(ਹੇ ਪ੍ਰਭੂ!) ਤੂੰ ਸਾਰਿਆਂ ਦੇਸ਼ਾਂ ਵਿਚ ਹੈਂ,
ਤੂੰ ਸਾਰਿਆਂ ਭੇਸਾਂ ਵਿਚ ਹੈਂ,
ਤੂੰ ਸਭ ਥਾਂ ਰਾਜ ਕਰਦਾ ਹੈਂ (ਬਿਰਾਜਮਾਨ ਹੈਂ)
ਤੂੰ ਹੀ ਸਭ ਨੂੰ ਸਿਰਜਦਾ ਹੈਂ ॥੧੧੨॥
(ਹੇ ਪ੍ਰਭੂ!) ਤੂੰ ਸਭ ਨੂੰ ਦਿੰਦਾ ਹੈਂ,
ਸਭ ਤੋਂ ਲੈਂਦਾ ਹੈਂ,
ਸਭ ਥਾਂਵਾਂ 'ਤੇ ਤੇਰੀ ਪ੍ਰਭੁਤਾ (ਤੇਜ) ਹੈ,
ਸਭ ਥਾਂ ਤੇਰੀ ਹੀ ਸੋਭਾ (ਪ੍ਰਕਾਸ਼) ਹੈ ॥੧੧੩॥
(ਹੇ ਪ੍ਰਭੂ!) ਤੂੰ ਸਾਰਿਆਂ ਦੇਸਾਂ
ਅਤੇ ਭੇਸਾਂ ਵਿਚ ਹੈਂ,
ਤੂੰ ਸਭ ਦਾ ਕਾਲ
ਅਤੇ ਸਭ ਦਾ ਪਾਲਕ ਹੈਂ ॥੧੧੪॥
(ਹੇ ਪ੍ਰਭੂ!) ਤੂੰ ਸਭ ਦਾ ਸੰਘਾਰਕ ਹੈਂ,
ਸਭ ਤਕ ਤੇਰੀ ਪਹੁੰਚ ਹੈ,
ਤੂੰ ਸਾਰਿਆਂ ਭੇਖਾਂ ਵਿਚ ਹੈਂ
ਅਤੇ ਸਾਰਿਆਂ ਨੂੰ ਵੇਖਣ ਵਾਲਾ ਹੈਂ ॥੧੧੫॥
(ਹੇ ਪ੍ਰਭੂ!) ਤੂੰ ਸਭ ਦਾ ਕਾਰਜ (ਭਾਵ ਕਾਰਨ) ਸਰੂਪ ਹੈ,
ਤੂੰ ਸਭ ਥਾਂ ਸੋਭ ਰਿਹਾ ਹੈਂ,
ਤੂੰ ਸਭ ਨੂੰ ਸੁਕਾਉਂਦਾ (ਨਸ਼ਟ ਕਰਦਾ) ਹੈਂ,
ਤੂੰ ਸਭ ਦੀ ਪਾਲਨਾ ਕਰਦਾ ਹੈਂ ॥੧੧੬॥