ਪਉੜੀ:
ਪ੍ਰਚੰਡ ਚੰਡੀ ਨੂੰ ਵੇਖਦਿਆਂ ਹੀ ਰਣ-ਭੂਮੀ ਵਿਚ (ਦੈਂਤਾਂ ਦੇ) ਨਗਾਰੇ ਗੂੰਜਣ ਲਗੇ।
ਕ੍ਰੋਧਵਾਨ ਰਾਖਸ਼ਾਂ ਨੇ ਚੌਹਾਂ ਪਾਸਿਆਂ ਤੋਂ ਦੌੜ ਕੇ ਚੰਡੀ ਨੂੰ ਘੇਰ ਲਿਆ।
(ਰਾਖਸ਼) ਹੱਥਾਂ ਵਿਚ ਤਲਾਵਾਰਾਂ ਲੈ ਕੇ ਰਣ ਵਿਚ ਕਰੜੇ ਹੋ ਕੇ ਲੜ ਰਹੇ ਸਨ।
(ਉਹ) ਜੁਝਾਰੂ ਯੋਧੇ ਕਦੇ ਵੀ ਯੁੱਧ ਤੋਂ ਭਜੇ ਨਹੀਂ ਸਨ।
ਦਿਲ ਵਿਚ (ਅਥਵਾ ਦਲ ਵਿਚ) ਕ੍ਰੋਧ ਵਧਾ ਕੇ 'ਮਾਰੋ' 'ਮਾਰੋ' ਪੁਕਾਰਦੇ ਸਨ।
ਪ੍ਰਚੰਡ ਚੰਡੀ ਨੇ (ਰਾਖਸ਼) ਸੂਰਮਿਆਂ ਨੂੰ ਮਾਰ ਕੇ ਸਥਰ ਲਾਹ ਦਿੱਤੇ ਸਨ,
ਮਾਨੋ ਬਿਜਲੀ ਦੇ ਮਾਰੇ ਹੋਏ ਮੁਨਾਰੇ ਸਿਰ ਭਾਰ (ਡਿਗੇ ਪਏ) ਹੋਣ ॥੯॥
ਪਉੜੀ:
ਧੌਂਸੇ ਉਤੇ ਸਟ ਵਜਦੇ ਸਾਰ ਫ਼ੌਜਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ।
(ਉਸ ਵੇਲੇ) ਦੇਵੀ ਨੇ ਹੱਥ ਵਿਚ ਲੋਹੇ ਦੀ ਸ਼ੇਰਨੀ (ਤਲਵਾਰ) ਨੂੰ ਨਚਾਇਆ
ਅਤੇ ਆਕੀ ਹੋਏ ('ਮਲੰਦੇ') ਮਹਿਖਾਸੁਰ ਦੇ ਪੇਟ ਵਿਚ ਮਾਰ ਦਿੱਤੀ
(ਜੋ) ਗੁਰਦੇ, ਆਂਦਰਾਂ ਅਤੇ ਪਸਲੀਆਂ ('ਰੁਕੜੇ') ਨੂੰ ਖਾਂਦੀ (ਚੀਰਦੀ) ਹੋਈ (ਦੂਜੇ ਪਾਸੇ ਨਿਕਲ ਗਈ)।
(ਉਸ ਨੂੰ ਵੇਖ ਕੇ) ਜਿਹੋ ਜਿਹੀ ਗੱਲ (ਮੇਰੇ) ਦਿਲ ਵਿਚ ਫੁਰੀ (ਉਹੀ) ਸੁਣਾ ਕੇ ਕਹਿੰਦਾ ਹਾਂ,
ਮਾਨੋ ਬੋਦੀ ਵਾਲੇ (ਧੂਮ ਕੇਤੂ) ਤਾਰੇ ਨੇ ਚੋਟੀ ਵਿਖਾਈ ਹੋਵੇ ॥੧੦॥
ਪਉੜੀ:
ਨਗਾਰੇ ਉਤੇ ਸੱਟਾਂ ਵਜਦਿਆਂ ਹੀ ਸੈਨਿਕ ਕਤਾਰਾਂ ('ਅਣੀਆਂ') ਆਪਸ ਵਿਚ ਉਲਝ ਗਈਆਂ।
ਦੇਵਤਿਆਂ ਅਤੇ ਦੈਂਤਾਂ ਨੇ ਤਲਵਾਰਾਂ ਖਿਚ ਲਈਆਂ ਸਨ
ਅਤੇ (ਉਨ੍ਹਾਂ ਨੂੰ) ਯੁੱਧ-ਭੂਮੀ ਵਿਚ ਸੂਰਵੀਰ ਵਾਰੋ ਵਾਰੀ ਚਲਾਉਂਦੇ ਸਨ।
ਲਹੂ ਦੇ ਪਰਨਾਲੇ (ਇੰਜ) ਵਗਦੇ ਸਨ ਜਿਵੇਂ ਗੇਰੂ ਰੰਗਾ ਪਾਣੀ ਡਿਗਦਾ ਹੈ (ਬ+ਆਬ+ਉਤਰਾ)।