ਬਹੁਤਿਆਂ ਦੇ ਸਿਰ ਤੇ ਕਾਲ ਦੀ ਘੜੀਆਂ ਬੀਤੀਆਂ ਸਨ।
(ਇਤਨੇ ਸੂਰਮੇ ਮਾਰੇ ਗਏ ਹਨ ਕਿ) ਲਗਦਾ ਹੈ (ਉਨ੍ਹਾਂ ਨੂੰ) ਮਾਂਵਾਂ ਨੇ ਜੰਮਿਆ ਹੀ ਨਹੀਂ ਸੀ ॥੪੩॥
ਸ਼ੁੰਭ ਨੇ ਰਕਤ-ਬੀਜ ਦੀ ਮਾੜੀ ਖ਼ਬਰ ਸੁਣੀ।
(ਇਹ ਵੀ ਸੁਣਿਆ ਕਿ) ਰਣਭੂਮੀ ਵਿਚ ਆਉਂਦੀ ਹੋਈ ਦੁਰਗਾ ਦੀ ਝਾਲ ਕਿਸੇ ਨਾ ਝਲੀ।
(ਉਦੋਂ ਹੀ) ਬਹੁਤ ਜਟਾਧਾਰੀ ਵੀਰ (ਰਾਖਸ਼ ਇਹ) ਕਹਿੰਦੇ ਹੋਏ ਉਠੇ
ਕਿ ਨਗਾਰਿਆਂ ਉਤੇ ਚੋਟਾਂ ਲਾ ਦਿਓ (ਕਿਉਂਕਿ ਉਹ) ਯੁੱਧ ਨੂੰ ਜਾਣਗੇ।
(ਰਾਖਸ਼ਾਂ ਦੇ) ਦਲਾਂ ਦੀ ਚੜ੍ਹਤ ਨਾਲ ਧਰਤੀ ਥਰ-ਥਰ ਕੰਬਣ ਲਗ ਗਈ
ਜਿਵੇਂ ਸ਼ਹੁ ਦਰਿਆ ਵਿਚ ਨੌਕਾ ਹਿਲਦੀ ਹੈ।
ਘੋੜਿਆਂ ਦੇ ਖੁਰਾਂ ਨੇ ਧੂੜ ਉਪਰ ਵਲ ਉਡਾ ਦਿੱਤੀ
ਮਾਨੋ ਧਰਤੀ ਪੁਕਾਰ ਕਰਨ ਲਈ ਇੰਦਰ ਕੋਲ ਚਲੀ ਹੋਵੇ ॥੪੪॥
ਪਉੜੀ:
ਉਦਮੀਆਂ ਨੂੰ ਰੁਝੇਵਾ ਮਿਲ ਗਿਆ ਅਤੇ ਸੂਰਮਿਆਂ ਨੇ ਸੈਨਾ ਸਜਾ ਲਈ।
(ਉਹ) ਦੁਰਗਾ ਦੇ ਸਾਹਮਣੇ ਇਸ ਤਰ੍ਹਾਂ ਚਲੇ ਸਨ ਮਾਨੋ ਹਾਜੀ ਕਾਬੇ (ਵਲ ਜਾਂਦੇ ਹੋਣ)।
ਤੀਰਾਂ, ਤਲਵਾਰਾਂ ਅਤੇ ਕਟਾਰਾਂ ('ਜਮਧੜੀ') ਦੀ ਰਣ ਵਿਚ ਭਾਜੀ ਵੰਡੀ ਗਈ।
ਇਕ ਜ਼ਖਮੀ ਹੋਏ ਸੂਰਮੇ (ਰਣ ਵਿਚ ਇਉਂ) ਘੁੰਮ ਰਹੇ ਸਨ ਮਾਨੋ ਮਦਰਸੇ ਵਿਚ ਕਾਜ਼ੀ (ਕੁਰਾਨ ਪੜ੍ਹਾਉਂਦਾ ਘੁੰਮ ਰਿਹਾ ਹੋਵੇ)।
ਇਕ ਵੀਰ ਯੋਧੇ ਬਰਛੀਆਂ ਨਾਲ ਪਰੁਚੇ (ਇਉਂ ਅਗੇ ਨੂੰ ਝੁਕੇ ਹੋਏ ਸਨ) ਜਿਵੇਂ ਨਮਾਜ਼ੀ (ਨਮਾਜ਼ ਪੜ੍ਹਨ ਵੇਲੇ) ਝੁਕਦੇ ਹਨ।
ਇਕ (ਸੂਰਮੇ) ਕ੍ਰੋਧਵਾਨ ਹੋ ਕੇ ਘੋੜੇ ਨੂੰ ਚਮਕਾ ਦੇ ਦੁਰਗਾ ਦੇ ਸਾਹਮਣੇ ਜਾਂਦੇ ਸਨ,
ਇਕ ਦੁਰਗਾ ਦੇ ਸਾਹਮਣੇ ਇਸ ਤਰ੍ਹਾਂ ਧਾ ਕੇ ਜਾਂਦੇ ਹਨ, ਜਿਵੇਂ ਭੁਖੇ ਪਾਜੀ ਹਨ।
(ਉਹ ਯੋਧੇ) ਕਦੇ ਵੀ ਯੁੱਧ ਕਰਕੇ ਰਜਦੇ ਨਹੀਂ ਸਨ ਅਤੇ ਨਾ ਹੀ ਖੁਸ਼ ਹੁੰਦੇ ਸਨ ॥੪੫॥
ਸੰਗਲਾਂ ਵਾਲੇ ਦੂਹਰੇ ਨਗਾਰੇ ('ਸੰਘਰਿ') ਵਜ ਰਹੇ ਸਨ।