(ਦੁਰਗਾ ਅਤੇ ਕਾਲਕਾ) ਹੱਥ ਵਿਚ ਚਕਰ ਅਤੇ ਨੰਦਗ ਨਾਂ ਦੀ ਤਲਵਾਰ ਚੁਕ ਕੇ ਗੁੱਸੇ ਨਾਲ ਭਰੀਆਂ ਚਲ ਪਈਆਂ।
ਅਗੇ ਕ੍ਰੋਧਵਾਨ ਰਾਖਸ਼ ਤੀਰਾਂ ਅਤੇ ਤਲਵਾਰਾਂ ਦੀ ਝੜੀ ਲਾਈ ਬੈਠੇ ਸਨ।
ਦੈਂਤਾਂ ਦੇ ਦਲ ਦੇ ਅੰਦਰ ਜਾ ਕੇ (ਦੁਰਗਾ ਅਤੇ ਕਾਲਕਾ ਨੇ) ਰਾਖਸ਼ਾਂ ਨੂੰ ਪਕੜ ਕੇ ਪਛਾੜ ਸੁਟਿਆ।
ਬਹੁਤਿਆਂ ਨੂੰ ਵਾਲਾਂ ਤੋਂ ਪਕੜ ਕੇ ਪਟਕਾ ਸੁਟਿਆ ਅਤੇ ਉਨ੍ਹਾਂ (ਦੇ ਦਲ ਵਿਚ) ਊਧਮ ਮਚਾ ਦਿੱਤਾ।
ਵੱਡੇ ਵੱਡੇ ਸੂਰਮਿਆਂ ਨੂੰ ਚੁਣ ਕੇ ਅਤੇ ਕਰੋੜਾਂ ਨੂੰ ਪਕੜ ਕੇ ਦੂਰ ਸੁਟ ਦਿੱਤਾ।
ਰਣਭੂਮੀ ਵਿਚ ਗੁੱਸਾ ਖਾ ਕੇ (ਕਾਲਕਾ ਨੇ ਅਜਿਹਾ ਕੁਝ ਕੀਤਾ) ॥੪੧॥
ਪਉੜੀ:
(ਸੂਰਮਿਆਂ ਦੀਆਂ) ਦੋਵੇਂ ਕਤਾਰਾਂ ਆਹਮੋ ਸਾਹਮਣੇ ਡਟ ਗਈਆਂ ਸਨ ਅਤੇ ਤਿਖੀਆਂ ਬਰਛੀਆਂ ਵਿਚੋਂ ਲਹੂ ਚੋ ਰਿਹਾ ਸੀ।
(ਸੂਰਮਿਆਂ ਨੇ) ਤੇਜ਼ ਤਲਵਾਰਾਂ ਖਿਚ ਕੇ ਲਹੂ ਨਾਲ ਧੋਈਆਂ ਸਨ।
(ਇੰਜ ਪ੍ਰਤੀਤ ਹੁੰਦਾ ਹੈ ਕਿ) ਹੂਰਾਂ ਰਕਤ-ਬੀਜ ਨੂੰ ਘੇਰ ਕੇ ਖਲੋ ਗਈਆਂ ਹਨ,
(ਜਿਵੇਂ) ਲਾੜੇ ਨੂੰ ਵੇਖਣ ਲਈ ਸੁੰਦਰੀਆਂ ਚੌਹਾਂ ਪਾਸੇ ਹੋ ਗਈਆਂ ਹੋਣ ॥੪੨॥
ਨਗਾਰਚੀ ਨੇ ਧੌਂਸੇ (ਉਤੇ ਚੋਟ ਮਾਰੀ ਅਤੇ) ਦੋਹਾਂ ਦਲਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ।
(ਸੂਰਵੀਰਾਂ ਨੇ) ਹੱਥਾਂ ਵਿਚ ਤਿਖੀਆਂ ਤਲਵਾਰਾਂ ਖਿਚ ਕੇ ਨੰਗੀਆਂ ਨਚਾਈਆਂ
ਅਤੇ ਮਾਸ (ਨੂੰ ਖਾਣ ਲਈ) ਗਿਝੀਆਂ ਹੋਈਆਂ ਨੂੰ ਸੂਰਮਿਆਂ ਦੇ ਸ਼ਰੀਰਾਂ ਵਿਚ ਲਗਾ ਦਿੱਤਾ।
ਮਰਦਾਂ ਅਤੇ ਘੋੜਿਆਂ ਨੂੰ ਦੁਖਦਾਇਕ ਰਾਤਾਂ ਆ ਗਈਆਂ।
ਜੋਗਣਾਂ ਮਿਲ ਕੇ ਭਜੀਆਂ ਆ ਰਹੀਆਂ ਸਨ ਕਿਉਂਕਿ (ਉਨ੍ਹਾਂ ਨੇ) ਲਹੂ ਪੀਣਾ ਸੀ।
ਦੇਵੀ ਨੇ ਦੈਂਤਾਂ ਦੀਆਂ ਫ਼ੌਜਾਂ ਮਾਰ ਕੇ ਹਟਾ ਦਿੱਤੀਆਂ ਸਨ।
(ਉਨ੍ਹਾਂ ਨੇ) ਭਜ ਕੇ ਰਾਜੇ ਸ਼ੁੰਭ ਨੂੰ ਸਾਰੀਆਂ ਗੱਲਾਂ ਦਸੀਆਂ ਸਨ
(ਕਿ ਕਾਲਕਾ ਨੇ ਰਕਤ-ਬੀਜ ਦੇ) ਲਹੂ ਦੀਆਂ ਬੂੰਦਾ ਧਰਤੀ ਉਤੇ ਪੈਣ ਹੀ ਨਹੀਂ ਦਿੱਤੀਆਂ।
ਕਾਲਕਾ ਨੇ ਯੁੱਧ-ਭੂਮੀ ਵਿਚ (ਰਕਤ-ਬੀਜ ਦੇ ਲਹੂ ਤੋਂ ਪੈਦਾ ਹੋਈਆਂ) ਸੂਰਤਾਂ ਨਸ਼ਟ ਕਰ ਦਿੱਤੀਆਂ।