ਚੰਡੀ ਦੀ ਵਾਰ

(ਅੰਗ: 3)


ਚਿੰਤਾ ਕਰਹੁ ਨ ਕਾਈ ਦੇਵਾ ਨੂੰ ਆਖਿਆ ॥

ਅਤੇ ਦੇਵਤਿਆਂ ਨੂੰ ਕਿਹਾ ਕਿ (ਤੁਸੀਂ) ਕੋਈ ਚਿੰਤਾ ਨਾ ਕਰੋ।

ਰੋਹ ਹੋਈ ਮਹਾ ਮਾਈ ਰਾਕਸਿ ਮਾਰਣੇ ॥੫॥

ਦੁਰਗਾ ਦੇਵੀ ਰਾਖਸ਼ਾਂ ਨੂੰ ਮਾਰਨ ਲਈ ਕ੍ਰੋਧਵਾਨ ਹੋ ਗਈ ॥੫॥

ਦੋਹਰਾ ॥

ਦੋਹਰਾ:

ਰਾਕਸਿ ਆਏ ਰੋਹਲੇ ਖੇਤ ਭਿੜਨ ਕੇ ਚਾਇ ॥

ਕ੍ਰੋਧਵਾਨ ਰਾਖਸ਼ ਯੁੱਧ ਕਰਨ ਦੀ ਚਾਹ ਨਾਲ ਰਣ-ਭੂਮੀ ਵਿਚ ਆ ਗਏ।

ਲਸਕਨ ਤੇਗਾਂ ਬਰਛੀਆਂ ਸੂਰਜੁ ਨਦਰਿ ਨ ਪਾਇ ॥੬॥

(ਉਨ੍ਹਾਂ ਦੀ ਫੌਜ ਦੀਆਂ) ਤਲਵਾਰਾਂ ਅਤੇ ਬਰਛੀਆਂ (ਇਤਨੀਆਂ) ਲਿਸ਼ਕ ਰਹੀਆਂ ਸਨ ਕਿ ਸੂਰਜ ਵੀ ਨਜ਼ਰ ਨਹੀਂ ਸੀ ਆਉਂਦਾ ॥੬॥

ਪਉੜੀ ॥

ਪਉੜੀ:

ਦੁਹਾਂ ਕੰਧਾਰਾ ਮੁਹਿ ਜੁੜੇ ਢੋਲ ਸੰਖ ਨਗਾਰੇ ਬਜੇ ॥

ਦੋਹਾਂ (ਧਿਰਾਂ ਦੀਆਂ ਮੂਹਰਲੀਆਂ) ਕਤਾਰਾਂ ਆਹਮਣੇ ਸਾਹਮਣੇ ਡੱਟ ਗਈਆਂ ਅਤੇ ਢੋਲ, ਸੰਖ ਤੇ ਨਗਾਰੇ ਵਜਣ ਲਗੇ।

ਰਾਕਸਿ ਆਏ ਰੋਹਲੇ ਤਰਵਾਰੀ ਬਖਤਰ ਸਜੇ ॥

ਰਾਖਸ਼ ਕ੍ਰੋਧ ਨਾਲ ਭਰੇ ਹੋਏ ਅਤੇ ਤਲਵਾਰਾ ਤੇ ਕਵਚਾ ਨਾਲ ਸਜੇ ਹੋਏ (ਯੁੱਧ-ਭੂਮੀ ਵਿਚ) ਆ ਗਏ।

ਜੁਟੇ ਸਉਹੇ ਜੁਧ ਨੂੰ ਇਕ ਜਾਤ ਨ ਜਾਣਨ ਭਜੇ ॥

ਇਕੋ ਤਰ੍ਹਾਂ ('ਜਾਤਿ') ਦੇ (ਸੂਰਮੇ) ਆਹਮੋ-ਸਾਹਮਣੇ ਯੁੱਧ ਵਿਚ ਜੁਟੇ ਹੋਏ ਸਨ, (ਜੋ) ਭਜਣਾ ਨਹੀਂ ਸਨ ਜਾਣਦੇ।

ਖੇਤ ਅੰਦਰਿ ਜੋਧੇ ਗਜੇ ॥੭॥

ਮੈਦਾਨੇ ਜੰਗ ਵਿਚ ਯੋਧੇ ਗੱਜ ਰਹੇ ਸਨ ॥੭॥

ਪਉੜੀ ॥

ਪਉੜੀ:

ਜੰਗ ਮੁਸਾਫਾ ਬਜਿਆ ਰਣ ਘੁਰੇ ਨਗਾਰੇ ਚਾਵਲੇ ॥

ਯੁੱਧ ਦਾ ਘੰਟਾ (ਜੰਗ) ਖੜਕਿਆ ਅਤੇ ਰਣ ਵਿਚ ਚਾਉ ਨੂੰ ਵਧਾਉਣ ਵਾਲੇ ਨਗਾਰੇ ਵੱਜਣ ਲਗ ਗਏ।

ਝੂਲਣ ਨੇਜੇ ਬੈਰਕਾ ਨੀਸਾਣ ਲਸਨਿ ਲਿਸਾਵਲੇ ॥

ਨੇਜ਼ਿਆਂ ਨਾਲ ਬੰਨ੍ਹੀਆਂ ਝੰਡੀਆਂ ਅਥਵਾ ਫੁੰਮਣ ਝੂਲਣ ਲਗੇ ਸਨ ਅਤੇ ਚਮਕੀਲੇ ਨਿਸ਼ਾਨ (ਝੰਡੇ) ਲਿਸ਼ਕਾਂ ਮਾਰਦੇ ਸਨ।

ਢੋਲ ਨਗਾਰੇ ਪਉਣ ਦੇ ਊਂਘਨ ਜਾਣ ਜਟਾਵਲੇ ॥

ਢੋਲ ਅਤੇ ਨਗਾਰੇ ਗੂੰਜਦੇ (ਪਉਣਦੇ) ਸਨ; (ਇੰਜ ਪ੍ਰਤੀਤ ਹੁੰਦਾ ਸੀ) ਮਾਨੋਂ ਬਬਰ ਸ਼ੇਰ ('ਜਟਾਵਲੇ') ਬੁਕ ਰਹੇ ਹੋਣ।

ਦੁਰਗਾ ਦਾਨੋ ਡਹੇ ਰਣ ਨਾਦ ਵਜਨ ਖੇਤੁ ਭੀਹਾਵਲੇ ॥

ਦੁਰਗਾ ਅਤੇ ਦੈਂਤ ਯੁੱਧ ਵਿਚ ਜੁਟ ਗਏ ਸਨ ਅਤੇ ਰਣ-ਭੂਮੀ ਵਿਚ ਭਿਆਨਕ ਧੌਂਸੇ (ਨਾਦ) ਵੱਜ ਰਹੇ ਸਨ।

ਬੀਰ ਪਰੋਤੇ ਬਰਛੀਏਂ ਜਣ ਡਾਲ ਚਮੁਟੇ ਆਵਲੇ ॥

(ਯੁੱਧ ਵਿਚ) ਵੀਰ-ਯੋਧੇ ਬਰਛੀਆਂ ਨਾਲ ਇੰਜ ਪਰੁਚੇ ਹੋਏ ਸਨ ਮਾਨੋ ਡਾਲੀ ਨਾਲ ਆਂਵਲੇ ਚਮੁਟੇ ਹੋਏ ਹੋਣ।

ਇਕ ਵਢੇ ਤੇਗੀ ਤੜਫੀਅਨ ਮਦ ਪੀਤੇ ਲੋਟਨਿ ਬਾਵਲੇ ॥

ਇਕ ਤਲਵਾਰ ਨਾਲ ਵੱਢੇ ਹੋਏ (ਧਰਤੀ ਉਤੇ ਇਸ ਤਰ੍ਹਾਂ) ਤੜਫ ਰਹੇ ਸਨ, ਮਾਨੋ ਸ਼ਰਾਬ ਪੀ ਕੇ ਮਤਵਾਲੇ ਵਾਂਗ ਲੋਟ-ਪੋਟ ਹੋ ਰਹੇ ਹੋਣ।

ਇਕ ਚੁਣ ਚੁਣ ਝਾੜਉ ਕਢੀਅਨ ਰੇਤ ਵਿਚੋਂ ਸੁਇਨਾ ਡਾਵਲੇ ॥

ਇਕਨਾਂ ਨੂੰ ਝਾੜੀਆਂ ਵਿਚੋਂ ਚੁਣ-ਚੁਣ ਕੇ (ਇੰਜ) ਕਢਿਆ ਜਾ ਰਿਹਾ ਸੀ (ਜਿਵੇਂ) ਰੇਤ ਵਿਚ ਨਿਆਰੀਏ ਸੋਨਾ ਕਢਦੇ ਹਨ।

ਗਦਾ ਤ੍ਰਿਸੂਲਾਂ ਬਰਛੀਆਂ ਤੀਰ ਵਗਨ ਖਰੇ ਉਤਾਵਲੇ ॥

ਗਦਾ, ਤ੍ਰਿਸ਼ੂਲ, ਤੀਰ, ਬਰਛੀਆਂ ਬਹੁਤ ਤੇਜ਼ੀ ਨਾਲ ਚਲ ਰਹੀਆਂ ਸਨ,

ਜਣ ਡਸੇ ਭੁਜੰਗਮ ਸਾਵਲੇ ਮਰ ਜਾਵਨ ਬੀਰ ਰੁਹਾਵਲੇ ॥੮॥

ਮਾਨੋ ਕਾਲੇ ਨਾਗ ਡੰਗਦੇ ਹੋਣ, (ਜਿੰਨ੍ਹਾਂ ਦੇ ਲਗਣ ਨਾਲ) ਰੋਹ ਵਾਲੇ ਵੀਰ ਮਰਦੇ ਜਾ ਰਹੇ ਸਨ ॥੮॥