(ਹੇ ਪ੍ਰਭੂ!) ਤੂੰ ਮੁੱਢ-ਕਦੀਮ ਤੋਂ ਨਿਰਨਾਥ (ਬਿਨਾ ਕਿਸੇ ਹੋਰ ਸੁਆਮੀ ਤੋਂ) ਹੈਂ,
ਤੂੰ ਆਪ ਭੇਦ-ਰਹਿਤ ਹੈਂ,
ਤੂੰ ਚਿਤਰ (ਸਰੂਪ) ਤੋਂ ਬਿਨਾ ਹੈਂ,
ਤੂੰ ਇਕੋ ਆਪਣੇ ਅਧੀਨ ਹੀ ਹੈਂ ॥੧੦੭॥
(ਹੇ ਪ੍ਰਭੂ!) ਤੂੰ ਸਭ ਨੂੰ ਨਿੱਤ ਰੋਜ਼ੀ ਦਿੰਦਾ ਹੈਂ,
ਤੂੰ ਸਭ ਨੂੰ ਕ੍ਰਿਪਾ ਪੂਰਵਕ ਖ਼ਲਾਸੀ ਦਿੰਦਾ ਹੈਂ,
ਤੂੰ ਪਵਿਤਰ ਅਤੇ ਦੋਸ਼-ਰਹਿਤ ਹੈਂ,
ਤੂੰ ਗੁਪਤ ਤੋਂ ਵੀ ਗੁਪਤ ਹੈਂ ॥੧੦੮॥
(ਹੇ ਪ੍ਰਭੂ!) ਤੂੰ ਪਾਪਾਂ ਨੂੰ ਖਿਮਾ ਕਰਨ ਵਾਲਾ ('ਅਫਵੁਲ') ਹੈਂ,
ਤੂੰ ਸ਼ਾਹਾਂ ਦਾ ਸ਼ਾਹ ਹੈਂ,
ਤੂੰ ਸਭ ਕਾਰਨਾਂ ਦਾ ਕਰਤਾ ਹੈਂ,
ਤੂੰ ਸਭ ਨੂੰ ਰੋਜ਼ੀ ਦੇਣ ਵਾਲਾ ਹੈਂ ॥੧੦੯॥
(ਹੇ ਪ੍ਰਭੂ!) ਤੂੰ ਸਭ ਨੂੰ ਰੋਜ਼ੀ ਦੇਣ ਵਾਲਾ ਅਤੇ ਦਿਆਲੂ ਹੈਂ,
ਤੂੰ ਮਿਹਰਾਂ ਕਰਨ ਵਾਲਾ ਬਖ਼ਸ਼ਣਹਾਰ ਹੈਂ,
ਤੂੰ ਸਾਰੀਆਂ ਸ਼ਕਤੀਆਂ ਵਾਲਾ ਹੈਂ
ਅਤੇ ਸਾਰਿਆਂ ਦਾ ਸੰਘਾਰਕ ਹੈਂ ॥੧੧੦॥
(ਹੇ ਪ੍ਰਭੂ!) ਸਭ ਥਾਂ ਤੇਰੀ ਮਾਨਤਾ ਹੈ,
ਤੂੰ ਸਭ ਨੂੰ ਦੇਣ ਵਾਲਾ ਹੈਂ,
ਤੂੰ ਸਭ ਥਾਂ ਗਮਨ ਕਰਦਾ ਹੈਂ
ਅਤੇ ਸਾਰਿਆਂ ਭੁਵਨਾਂ (ਲੋਕਾਂ) ਵਿਚ ਮੌਜੂਦ ਹੈਂ ॥੧੧੧॥