮੀ ਜੁਧ ਨੂੰ ਜਰਵਾਣਾ ਜਣ ਮਰੜਾਇ ਕੈ ॥

ਅਗਨੀ ('ਜਾਗਿ') ਰੂਪੀ ਕਾਲਕਾ ਯੁੱਧ ਕਰਨ ਲਈ ਚਲ ਪਈ ਮਾਨੋ ਸ਼ਿਵ (ਮਰੜਾਇ) ਤੋਂ ਵੀਰ ਭਦ੍ਰ (ਪੈਦਾ ਹੋਇਆ ਹੋਵੇ)।

ਦਲ ਵਿਚਿ ਘੇਰਾ ਘਤਿਆ ਜਣ ਸੀਂਹ ਤੁਰਿਆ ਗਣਿਣਾਇ ਕੈ ॥

(ਕਾਲਕਾ ਨੇ) ਰਣ ਵਿਚ ਅਜਿਹਾ ਘੇਰਾ ਪਾ ਦਿੱਤਾ (ਜਾਂ ਰੌਲਾ ਪਾ ਦਿੱਤਾ ਹੈ) ਮਾਨੋ ਸ਼ੇਰ ਗਰਜਦਾ ਹੋਵੇ।

ਆਪ ਵਿਸੂਲਾ ਹੋਇਆ ਤਿਹੁ ਲੋਕਾਂ ਤੇ ਖੁਨਸਾਇ ਕੈ ॥

ਤਿੰਨਾਂ ਲੋਕਾਂ ਉਤੇ ਖਿਝ ਕੇ ਆਪ ਬਹੁਤ ਕ੍ਰੋਧਵਾਨ ਹੋ ਗਿਆ।