ਚੰਡੀ ਦੀ ਵਾਰ

(ਅੰਗ: 17)


ਡਹੇ ਜੁ ਖੇਤ ਜਟਾਲੇ ਹਾਠਾਂ ਜੋੜਿ ਕੈ ॥

ਜਟਾਧਾਰੀ ਯੋਧੇ ਕਤਾਰਾਂ ਬੰਨ੍ਹ ਕੇ ਯੁੱਧ ਵਿਚ ਜੁਟ ਗਏ ਸਨ।

ਨੇਜੇ ਬੰਬਲੀਆਲੇ ਦਿਸਨ ਓਰੜੇ ॥

ਫੁੰਮਣਾਂ ਵਾਲੇ ਨੇਜ਼ੇ (ਇਉਂ) ਉਲਰੇ ਹੋਏ ਦਿਸ ਰਹੇ ਸਨ

ਚਲੇ ਜਾਣ ਜਟਾਲੇ ਨਾਵਣ ਗੰਗ ਨੂੰ ॥੪੬॥

ਮਾਨੋ ਸਾਧੂ ਲੋਕ ('ਜਟਾਲੇ') ਗੰਗਾ ਨਹਾਉਣ ਨੂੰ ਚਲੇ ਹੋਣ ॥੪੬॥

ਪਉੜੀ ॥

ਪਉੜੀ:

ਦੁਰਗਾ ਅਤੈ ਦਾਨਵੀ ਸੂਲ ਹੋਈਆਂ ਕੰਗਾਂ ॥

ਦੁਰਗਾ ਅਤੇ ਦੈਂਤਾਂ ਦੇ ਦਲ (ਇਕ ਦੂਜੇ ਦੇ ਸਾਹਮਣੇ) ਡਟ ਗਏ (ਅਰਥਾਤ ਸੂਲ ਵਾਂਗ ਚੁੱਭਣ ਲਗ ਗਏ)।

ਵਾਛੜ ਘਤੀ ਸੂਰਿਆਂ ਵਿਚ ਖੇਤ ਖਤੰਗਾਂ ॥

ਸੂਰਮਿਆਂ ਨੇ ਰਣ-ਭੂਮੀ ਵਿਚ ਤੀਰਾਂ ('ਖਤੰਗਾਂ') ਦੀ ਵਾਛੜ ਲਗਾ ਦਿੱਤੀ।

ਧੂਹਿ ਕ੍ਰਿਪਾਣਾ ਤਿਖੀਆਂ ਬਢ ਲਾਹਨਿ ਅੰਗਾਂ ॥

ਤਿਖੀਆਂ ਤਲਵਾਰਾਂ ਨੂੰ ਖਿਚ ਕੇ ਅੰਗਾਂ ਨੂੰ ਲਗਾਉਂਦੇ ਸਨ ਅਤੇ ਵਢ ਦਿੰਦੇ ਸਨ।

ਪਹਲਾ ਦਲਾਂ ਮਿਲੰਦਿਆਂ ਭੇੜ ਪਾਇਆ ਨਿਹੰਗਾ ॥੪੭॥

ਫ਼ੌਜਾਂ ਦੇ ਮਿਲਦਿਆਂ ਹੀ ਪਹਿਲਾਂ ਭੇੜ ਬਹੁਤ ਦਲੇਰ ਯੋਧਿਆਂ ('ਨਿਹੰਗਾਂ') ਵਿਚ ਹੋਇਆ ॥੪੭॥

ਪਉੜੀ ॥

ਪਉੜੀ:

ਓਰੜ ਫਉਜਾਂ ਆਈਆਂ ਬੀਰ ਚੜੇ ਕੰਧਾਰੀ ॥

ਫ਼ੌਜਾਂ ਉਲਰ ਕੇ ਆ ਗਈਆਂ ਸਨ ਅਤੇ ਵੀਰ ਯੋਧਿਆਂ ਨੇ ਕਤਾਰਾਂ ਬੰਨ੍ਹ ਕੇ ਚੜ੍ਹਾਈ ਕੀਤੀ ਸੀ।

ਸੜਕ ਮਿਆਨੋ ਕਢੀਆਂ ਤਿਖੀਆਂ ਤਰਵਾਰੀ ॥

(ਉਨ੍ਹਾਂ ਨੇ) ਸੜਕ ਸੜਕ ਕਰਦੀਆਂ ਤਿਖੀਆਂ ਤਲਵਾਰਾਂ ਮਿਆਨਾਂ ਵਿਚੋਂ ਖਿਚ ਲਈਆਂ।

ਕੜਕ ਉਠੇ ਰਣ ਮਚਿਆ ਵਡੇ ਹੰਕਾਰੀ ॥

ਵੱਡੇ ਹੰਕਾਰ ਵਾਲੇ ਸੂਰਮੇ ਕੜਕ ਉਠੇ ਅਤੇ (ਘੋਰ) ਯੁੱਧ ਸ਼ੁਰੂ ਹੋ ਗਿਆ।

ਸਿਰ ਧੜ ਬਾਹਾਂ ਗਨ ਲੇ ਫੁਲ ਜੇਹੈ ਬਾੜੀ ॥

ਸਿਰ, ਧੜ ਅਤੇ ਬਾਂਹਵਾਂ ਦੇ ਟੁਕੜੇ (ਯੁੱਧ-ਭੂਮੀ ਵਿਚ ਇੰਜ ਪਏ ਹਨ) ਜਿਵੇਂ ਬਗੀਚੀ ਵਿਚ ਫੁਲ ਖਿੜੇ ਹੋਏ ਹੋਣ।

ਜਾਪੇ ਕਟੇ ਬਾਢੀਆਂ ਰੁਖ ਚੰਦਨ ਆਰੀ ॥੪੮॥

(ਜਾਂ) ਇੰਜ ਪ੍ਰਤੀਤ ਹੁੰਦਾ ਹੈ ਕਿ ਤ੍ਰਖਾਣਾਂ ਨੇ ਆਰੀਆਂ ਨਾਲ ਚੰਦਨ ਦੇ ਬ੍ਰਿਛ ਕਟ-ਕਟ ਕੇ (ਸੁਟੇ ਹੋਣ) ॥੪੮॥

ਦੁਹਾਂ ਕੰਧਾਰਾਂ ਮੁਹਿ ਜੁੜੇ ਜਾ ਸਟ ਪਈ ਖਰਵਾਰ ਕਉ ॥

ਜਦੋਂ ਵੱਡੇ ਨਗਾਰੇ ('ਖਰਵਾਰ') ਉਤੇ ਸੱਟ ਪਈ ਤਾ ਦੋਹਾਂ ਪਾਸਿਆਂ ਦੀਆਂ ਸੈਨਿਕ) ਟੁਕੜੀਆਂ ਆਹਮੋ ਸਾਹਮਣੇ ਹੋ ਗਈਆਂ।

ਤਕ ਤਕ ਕੈਬਰਿ ਦੁਰਗਸਾਹ ਤਕ ਮਾਰੇ ਭਲੇ ਜੁਝਾਰ ਕਉ ॥

ਦੁਰਗਾ ਨੇ ਤਕ ਤਕ ਕੇ ਚੰਗਿਆਂ ਸੂਰਮਿਆਂ ਨੂੰ ਤੀਰ ਮਾਰੇ।

ਪੈਦਲ ਮਾਰੇ ਹਾਥੀਆਂ ਸੰਗਿ ਰਥ ਗਿਰੇ ਅਸਵਾਰ ਕਉ ॥

ਪੈਦਲਾਂ ਨੂੰ ਮਾਰਿਆ ਅਤੇ ਹਾਥੀਆਂ ਅਤੇ ਰਥਾਂ ਸਮੇਤ (ਉਨ੍ਹਾਂ ਦੇ) ਸਵਾਰਾਂ ਨੂੰ ਮਾਰਿਆ।

ਸੋਹਨ ਸੰਜਾ ਬਾਗੜਾ ਜਣੁ ਲਗੇ ਫੁਲ ਅਨਾਰ ਕਉ ॥

(ਸੂਰਮਿਆਂ ਦੇ) ਕਵਚਾਂ ਵਿਚ (ਤੀਰਾਂ ਦੀਆਂ) ਬਾਗੜਾਂ ਇਉਂ ਸ਼ੋਭ ਰਹੀਆਂ ਹਨ, ਮਾਨੋ ਅਨਾਰ (ਦੇ ਬ੍ਰਿਛ) ਨੂੰ ਫੁਲ ਲਗੇ ਹੋਣ।

ਗੁਸੇ ਆਈ ਕਾਲਕਾ ਹਥਿ ਸਜੇ ਲੈ ਤਰਵਾਰ ਕਉ ॥

ਸਜੇ ਹੱਥ ਵਿਚ ਤਲਵਾਰ ਲੈ ਕੇ ਕਾਲਕਾ ਗੁੱਸੇ ਵਿਚ ਆਈ।

ਏਦੂ ਪਾਰਉ ਓਤ ਪਾਰ ਹਰਨਾਕਸਿ ਕਈ ਹਜਾਰ ਕਉ ॥

(ਦੈਂਤ ਫ਼ੌਜ ਦੇ) ਇਕ ਪਾਸਿਓਂ ਦੂਜੇ ਪਾਸੇ ਵਲ (ਨਿਕਲਦੀ ਗਈ ਅਤੇ) ਹਰਨਾਕਸ਼ ਵਰਗੇ ਕਈ ਹਜ਼ਾਰਾਂ ਰਾਖਸ਼ਾਂ ਨੂੰ ਨਸ਼ਟ ਕਰ ਦਿੱਤਾ।